• 5:47 pm
Go Back

ਸ੍ਰੀ ਮੁਕਤਸਰ ਸਾਹਿਬ : ਲ਼ੋਕ ਸਭਾ ਚੋਣਾਂ ‘ਚ ਬੇਅਦਬੀ ਦਾ ਮੁੱਦਾ ਕਾਫੀ ਗਰਮਾ ਰਿਹਾ ਹੈ। ਜਿੱਥੇ ਚੋਣਾਂ ਦੇ ਮੱਦੇਨਜ਼ਰ ਪੁਲਿਸ ਤੇ ਆਰਮਡ ਫੋਰਸਾਂ ਵਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਮੁਤਵਾਜ਼ੀ ਜਥੇਦਾਰਾਂ ਨੇ ਬੇਅਦਬੀ ਦੇ ਮਾਮਲੇ ‘ਚ ਅਕਾਲੀ ਦਲ ਖਿਲਾਫ ਰੋਸ ਮਾਰਚ ਆਰੰਭ ਦਿੱਤਾ ਹੈ। ਇਹ ਰੋਸ ਮਾਰਚ ਮੁਕਤਸਰ ਦੇ ਇਲਾਕਿਆਂ ਦੇ ਨਾਲ ਨਾਲ ਫਾਜ਼ਿਲਕਾ ‘ਚ ਵੀ ਕੱਢਿਆ ਗਿਆ। ਲੋਕ ਸਭਾ ਚੋਣਾਂ ਦੀ ਵੋਟਿੰਗ ਪ੍ਰਕਿਰਿਆ ‘ਚ ਕੁਝ ਕੁ ਘੰਟੇ ਬਾਕੀ ਰਹਿ ਚੁੱਕੇ ਹਨ। ਇੱਕ ਪਾਸੇ ਜਿੱਥੇ ਅਕਾਲੀ ਦਲ ਫਿਰੋਜ਼ਪੁਰ ਸੀਟ ਸਣੇ 13 ਦੀਆਂ 13 ਸੀਟਾਂ ‘ਤੇ ਜਿੱਤ ਦਾ ਦਾਅਵਾ ਕਰ ਰਿਹਾ ਹੈ, ਉੱਥੇ ਹੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੀ ਸੂਬੇ ਦੀ ਸਾਬਕਾ ਅਕਾਲੀ ਦਲ ਸਰਕਾਰ ‘ਤੇ ਸ਼ਬਦੀ ਹਮਲੇ ਕਰਨੋ ਬਾਜ਼ ਨਹੀਂ ਆ ਰਹੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮੰਡ ਨੇ ਰੋਸ ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ‘ਤੇ ਖੂਬ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰਕਾਸ ਸਿੰਘ ਬਾਦਲ ਦੇ ਰਾਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅੱਜ ਉਹੀ ਬਾਦਲ ਵੋਟਾਂ ‘ਚ ਖੜ੍ਹੇ ਹਨ। ਮੰਡ ਨੇ ਬੋਲਦਿਆਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਵੱਲੋਂ ਨਹੀਂ ਆਏ ਬਲਕਿ ਇਹ ਤਾਂ ਗੁਰੂ ਪੰਥ ਅਤੇ ਗੁਰੂ ਦਾ ਖਾਲਸਾ ਆਇਆ ਹੈ। ਉਨ੍ਹਾਂ ਬੋਲਦਿਆਂ ਬਿਨਾਂ ਕਿਸੇ ਦਾ ਨਾਂ ਲਿਆਂ ਕਿਹਾ ਕਿ ਜਿਹੜੇ ਲੋਕਾਂ ਨੇ ਗੁਰੂ ਸਾਹਿਬ ਦੇ ਅੰਗ ਖਿਲਾਰੇ ਹਨ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਹੀ ਖਿਲਾਰ ਦਿਓ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਬਾਦਲ ਨੇ ਆਪਣਾ ਬਿਆਨ ਦਿੰਦਿਆਂ ਕਿਹਾ ਸੀ, ਕਿ ਜਿਹੜੇ ਲੋਕਾਂ ਨੇ ਬੇਅਦਬੀ ਕਰਵਾਈ ਅਤੇ ਜਿਨ੍ਹਾਂ ਨੇ ਕੀਤੀ ਉਨ੍ਹਾਂ ਦਾ ਕੱਖ ਨਾ ਰਹੇ, ਭਾਈ ਧਿਆਨ ਸਿੰਘ ਮੰਡ ਨੇ ਉਨ੍ਹਾਂ ਦਾ ਇਹੀ ਬਿਆਨ ਯਾਦ ਕਰਵਾਉਂਦਿਆਂ ਕਿਹਾ ਕਿ “ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਦੇ ਨਾਲ ਨਾਲ ਜਿਨ੍ਹਾਂ ਦੇ ਰਾਜ ਵਿੱਚ ਇਹ ਬੇਅਦਬੀ ਹੋਈ ਉਨ੍ਹਾਂ ਨੂੰ ਵੀ ਗੁਰੂ ਸਾਹਿਬ ਖਿਲਾਰ ਕੇ ਰੱਖ ਦੇਣ।”

ਬੇਅਦਬੀ ਅਤੇ ਗੋਲੀ ਕਾਂਡ ਦਾ ਮੁੱਦਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਕਿਉਂਕਿ ਅਕਤੂਬਰ 2015 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ਾਂਤਮਈ ਢੰਗ ਨਾਲ ਬੈਠੀ ਸਿੱਖ ਸੰਗਤ ‘ਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਅਤੇ ਇਸ ਗੋਲੀਬਾਰੀ ਦੌਰਾਨ 2 ਸਿੱਖਾਂ ਦੀ ਜਾਨ ਵੀ ਚਲੀ ਗਈ ਸੀ। ਜਿਸ ਕਰਕੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਇਸ ਮੁੱਦੇ ਦਾ ਅਕਾਲੀ ਦਲ ਦੇ ਵੋਟ ਬੈਂਕ ‘ਤੇ ਵੀ ਵੱਡਾ ਅਸਰ ਪੈ ਸਕਦਾ ਹੈ।

Facebook Comments
Facebook Comment