• 1:30 pm
Go Back

ਰੋਪੜ : ਇੰਝ ਜਾਪਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੱਡੇ-ਵੱਡੇ ਚੋਣ ਲਾੱਲੀ-ਪਾਪ ਦੇ ਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਸਿਰਫ਼ ਵਾਅਦੇ ਕਰਨ ਨਾਲ ਹੀ ਦੀਵਾਲੀਆਪਨ ਦੀ ਕਗਾਰ ਵੱਲ ਵਧ ਰਹੀ ਹੈ। ਜੀ ਹਾਂ, ਤੁਸੀਂ ਠੀਕ ਸੁਣਿਆ ਹੈ ਕਿਉਂਕਿ ਖਬਰ ਹੀ ਕੁਝ ਅਜਿਹੀ ਆਈ ਹੈ ਕਿ ਇਥੋਂ ਦੀ ਰੋਪੜ-ਮੋਰਿੰਡਾ ਸੜਕ ਨੂੰ ਸਿਰਫ਼ ਇਸ ਲਈ ਬੰਦ ਕਰਕੇ ਟ੍ਰੈਫਿਕ ਟੋਲ ਪਲਾਜ਼ਾ ਵਾਲੀ ਸੜਕ ਵੱਲ ਧੱਕ ਦਿੱਤਾ ਗਿਆ ਹੈ ਕਿਉਂਕਿ ਪ੍ਰਸ਼ਾਸਨ ਅਨੁਸਾਰ ਇਸ ਸੜਕ ਤੇ ਪੈਂਦੇ ਇੱਕ ਪੁਲ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਜਦਕਿ ਇਲਾਕਾ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਝੂਠ ਬੋਲ ਰਿਹਾ ਹੈ, ਇਹ ਸਭ ਟੋਲ ਪਲਾਜ਼ਾ ਵਾਲਿਆਂ ਨੂੰ ਲਾਭ ਪਹੁੰਚਾਉਣ ਦੀ ਇੱਕ ਚਾਲ ਹੈ।

ਪ੍ਰਸ਼ਾਸਨ ਵੱਲੋਂ ਇਸ ਮਾਰਗ ਨੂੰ ਬੰਦ ਕਰਨ ਦੇ ਵਿਰੋਧ ਵਿੱਚ ਆਮ ਲੋਕਾਂ ਤੇ ਟਰਾਂਸਪੋਟਰਾਂ ਨੇ ਅੱਜ ਦੱਬ ਕੇ ਵਿਰੋਧ ਕਰਦਿਆਂ ਸੜਕ ਤੇ ਜਾਮ ਲਾ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਧਰਨਾਕਾਰੀਆਂ ਦਾ ਇਹ ਦੋਸ਼ ਸੀ ਕਿ ਪ੍ਰਸ਼ਾਸਨ ਇਹ ਸਭ ਮਿਲੀਭੁਗਤ ਨਾਲ ਟੋਲ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਕਰ ਰਿਹਾ ਹੈ। ਉਨ੍ਹਾਂ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਸਲੇ ਦਾ ਜਲਦੀ ਹੱਲ ਨਾ ਕੱਢਿਆ ਤਾਂ ਉਹ ਲੋਕਾਂ ਨਾਲ ਮਿਲਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਸੰਘਰਸ਼ ਤੇਜ ਕਰਨਗੇ।

ਇੱਥੇ ਦੱਸ ਦੇਈਏ ਕਿ ਪ੍ਰਸ਼ਾਸਨ ਵੱਲੋਂ ਰੋਪੜ-ਮੋਰਿੰਡਾ ਮਾਰਗ ਬੰਦ ਕਰਨ ਕਰਕੇ ਜਿੱਥੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਇਸ ਸੜਕ ਤੇ ਸਥਿਤ ਢਾਬੇ, ਟਾਇਰ ਪੈਂਚਰ ਤੇ
ਹੋਰ ਵੱਖ ਵੱਖ ਦੁਕਾਨਦਾਰਾਂ ਦਾ ਧੰਦਾ ਚੋਪਟ ਹੋ ਕੇ ਰਹਿ ਗਿਆ ਹੈ। ਜਿਸ ਦਾ ਆਮ ਲੋਕਾਂ, ਟਰਾਂਸਪੋਟਰਾਂ
ਅਤੇ ਟਰੱਕ ਚਾਲਕਾਂ ਦੇ ਨਾਲ ਨਾਲ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ।

ਜਿਸ ਜਗ੍ਹਾ ਤੋਂ ਰੋਪੜ ਮੋਰਿੰਡਾ ਰੋਡ ਨੂੰ ਬੰਦ ਕੀਤਾ ਜਾ ਰਿਹਾ ਹੈ, ਉਸ ਜਗ੍ਹਾ ਜਾ ਕੇ ਹਲਕਾ ਵਿਧਾਇਕ ਸੰਦੋਆ ਵੱਲੋਂ ਖੁਦ ਜਾਂਚ ਪੜਤਾਲ ਕੀਤੀ ਗਈ। ਇਥੇ ਪਹੁੰਚੇ ਐਮ.ਐਲ.ਏ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ  ਇਹ ਸਭ ਪ੍ਰਸ਼ਾਸਨ ਦੀ ਟੋਲ ਕੰਪਨੀ ਨਾਲ ਮਿਲੀ ਭੁਗਤ ਕਰਕੇ ਕੀਤਾ ਗਿਆ ਹੈ ਤਾਂ ਕਿ ਟੋਲ ਕੰਪਨੀ ਨੂੰ ਲਾਭ ਮਿਲੇ। ਉਨ੍ਹਾਂ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਸਲੇ ਦਾ ਜਲਦੀ ਹੱਲ ਨਾ ਕੀਤਾ ਤਾਂ ਉਹ ਲੋਕਾਂ ਦੇ ਨਾਲ ਮਿਲਕੇ  ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਵੱਡਾ ਸੰਘਰਸ਼ ਵਿੱਡਣਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਕਤ ਮਾਮਲੇ ਵਿੱਚ ਗੱਲ ਕਰਨ ਲਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਅੱਗੇ ਨਹੀਂ ਆ ਰਿਹਾ ਹੈ।

Facebook Comments
Facebook Comment