• 7:09 am
Go Back

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਲੁਧਿਆਣਾ ਤੋਂ ਐੱਮ ਐੱਲ ਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਵੇਰਕਾ ਦੇ ਭ੍ਰਿਸ਼ਟ ਅਫ਼ਸਰਾਂ ਦਾ ਉਹ ਪਰਦਾਫਾਸ਼ ਕਰਦੇ ਰਹਿਣਗੇ ਉਨ੍ਹਾਂ ਨੂੰ ਜੇਲ੍ਹ ਜਾਣ ਜਾਂ ਪਰਚੇ ਦਰਜ ਹੋਣ ਦੀ ਕੋਈ ਪਰਵਾਹ ਨਹੀਂ।
ਪੰਜਾਬ ਵਿਧਾਨ ਸਭਾ ਦੀ ਐੱਮ ਐੱਲ ਏ ਗੈਲਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਪਲੀਤ ਹੋ ਗਿਆ , ਹੁਣ ਦੁੱਧ ਨੂੰ ਵੀ ਵੇਰਕਾ ਦੇ ਭ੍ਰਿਸ਼ਟ ਅਧਿਕਾਰੀ ਪਲੀਤ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਉਹ ਵੀਡੀਓ ਵੀ ਦਿਖਾਈ ਜਿਸ ਵਿੱਚ 4 ਦਿਨ ਤੋਂ ਦੁੱਧ ਦੇ ਭਰੇ ਟਰੱਕਾਂ ਵਿੱਚ ਕਾਸਟਿਕ ਸੋਡਾ ਪਾ ਕੇ ਦੁੱਧ ਨੂੰ ਫਿਰ ਲੋਕਾਂ ਨੂੰ ਵੇਚਣ ਲਈ ਤਿਆਰ ਕੀਤਾ ਜਾ ਰਿਹਾ ਸੀ। ਬੈਂਸ ਨੇ ਦੱਸਿਆ ਕਿ ਤਿੰਨ ਟਰੱਕ ਦਿੱਲੀ ਵੇਚਣ ਵਾਸਤੇ ਭੇਜੇ ਗਏ ਸਨ ਪਰ ਉੱਥੋਂ ਦੁੱਧ ਰਿਜੈਕਟ ਹੋ ਗਿਆ । ਫਿਰ ਚਾਰ ਦਿਨਾਂ ਬਾਅਦ ਉਸੇ ਦੁੱਧ ਵਿਚ ਕਾਸਟਿਕ ਸੋਡਾ ਪਾ ਕੇ ਮੁੜ ਤੋਂ ਦੁੱਧ ਵੇਚਣ ਲਈ ਤਿਆਰ ਕਰ ਲਿਆ । ਉਨ੍ਹਾਂ ਕਿਹਾ ਕਿ ਵੇਰਕਾ ਪਲਾਂਟ ਵਾਲੇ ਪੰਜਾਬ ਦੇ ਦੁੱਧ ਖਰੀਦਣ ਵਾਲਿਆਂ ਨਾਲ ਸਾਲ ਵਿੱਚ 200 ਕਰੋੜ ਦੀ ਠੱਗੀ ਲਗਾਉਂਦੇ ਹਨ। ਕਿਉਂਕਿ ਦੁੱਧ ਵਿੱਚ ਠੋਸ ਪਦਾਰਥ ਅਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ । ਇੰਨਾ ਹੀ ਨਹੀਂ ਪਹਿਲਾਂ ਤਾਂ ਵੇਰਕਾ ਵਾਲੇ ਕਿਸਾਨਾਂ ਤੋਂ ਦੁੱਧ ਖਰੀਦਣ ਵੇਲੇ ਠੱਗੀ ਲਗਾਉਂਦੇ ਹਨ ਕਿਉਂਕਿ ਫੈਟ ਘੱਟ ਲਿਖਦੇ ਹਨ।ਉਨ੍ਹਾਂ ਕਿਹਾ ਕਿ ਇਹ ਠੱਗੀ ਵੱਡੇ ਅਫਸਰ ਕਰਵਾਉਂਦੇ ਹਨ ਅਤੇ ਠੱਗੀ ਮਾਰਨ ਵਿੱਚ ਮੁੱਖ ਤੌਰ ‘ਤੇ ਮਿਲਕਫੈੱਡ ਦੇ ਐੱਮ ਡੀ ਮਨਜੀਤ ਸਿੰਘ ਬਰਾੜ ਦਾ ਹੱਥ ਹੈ। ਬੈਂਸ ਨੇ ਇਹ ਦੇਖ ਕੇ ਵੇਰਕਾ ਪਲਾਂਟਾਂ ਵਿੱਚ ਹੋਰਨਾਂ ਸੂਬਿਆਂ ਤੋਂ ਅਧਿਕਾਰੀ ਅਤੇ ਕਰਮਚਾਰੀ ਭਰਤੀ ਕੀਤੇ ਜਾਂਦੇ ਹਨ , ਜੋ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੇ । ਉਨ੍ਹਾਂ ਇਹ ਦੋਸ਼ ਵੀ ਲਾਏ ਕਿ ਇਮਾਨਦਾਰ ਅਧਿਕਾਰੀਆਂ ਨੂੰ ਖੁੱਡੇ ਲੈਣ ਲਗਾ ਕੇ ਜੂਨੀਅਰ ਅਧਿਕਾਰੀਆਂ ਨੂੰ ਵੱਡੀਆਂ ਅਸਾਮੀਆਂ ‘ਤੇ ਤੈਨਾਤ ਕੀਤਾ ਜਾਂਦਾ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ, ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ , ਸੀਪੀਆਈ ਦੇ ਆਗੂ ਕਾਮਰੇਡ ਜੋਗਿੰਦਰ ਦਿਆਲ, ਸੀਪੀਐਮ ਦੇ ਆਗੂ ਰਘੂਨਾਥ ਸਿੰਘ ਅਤੇ ਯੂਨਾਈਟਿਡ ਸਿੱਖ ਅਕਾਲੀ ਦਲ ਦੇ ਆਗੂ ਗੁਰਨਾਮ ਸਿੰਘ ਸਿੱਧੂ ਹਾਜ਼ਰ ਸਨ। ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਪਰਚਾ ਰੱਦ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ । ਇਸ ਮੌਕੇ ਇਨ੍ਹਾਂ ਆਗੂਆਂ ਨੇ ਦੋਸ਼ ਲਗਾਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਹੀਂ ਨਿਭਾ ਰਹੇ ਜਿਸ ਕਾਰਨ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।

Facebook Comments
Facebook Comment