• 10:56 am
Go Back

ਸਰਕਾਰ ਵੱਲੋਂ ਜਾਂਚ ਸੀ,ਬੀ,ਆਈ ਤੋਂ ਵਾਪਸ ਲੈਣ ਦਾ ਐਲਾਨ, ਪਰ ਸਮਾਂਬੱਧ ਕਰਨ ਤੋਂ ਕੀਤਾ ਇਨਕਾਰ

ਪੰਜਾਬ ਵਿਧਾਨ ਸਭਾ ਦਾ ਪਿਛਲੇ ਦਿਨੀਂ ਹੋਇਆ ਮੋਨਸੂਨ ਸੈਸ਼ਨ ਕਈ ਪੱਖਾਂ ਤੋਂ ਬਹੁਤ ਅਹਿਮੀਅਤ ਰੱਖਦਾ ਹੈ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਵਿਚ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਨਿਹੱਥੇ ਸਿੱਖਾਂ ਦੇ ਮਾਮਲੇ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਇਸ ਸਦਨ ਦਾ ਸਭ ਤੋਂ ਵੱਡਾ ਮੁੱਦਾ ਸੀ। ਇਸ ਬਾਰੇ ਕੋਈ ਦੋ ਰਾਇ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਨ ਦੀ ਪੂਰੀ ਤਰ੍ਹਾਂ ਤਿਆਰੀ ਕੀਤੀ ਹੋਈ ਸੀ। ਇਸ ਦੋ-ਰੋਜ਼ਾ ਸੈਸ਼ਨ ਦੇ ਆਖਰੀ ਦਿਨ ਜਦੋਂ ਸਦਨ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚਾਰ ਲਈ ਪੇਸ਼ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪਹਿਲਾਂ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਅਤੇ ਕਈ ਹੋਰਾਂ ਦੀ ਅਗਵਾਈ ਹੇਠ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ। ਇਸ ਰੋਸ ਵਿਚ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵੀ ਸ਼ਾਮਿਲ ਸਨ। ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਨੇ ਕੁਝ ਮਿੰਟਾਂ ਤੱਕ ਸਦਨ ਦੀ ਕਾਰਵਾਈ ਮੁਕੰਮਲ ਤੌਰ ਤੇ ਠੱਪ ਕਰਕੇ ਰੱਖ ਦਿੱਤੀ। ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਹਵਾ ਵਿਚ ਉਛਾਲੀਆ ਗਈਆਂ। ਸਦਨ ਵੱਲੋਂ ਮਾਨਯੋਗ ਸਪੀਕਰ ਨੇ ਵਾਰ-ਵਾਰ ਰੋਸ ਪ੍ਰਗਟਾਵਾ ਕਰ ਰਹੇ ਮੈਂਬਰਾਂ ਨੂੰ ਆਪਣੀਆਂ ਸੀਟਾਂ ਤੇ ਜਾ ਕੇ ਬੈਠਣ ਲਈ ਬੇਨਤੀ ਕੀਤੀ ਪਰ ਸਪੀਕਰ ਦੇ ਕਹਿਣ ਦਾ ਵਿਰੋਧੀ ਧਿਰ ਦੇ ਮੈਂਬਰਾਂ ਤੇ ਕੋਈ ਅਸਰ ਨਾ ਹੋਇਆ। ਕੁਝ ਮਿੰਟਾਂ ਦਾ ਰੋਸ ਵਿਖਾਵਾ ਕਰਨ ਤੋਂ ਬਾਅਦ ਅਕਾਲੀ ਅਤੇ ਭਾਜਪਾ ਮੈਂਬਰ ਸਦਨ ਤੋਂ ਬਾਹਰ ਚਲੇ ਗਏ। ਅਕਾਲੀ ਦਲ ਦੇ ਮੈਂਬਰਾਂ ਨੇ ਸਦਨ ਦੇ ਬਾਹਰ ਜਾ ਕੇ ਵੱਖਰੇ ਤੌਰ ਤੇ ਇੱਕ ਚੈਨਲ ਰਾਹੀਂ ਆਪਣਾ ਪ੍ਰੋਗਰਾਮ ਦੇਣਾ ਸ਼ੁਰੂ ਕਰ ਦਿੱਤਾ।

