• 6:56 pm
Go Back

ਕੁਲਵੰਤ ਸਿੰਘ 

ਚੰਡੀਗੜ੍ਹ : ਕਈ ਸਾਲ ਪਹਿਲਾਂ ਇੱਕ ਗੀਤ ਆਇਆ ਸੀ ਕਿ “ਦੇਖ ਤੇਰੇ ਸੰਸਾਰ ਕੀ ਹਾਲਤ ਕਿਆ ਹੋ ਗਈ ਭਗਵਾਨ, ਕਿਤਨਾ ਬਦਲ ਗਿਆ ਇਨਸਾਨ”….“ਰਾਮ ਕੇ ਭਗਤ ਰਹੀਮ ਕੇ ਬੰਦੇ, ਦੇਖ ਲੀਏ ਇਨਕੇ ਭੀ ਧੰਧੇ, ਇਨਹੀ ਕੀ ਕਾਲੀ ਕਰਤੂਤੋਂ ਸੇ, ਹੂਆ ਯੇ ਮੁਲਕ ਮਸਾਨ, ਕਿਤਨਾ ਬਦਲ ਗਿਆ ਇਨਸਾਨ”। ਇਹ ਗੀਤ ਬੇਸ਼ੱਕ ਕਈ ਦਹਾਕੇ ਪਹਿਲਾਂ ਲਿਖਿਆ ਗਿਆ ਸੀ ਪਰ ਸੱਚ ਜਾਣਿਉਂ ਇਹ ਅੱਜ ਦੇ ਹਾਲਾਤ ਤੇ ਵੀ ਓਨਾ ਹੀ ਢੁਕਦਾ ਹੈ ਜਿੰਨਾ ਉਸ ਵੇਲੇ ਢੁਕਦਾ ਸੀ ਜਦੋਂ ਇਸ ਗੀਤ ਨੂੰ ਲਿਖਿਆ ਗਿਆ ਸੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਭਗਤ ਹਨੂਮਾਨ ਨੂੰ ਲੈ ਕੇ, ਜਿਨ੍ਹਾਂ ਨੂੰ ਅੱਜਕੱਲ ਦੇ ਸਿਆਸਤਦਾਨਾਂ ਨੇ ਮਜ਼ਾਕ ਦਾ ਪਾਤਰ ਬਣਾ ਰੱਖਿਆ ਹੈ। ਕੋਈ ਹਨੂਮਾਨ ਨੂੰ ਠਾਕੁਰ ਦੱਸ ਰਿਹਾ ਹੈ, ਕੋਈ ਦਲਿਤ, ਕੋਈ ਮੁਸਲਮਾਨ, ਕੋਈ ਜਾਟ ਤੇ ਕੋਈ ਖਿਡਾਰੀ। ਇਹ ਸਭ ਕੁਝ ਭੁੱਲ ਕੇ ਕਿ ਹਨੂਮਾਨ ਵੋਟਾਂ ਹਾਸਲ ਕਰਨ ਦਾ ਕੋਈ ਜ਼ਰੀਆ ਨਹੀਂ ਹੈ, ਕਿਸੇ ਦੀ ਆਸਥਾ ਹੈ ਤੇ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਵੀ ਕਿਸੇ ਦੀ ਆਸਥਾ ਨਾਲ ਛੇੜਛਾੜ ਕੀਤੀ ਗਈ ਹੈ ਉਸਦਾ ਹਸ਼ਰ ਮਾੜਾ ਨਹੀਂ, ਬਹੁਤ ਮਾੜਾ ਹੋਇਆ ਹੈ। ਇਸ ਨਾਲ ਸਬੰਧਤ ਇੱਕ ਤਾਜ਼ਾ ਮਾਮਲਾ ਪੰਜਾਬ ਦੇ ਸਿਆਸਤਦਾਨ ਰਾਜਾ ਵੜਿੰਗ ਨਾਲ ਵੀ ਜੁੜ ਗਿਆ ਹੈ ਜਿਸ ਨੇ ਇੱਕ ਟਵੀਟ ਕਰਕੇ ਹਨੂਮਾਨ ਚਾਲੀਸਾ ਦਾ ਰੂਪ ਹੀ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ।

