• 5:39 am
Go Back

ਕਿਹਾ – 90 ਫੀਸਦੀ ਸ਼ਰਤ ਮੰਨਣ ਵਾਲੇ ਅਧਿਆਪਕਾਂ ਦਾ ਡੈਟਾ ਦਿਉ, ਨਹੀਂ ਲਾਵਾਂਗੇ ਮੰਤਰੀ ਦੇ ਘਰ ਮੂਹਰੇ ਡੇਰੇ

ਮੁਹਾਲੀ : ਪਿਛਲੇ ਕਈ ਦਿਨਾਂ ਤੋਂ ਐਸਐਸਏ-ਰਮਸਾ ਅਧਿਆਪਕਾਂ ਵਲੋਂ ਉਨ੍ਹਾਂ ਦੀ ਤਣਖਾਹ 42800 ਤੋਂ ਘਟਾ ਕੇ 15000 ਕਰਨ ਦੇ ਮੁੱਦੇ ’ਤੇ ਲਗਾਤਾਰ ਧਰਨੇ ਦੇ ਰਹੇ ਹਨ। ਅਜਿਹੇ ਵਿੱਚ ਬੀਤੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਸਮੇਤ ਹੋਰਾਂ ਮੰਤਰੀਆਂ ਨੇ ਦਾਅਵਾ ਕੀਤਾ ਹੈ ਕਿ ਐਸਐਸਏ-ਰਮਸਾ ਅਧਿਆਪਕਾਂ ਵਿੱਚ 90 ਫ਼ੀਸਦੀ ਤੋਂ ਵੱਧ ਘੱਟ ਤਨਖ਼ਾਹ ਵਾਲੀ ਸ਼ਰਤ ਨੂੰ ਮੰਨ ਗਏ ਹਨ ਅਤੇ ਸਿਰਫ਼ ਅਧਿਆਪਕ ਯੂਨੀਅਨ ਲੀਡਰਾਂ ਵੱਲੋਂ ਸਿਆਸਤ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ।

ਅਜਿਹੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸ਼ਰਤ ਮੰਨਣ ਵਾਲੇ ਅਧਿਆਪਕਾਂ ਦਾ ਡੈਟਾ ਲੈਣ ਲਈ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਪਹੁੰਚੇ। ਉਨ੍ਹਾਂ ਕਿਹਾ ਕਿ ਮੰਤਰੀਆਂ ਦੇ ਦਾਅਵੇ ਅਨੁਸਾਰ ਜੇਕਰ 90 ਫੀਸਦੀ ਤੋਂ ਵੱਧ ਅਧਿਆਪਕ ਘੱਟ ਤਣਖਾਹ ਵਾਲੀ ਸ਼ਰਤ ’ਤੇ ਰਾਜ਼ੀ ਹਨ ਤਾਂ ਫਿਰ ਵੀ ਜ਼ਿਆਦਾ ਗਿਣਤੀ ਵਿੱਚ ਅਧਿਆਪਕ ਸੜਕਾਂ ’ਤੇ ਅਜੇ ਵੀ ਕਿਉਂ ਧਰਨੇ ਲਾ ਰਹੇ ਹਨ। ਸਿੱਖਿਆ ਵਿਭਾਗ ਦੇ ਦਫ਼ਤਰ ਵਿੱਚ ਉਨ੍ਹਾਂ ਨੇ ਮਸ਼ਹੂਰ ਆਈਏਐਸ ਅਧਿਕਾਰੀ ਤੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਘੱਟ ਤਣਖਾਹ ਦੀ ਸ਼ਰਤ ਮੰਨ ਕੇ ਨੌਕਰੀ ਕਰਨ ਵਾਲੇ ਅਧਿਆਪਕਾਂ ਦੀ ਡੈਟਾ ਸੂਚੀ ਲਿਖਤੀ ਤੌਰ ’ਤੇ ਮੰਗੀ। ਇਸ ਦੌਰਾਨ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਬੈਂਸ ਵਿਚਾਲੇ ਕਾਫ਼ੀ ਬਹਿਸ ਵੀ ਹੋਈ, ਪਰ ਬੈਂਸ ਨੂੰ ਅਧਿਆਪਕਾਂ ਦਾ ਡੈਟਾ ਨਹੀਂ ਮਿਲਿਆ।