ਦੂਜੇ ਪਾਸੇ ਸਦਨ ਦੇ ਅੰਦਰ ਕਾਂਗਰਸ ਪਾਰਟੀ ਦੇ ਮੈਂਬਰਾਂ ਵੱਲੋਂ ਹਰਮਿੰਦਰ ਸਿੰਘ ਗਿੱਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਸ਼ੁਰੂ ਕੀਤੀ। ਸ੍ਰੀ ਗਿੱਲ ਨੇ ਜ਼ੋਰਦਾਰ ਢੰਗ ਨਾਲ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਅਤੇ ਉਸ ਸਮੇਂ ਦੇ ਡੀ.ਜੀ.ਪੀ ਸੁਮੇਧ ਸੈਣੀ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬੇਦੋਸ਼ੇ ਸਿੰਘਾਂ ਨੂੰ ਮਾਰੇ ਜਾਣ ਦੇ ਮੁੱਦੇ ’ਤੇ ਤਾਬੜ-ਤੋੜ ਹਮਲੇ ਕੀਤੇ। ਉਨ੍ਹਾਂ ਨੇ ਸਿੰਘ ਸਾਹਿਬਾਨ ਵੱਲੋਂ ਧਾਰਮਿਕ ਮਾਮਲਿਆਂ ਵਿਚ ਨਿਭਾਈ ਜਾ ਰਹੀ ਭੂਮਿਕਾ ਵਿਚ ਵੀ ਤਿੱਖੀ ਆਲੋਚਨਾ ਕੀਤੀ। ਸ੍ਰੀ ਗਿੱਲ ਨੇ ਜ਼ੋਰਦਾਰ ਮੰਗ ਕੀਤੀ ਕਿ ਇਨ੍ਹਾਂ ਮਾਮਲਿਆਂ ਵਿਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਕਾਂਗਰਸ ਪਾਰਟੀ ਦੇ ਕਈ ਹੋਰਾਂ ਵਿਧਾਇਕਾਂ ਅਤੇ ਕਈ ਕੈਬਨਿਟ ਮੰਤਰੀਆਂ ਵੱਲੋਂ ਵੀ ਅਕਾਲੀ ਲੀਡਰਸ਼ਿਪ ਤੇ ਜਬਰਦਸਤ ਹਮਲੇ ਕੀਤੇ ਗਏ। ਇਨ੍ਹਾਂ ਸਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸੀ.ਬੀ.ਆਈ. ਤੋਂ ਵਾਪਸ ਲਈ ਜਾਵੇ ਅਤੇ ਦੋਸ਼ੀਆਂ ਵਿਰੁੱਧ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਅਜਿਹੇ ਮੌਕੇ ਬਹੁਤ ਘੱਟ ਆਏ ਹੋਣਗੇ ਜਦੋਂ ਸ਼੍ਰੋਮਣੀ ਅਕਾਲੀ ਦਲ ਵਰਗੀ ਧਿਰ ਨੂੰ ਇੰਨੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੋਵੇ। ਕੇਵਲ ਕਾਂਗਰਸ ਹੀ ਨਹੀਂ ਸਗੋਂ ਆਪ ਪਾਰਟੀ ਦੇ ਵਿਧਾਇਕਾਂ ਨੇ ਵੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ। ਇਕ ਮੌਕੇ ਤਾਂ ਸਦਨ ਅੰਦਰ ਅਜਿਹਾ ਮਾਹੌਲ ਬਣ ਗਿਆ ਸੀ ਜਿਵੇਂ ਅਕਾਲੀ ਦਲ ਦੇ ਖਿਲਾਫ਼ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇੱਕਜੁਟ ਹਨ। ਇਨ੍ਹਾਂ ਦੋਹਾਂ ਧਿਰਾਂ ਨੇ ਇਹ ਵੀ ਮਾਮਲਾ ਉਠਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਰਲ ਕੇ ਲੜੀਆਂ ਜਾਣ ਅਤੇ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਵਿਚੋਂ ਵੀ ਬਾਹਰ ਦਾ ਰਸਤਾ ਦਿਖਾਇਆ ਜਾਵੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਅੰਦਰ ਇਸ ਮੁੱਦੇ ਤੇ ਚੱਲੀ ਤਕਰੀਬਨ 8 ਘੰਟੇ ਬਹਿਸ ਨੂੰ ਸਮੇਟਦਿਆਂ ਐਲਾਨ ਕੀਤਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਮਾਮਲਾ ਸੀ.ਬੀ.ਆਈ. ਤੋਂ ਵਾਪਸ ਲਿਆ ਜਾਵੇਗਾ। ਇਸ ’ਤੇ ਕਾਰਵਾਈ ਕਰਨ ਲਈ ਫੌਰੀ ਤੌਰ ’ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੀ.ਬੀ.ਆਈ. ਤੋਂ ਕੇਸ ਵਾਪਸ ਲੈਣ ਲਈ ਮਤਾ ਪੇਸ਼ ਕੀਤਾ ਜਿਸ ਨੂੰ ਸਦਨ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਸਾਰੀ ਕਾਰਵਾਈ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਹਾਕਮ ਧਿਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਿੱਟ ਕਾਇਮ ਕਰਨ ਦਾ ਐਲਾਨ ਤਾਂ ਕੀਤਾ ਪਰ ਇਸ ਨੂੰ ਸਮਾਂਬੱਧ ਨਾ ਕੀਤਾ ਗਿਆ। ਅਕਾਲੀ ਦਲ ਵੱਲੋਂ ਬਾਈਕਾਟ ਕੀਤੇ ਜਾਣ ਦਾ ਨਤੀਜਾ ਇਹ ਨਿਕਲਿਆ ਕਿ ਸਦਨ ਦੀ ਸਮੁੱਚੀ ਕਾਰਵਾਈ ਵਿਚ ਅਕਾਲੀ ਦਲ ਗੈਰ ਹਾਜ਼ਰ ਰਹਿ ਕੇ ਪੂਰੀ ਤਰ੍ਹਾਂ ਅਲੱਗ-ਥਲੱਗ ਪੈ ਗਿਆ।

ਜਗਤਾਰ ਸਿੰਘ ਸਿੱਧੂ

ਸੀਨੀਅਰ ਪੱਤਰਕਾਰ

Facebook Comments
Facebook Comment