ਇਹ ਵਿਵਾਦ ਉਸ ਵੇਲੇ ਪੈਦਾ ਹੋਇਆ ਜਦੋਂ ਕਾਂਗਰਸੀ ਆਗੂ ਰਾਜਾ ਵੜਿੰਗ ਨੇ ਆਪਣੇ ਟਵਿਟਰ ਅਕਾਊਂਟ ਦੇ ਹਨੂਮਾਨ ਚਾਲੀਸਾ ਦੀਆਂ ਤੋੜ ਮਰੋੜ ਕੇ ਲਿਖੀਆਂ ਗਈਆਂ ਕੁਝ ਸਤਰਾਂ ਨੂੰ ਪੋਸਟ ਕਰ ਦਿੱਤਾ। ਵੜਿੰਗ ਵਲੋਂ ਜਿਉਂ ਹੀ ਇਹ ਪੋਸਟ ਪਾਈ ਗਈ ਇਸਨੂੰ ਪੜ੍ਹਦੇ ਸਾਰ ਹਿੰਦੂ ਜੱਥੇਬੰਦੀਆਂ ਵਲੋਂ ਇਸਦਾ ਜਬਰਦਸਤ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤਹਿਤ ਪਰਚਾ ਦਰਜ ਕਰਨ ਦੀ ਮੰਗ ਉੱਠ ਖੜ੍ਹੀ ਹੋਈ।

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਵੇਂ ਕਿ ਇਹ ਗੱਲ ਕਹਿ ਕੇ ਹਿੰਦੂ ਜੱਥੇਬੰਦੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਤਾਂ ਇੱਕ ਹਨੂਮਾਨ ਚਾਲੀਸਾ ਨੂੰ ਲੈ ਕੇ ਮਾਮਲਾ ਉੱਠਿਆ ਹੈ ਜਦਕਿ ਜਨਤਕ ਜੀਵਨ ਵਿੱਚ ਸਿਆਸਤਦਾਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਇਸਦੇ ਨਾਲ ਹੀ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਇਹ ਟਵੀਟ ਦੇਖਿਆ ਨਹੀਂ ਹੈ ਤੇ ਉਹ ਨਾਲ ਇਹ ਵੀ ਕਹਿਣਾ ਚਾਹੁੰਦੇ ਹਨ ਕਿ ਇਸ ਵੇਲੇ ਝੂਠੀਆਂ ਖਬਰਾਂ ਦੀ ਬਹੁਤ ਫੈਲਾਈਆ ਜਾ ਰਹੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਲਈ ਇਹ ਵੀ ਦੇਖਣਾ ਹੋਵੇਗਾ ਕਿ ਇਹ ਕਿਸੇ ਨੇ ਕੋਈ ਝੂਠੀ ਅਫਵਾਹ ਤਾਂ ਨਹੀਂ ਫੈਲਾਈ। ਇਸ ਸਬੰਧ ਵਿੱਚ ਰਾਜਾ ਵੜਿੰਗ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ।