ਮੁੱਖ ਸਕੱਤਰ ਨੇ ਵਿਧਾਇਕ ਨੂੰ ਲਿਖਤੀ ਰੂਪ ਵਿੱਚ ਬਿਨੈ ਕਰਨ ਲਈ ਕਿਹਾ ਤੇ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਹੀ 90 ਫ਼ੀਸਦੀ ਰਜ਼ਾਮੰਦ ਅਧਿਆਪਕਾਂ ਬਾਰੇ ਅੰਕੜੇ ਜਾਰੀ ਕਰਨ ਦੀ ਗੱਲ ਕਹੀ। ਬੈਂਸ ਨੇ ਕਿਹਾ ਕਿ ਜੇਕਰ ਅੰਕੜੇ ਨਾ ਦਿੱਤੇ ਤਾਂ ਉਹ ਮੰਤਰੀ ਦੇ ਘਰ ਮੂਹਰੇ ਵੀ ਡੇਰੇ ਲਾ ਲੈਣਗੇ।

ਇਸ ਤੋਂ ਇਲਾਵਾ ਬੈਂਸ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਜੇਕਰ ਤੁਹਾਡੀ ਤਨਖ਼ਾਹ 42,000 ਹੋਵੇ ਤੇ ਸਰਕਾਰ ਉਸ ਨੂੰ 15,000 ਕਰ ਦੇਵੇ ਤਾਂ ਕੀ ਤੁਹਾਨੂੰ ਮਨਜ਼ੂਰ ਹੋਵੇਗਾ? ਵਿਧਾਇਕ ਨੇ ਕਿਹਾ ਕਿ ਧਰਨਾ ਦੇ ਰਹੇ ਅਧਿਆਪਕ ਇਸ ਸਮੇਂ ਬੇਹੱਦ ਨਾਜ਼ੁਕ ਹਾਲਾਤ ਵਿੱਚੋਂ ਗੁਜ਼ਰ ਰਹੇ ਹਨ ਤੇ ਉਨ੍ਹਾਂ ਪ੍ਰਤੀ ਸਿੱਖਿਆ ਵਿਭਾਗ ਨੂੰ ਸਕਾਰਾਤਮਕ ਰੁਖ਼ ਰੱਖਣਾ ਚਾਹੀਦਾ ਹੈ। ਬੈਂਸ ਨੇ ਕ੍ਰਿਸ਼ਨ ਕੁਮਾਰ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦੀ ਤਿਆਰ ਕੀਤੀ ਪ੍ਰੋਪੋਜ਼ਲ ਤੋਂ ਬਾਅਦ ਹੀ ਸਰਕਾਰ ਨੇ ਅਧਿਆਪਕਾਂ ਦੀਆਂ ਤਣਖਾਹਾਂ ਘੱਟ ਕਰਨ ਦਾ ਫੈਸਲਾ ਲਿਆ ਹੈ। ਵਿਧਾਇਕ ਨੇ ਉਸ ਤਜਵੀਜ਼ ਦੀ ਕਾਪੀ ਵੀ ਮੰਗੀ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।

ਜ਼ਿਕਰਯੋਗ ਹੈ ਕਿ ਬੀਤੀ ਤਿੰਨ ਅਕਤੂਬਰ ਨੂੰ ਕੈਪਟਨ ਸਰਕਾਰ ਨੇ ਸਰਵ ਸਿੱਖਿਆ ਅਭਿਆਨ (ਐਸਐਸਏ), ਰਾਸ਼ਟ੍ਰੀਆ ਮਾਧਿਆਮਿਕ ਸ਼ਿਕਸ਼ਾ ਅਭਿਆਨ (ਆਰਐਮਐਸਏ) ਸਮੇਤ ਆਦਰਸ਼ ਤੇ ਮਾਡਲ ਸਕੂਲਾਂ ਦੇ ਕੁੱਲ 8,886 ਅਧਿਆਪਕਾਂ ਨੂੰ ਉੱਕਾ-ਪੁੱਕਾ 15,000 ਰੁਪਏ ਪ੍ਰਤੀ ਮਹੀਨਾ ਮਿਹਨਤਾਨਾ ਅਤੇ ਤਿੰਨ ਸਾਲ ਸਫ਼ਲਤਾਪੂਰਵਕ ਸੇਵਾ ਕਰਨ ਹੋਣ ਤੋਂ ਬਾਅਦ ਇਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਦਾ ਫੈਸਲਾ ਕੀਤਾ ਸੀ।

Facebook Comments
Facebook Comment