• 2:39 pm
Go Back

ਬਰਨਾਲਾ : ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਅੱਜ ਉਸ ਵੇਲੇ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਬਰਨਾਲਾ ਦੇ ਪਿੰਡਾਂ ਵਾਲੇ ਇਲਾਕਿਆਂ ‘ਚ ਇੱਕ ਰੈਲੀ ਕਰਨ ਤੋਂ ਬਾਅਦ ਵਾਪਸ ਮੁੜ ਰਹੇ ਸਨ। ਇਸ ਦੌਰਾਨ ਭਗਵੰਤ ਮਾਨ ਦੀ ਗੱਡੀਆਂ ਦੇ ਕਾਫਲੇ ਨੂੰ ਲੋਕਾਂ ਨੇ ਇਹ ਕਹਿੰਦਿਆਂ ਘੇਰ ਲਿਆ ਕਿ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਣ ਕਿ ਉਹ ਉਨ੍ਹਾਂ ਨੂੰ ਆਰ ਐੱਸ ਐੱਸ ਦੇ ਬੰਦੇ ਕਿਉਂ ਆਖ ਰਹੇ ਹਨ ?

ਇਸ ਮੌਕੇ ਪੁਲਿਸ ਵਾਲਿਆਂ ਦੀ ਮੌਜੂਦਗੀ ‘ਚ ਪਿੰਡ ਵਾਸੀਆਂ ਨੇ ਭਗਵੰਤ ਮਾਨ ਦੀ ਗੱਡੀ ਨੂੰ ਦੋਵਾਂ ਪਾਸਿਆਂ ਤੋਂ ਘੇਰ ਲਿਆ ਤੇ ਉੱਚੀ ਉੱਚੀ ਚੀਕਾਂ ਮਾਰ ਕੇ ਮਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਲੱਗੇ ਪਰ ਮਾਨ ਨੇ ਗੱਡੀ ‘ਚੋਂ ਥਲੇ ਤਾਂ ਕਿ ਉਤਰਨਾ ਸੀ ਉਨ੍ਹਾਂ ਨੇ ਆਪਣੇ ਆਪ ਨੂੰ ਗੱਡੀ ‘ਚ ਬੰਦ ਕਰ ਲਿਆ ਤੇ ਸ਼ੀਸ਼ੇ ਵੀ ਨਹੀਂ ਖੋਲ੍ਹੇ।

ਭਭਗਵੰਤ ਮਾਨ ਨੂੰ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਨਾ ਦਿੰਦਿਆਂ ਲੋਕ ਭੜਕ ਗਏ ਤੇ ਭਗਵੰਤ ਮਾਨ ਮੁਰਦਾਬਾਦ ਤੇ ਅਸੀਂ ਆਮ ਆਦਮੀ ਪਾਰਟੀ ਦੇ ਬੰਦੇ ਹਾਂ ਕਹਿ ਕੇ ਨਾਅਰੇਬਾਜ਼ੀ ਕਰਨ ਲੱਗੇ ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਵਾਲਿਆਂ ਦੀ ਸਹਾਇਤਾ ਨਾਲ ਭੜਕੇ ਹੋਏ ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਕਸ਼ਮਕਸ਼ ‘ਚ ਭਗਵੰਤ ਮਾਨ ਉਥੋਂ ਖਿਸਕਦੇ ਬਣੇ।

ਲੋਕਾਂ ਦਾ ਭਗਵੰਤ ਮਾਨ ਪ੍ਰਤੀ ਗੁੱਸੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਜਦੋਂ ਮਾਨ ਦੀ ਗੱਡੀ ਉਥੋਂ ਖਿਸਕਣ ਲੱਗੀ ਤਾਂ ਇੱਕ ਵਿਅਕਤੀ ਨੇ ਗੁੱਸੇ ‘ਚ ਉਨ੍ਹਾਂ ਦੀ ਗੱਡੀ ਤੇ ਲੱਤ ਮਾਰ ਦਿੱਤੀ ਤੇ ਮਾਨ ਨੂੰ ਇਹ ਕਿਹਾ ਕੇ ਵੰਗਾਰਿਆ ਕਿ ਹੁਣ ਆ ਕੇ ਮਹਿਲ ਕਲਾਂ ਵੜੀਂ ਤੈਨੂੰ ਦਿਆਂਗੇ ਧਨੇਸੜੀ।
ਉਥੋਂ ਦੇ ਲੋਕਾਂ ਨੇ ਮਾਨ ਨਾਲ ਅਜਿਹਾ ਵਿਹਾਰ ਕਿਉਂ ਕੀਤਾ ਹੈ ਇਹ ਤਾਂ ਅਜੇ ਤੱਕ ਸਵਾਲ ਬਣਿਆ ਹੋਇਆ ਹੈ ਪਰ ਜਿਸ ਤਰ੍ਹਾਂ ਪਹਿਲਾਂ ਗੜ੍ਹਸ਼ੰਕਰ ਵਿੱਚ ਆਪ ਵਲੰਟੀਅਰਾਂ ਵਲੋਂ ਸੁਖਪਾਲ ਖਹਿਰਾ ਦਾ ਵਿਰੋਧ ਕੀਤਾ ਗਿਆ ਤੇ ਹੁਣ ਭਗਵੰਤ ਮਾਨ ਦੀ ਗੱਡੀ ਨੂੰ ਘੇਰ ਲਿਆ ਗਿਆ ਉਸ ਤੋਂ ਇਹ ਸਾਫ ਹੋ ਗਿਆ ਹੈ ਕਿ ਆਪ ਦੀ ਪੰਜਾਬ ਇਕਾਈ ਚ ਮਚੇ ਘਮਾਸਾਨ ਨੇ ਹੇਠਲੇ ਪੱਧਰ ਦੇ ਵਲੰਟੀਅਰਾਂ ਦੇ ਮਨਾਂ ਵਿੱਚ ਪਾਰਟੀ ਆਗੂਆਂ ਪ੍ਰਤੀ ਗੁੱਸਾ ਸਤਵੇਂ ਅਸਮਾਨ ਤੇ ਪਹੁੰਚਾ ਦਿੱਤਾ ਹੈ ।
ਇੱਥੇ ਇਹ ਵਰਨਣਯੋਗ ਹੈ ਕਿ ਭਗਵੰਤ ਮਾਨ ਹਲਕਾ ਸੰਗਰੂਰ ਤੋਂ ਹੀ ਮੈਂਬਰ ਪਰਲੀਮੈਂਟ ਹਨ ਤੇ ਬਰਨਾਲੇ ਦੇ ਪਿੰਡ ਵੀ ਉਨ੍ਹਾਂ ਦੇ ਹਲਕੇ ਵਿੱਚ ਹੀ ਆਉਂਦੇ ਹਨ। ਅਜਿਹੇ ਵਿੱਚ 2019 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਲੋਕ ਭਗਵੰਤ ਮਾਨ ਦੇ ਪਿੱਛੇ ਪੈ ਰਹੇ ਹਨ ਉਸ ਦਾ ਨੁਕਸਾਨ ਪਾਰਟੀ ਨੂੰ ਹੋਣਾ ਤੈਅ ਹੈ ।

Facebook Comments
Facebook Comment