ਦੱਸ ਦਈਏ ਕਿ 29 ਨਵੰਬਰ ਨੂੰ ਜਦੋਂ ਯੂ.ਪੀ ਦੇ ਮੁੱਖ ਮ਼ੰਤਰੀ ਯੋਗੀ ਅਦਿੱਤਆਨਾਥ ਨੇ ਇਹ ਬਿਆਨ ਦਿੱਤਾ ਸੀ ਕਿ ਭਗਵਾਨ ਹਨੂੰਮਾਨ ਇੱਕ ਐਸੇ ਲੋਕ ਦੇਵਤਾ ਹਨ ਜੋ ਖ਼ੁਦ ਬਨਵਾਸੀ ਹਨ, ਗਿਰਵਾਸੀ ਹਨ, ਦਲਿਤ ਹਨ ਤੇ ਵਿਸਾਰੇ ਗਏ ਹਨ। ਜਿਉਂ ਹੀ ਉਨ੍ਹਾਂ ਦਾ ਬਿਆਨ ਆਇਆ ਆਗਰਾ ਦੇ ਇੱਕ ਪੁਰਾਤਨ ਹਨੂੰਮਾਨ ਮੰਦਰ ‘ਤੇ ਦਲਿਤਾਂ ਨੇ ਇਹ ਕਹਿੰਦਿਆਂ ਕਬਜਾ ਕਰ ਲਿਆ ਕਿ ਹਨੂੰਮਾਨ ਜੀ ਤਾਂ ਦਲਿਤ ਸਨ ਇਸ ਲਈ ਉਨ੍ਹਾਂ ਦੇ ਮੰਦਰਾਂ ਦੀ ਜਿੰਮੇਵਾਰੀ ਸਾਡੀ ਹੈ। ਇਸ ਤੋ 2 ਦਿਨ ਬਾਅਦ ਇੱਕ ਦਸੰਬਰ ਨੂੰ ਭਾਰਤੀ ਜਨਤਾ ਪਾਰਟੀ ਦੇ ਰਾਜਸਭਾ ਮੈਂਬਰ ਗੋਪਾਲ ਨਾਰਾਇਣ ਸਿੰਘ ਨੇ ਇਹ ਕਹਿ ਦਿੱਤਾ ਕਿ ਹਨੂੰਮਾਨ ਤਾਂ ਬਾਂਦਰ ਸਨ ਤੇ ਬਾਂਦਰ ਜਾਨਵਰ ਹੁੰਦਾ ਹੈ ਜਿਸ ਦਾ ਦਰਜ਼ਾ ਦਲਿਤ ਨਾਲੋਂ ਘੱਟ ਹੁੰਦਾ ਹੈ, ਉਹ ਤਾਂ ਭਗਵਾਨ ਰਾਮ ਨੇ ਉਹਨਾਂ ਨੂੰ ਭਗਵਾਨ ਬਣਾ ਦਿੱਤਾ।

ਇਹ ਵਿਵਾਦ ਇੱਥੇ ਹੀ ਨਹੀਂ ਰੁਕਿਆ 5 ਦਸੰਬਰ ਨੂੰ ਭਾਜਪਾ ਐਂਮ.ਪੀ ਸਾਵਿਤਰੀ ਬਾਈ ਫੂਲੇ ਨੇ ਕਿਹਾ ਕਿ ਹਨੂੰਮਾਨ ਜੀ ਤਾਂ ਦਲਿਤ ਸਨ ਅਤੇ ਮਨੂਵਾਦੀਆਂ ਦੇ ਗੁਲਾਮ ਸਨ। ਉਸ ਨੇ ਇੱਥੋਂ ਤੱਕ ਸਵਾਲ ਕਰ ਦਿੱਤਾ ਕਿ ਜੇਕਰ ਲੋਕ ਕਹਿੰਦੇ ਹਨ ਭਗਵਾਨ ਰਾਮ ਦਾ ਬੇੜਾ ਹਨੂੰਮਾਨ ਨੇ ਪਾਰ ਕਰਵਾਇਆ ਸੀ ਤੇ ਜੇਕਰ ਉਨ੍ਹਾਂ ਵਿੱਚ ਏਨੀ ਹੀ ਸ਼ਕਤੀ ਸੀ ਤਾਂ ਉਨ੍ਹਾਂ ਨੇ ਆਪਣੇ ਉਨ੍ਹਾਂ ਸਾਥੀਆਂ ਨੂੰ ਬਾਂਦਰ ਕਿਉਂ ਬਣਾ ਦਿੱਤਾ ਜਿਨ੍ਹਾਂ ਨੇ ਰਾਮ ਦਾ ਬੇੜਾ ਪਾਰ ਕਰਵਾਇਆ ਸੀ? 20 ਦਸੰਬਰ ਆਈ, ਤਾਂ ਯੂ.ਪੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਬੁੱਕਲ ਨਵਾਬ ਨੇ ਹਨੂੰਮਾਨ ਨੂੰ ਮੁਸਲਮਾਨ ਦੱਸ ਦਿੱਤਾ । ਉਸੇ ਦਿਨ ਯੂ.ਪੀ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਲਕਸ਼ਮੀ ਨਰਾਇਣ ਚੌਧਰੀ ਨੇ ਇਹ ਦਾਅਵਾ ਕਰ ਦਿੱਤਾ ਕਿ ਹਨੂੰਮਾਨ ਜਾਟ ਸਨ।

21 ਦਸੰਬਰ ਨੂੰ ਭਾਜਪਾ ਐਂਮ.ਪੀ ਕੀਰਤੀ ਆਜ਼ਾਦ ਨੇ ਇਸ ਵਿਵਾਦ ਨੂੰ ਹੋਰ ਹਵਾ ਦਿੱਤੀ ਤੇ ਇਹ ਕਹਿ ਦਿੱਤਾ ਹਨੂੰਮਾਨ ਜੀ ਚੀਨੀ ਸਨ। ਇਸੇ ਦਿਨ ਭਾਜਪਾ ਐਂਮ.ਪੀ ਉਦਿਤ ਰਾਜ ਨੇ ਹਨੂੰਮਾਨ ਜੀ ਨੂੰ ਆਦੀਵਾਸੀ ਦੱਸਦਿਆਂ ਕਿਹਾ ਕਿ ਵਿਗਿਆਨ ਦੀ ਜਾਣਕਾਰੀ ਅਨੁਸਾਰ ਹਨੂੰਮਾਨ ਦਾ ਕੋਈ ਵਜੂਦ ਹੀ ਨਹੀਂ ਸੀ। ਜਿਸਦੇ ਜਵਾਬ ਵਿੱਚ ਕਾਂਗਰਸੀ ਵਿਧਾਨ ਪ੍ਰੀਸ਼ਦ ਮੈਂਬਰ ਦੀਪਕ ਸਿੰਘ ਨੇ ਕਿਹਾ ਕਿ  ਭਾਜਪਾ ਪਹਿਲਾਂ ਇਹ ਤੈਅ ਕਰੇ ਕਿ ਹਨੂੰਮਾਨ ਜੀ ਦੀ ਜਾਤ ਕੀ ਹੈ?

ਉਕਤ ਸਾਰੀਆਂ ਹਰਕਤਾਂ ਇਹ ਦ੍ਰਿਸ਼ਾਉਂਦੀਆਂ ਹਨ ਕਿ ਦੇਸ਼ ਦੇ ਆਗੂ ਇਹੋ ਜਿਹੇ ਊਟ-ਪਟਾਂਗ ਬਿਆਨ ਦੇ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੇ ਹਨ। ਇਨ੍ਹਾਂ ਲੋਕਾਂ ਨੇ ਅਜਿਹੀ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਾਰਨ ਲੋਕਾਂ ਨੂੰ ਮੂਰਖ ਨਾ ਬਣਾਇਆ ਜਾ ਸਕਦਾ ਹੋਵੇ। ਸਾਰੇ ਤੱਥ ਤੁਹਾਡੇ ਸਾਹਮਣੇ ਹਨ ਤੇ ਸਿਆਸਤਦਾਨਾਂ ਵੱਲੋਂ ਅਜਿਹਾ ਕਰਨ ਦੀ ਵਜ੍ਹਾ ਵੀ ਤਹਾਨੂੰ ਦੱਸ ਦਿੱਤੀ ਗਈ ਹੈ। ਹੁਣ ਇਸ ਦੇ ਬਾਵਜੂਦ ਵੀ ਜੇਕਰ ਤੁਸੀਂ ਭਗਤ ਹਨੂੰਮਾਨ ਦੇ ਜਾਤ, ਧਰਮ ਜਾਂ ਖੇਤਰ ਨੂੰ ਲੈ ਕੇ ਉਹ ਕੁਝ ਕਰ ਬੈਠਦੇ ਹੋ ਜੋ ਸੋਚ ਕੇ ਸਿਆਸਤਦਾਨਾਂ ਨੇ ਇਹ ਸ਼ੋਸ਼ੇ ਛੱਡੇ ਹਨ ਤਾਂ ਫਿਰ ਤੁਹਾਡਾ ਕੁਝ ਨਹੀਂ ਬਣ ਸਕਦਾ ਕਿਉਂਕਿ ਤੁਹਾਡੇ ਨਾਲ ਇੰਦਾਂ ਹੀ ਹੋਣਾ ਚਾਹੀਦਾ ਹੈ।

Facebook Comments
Facebook Comment