• 8:51 pm
Go Back

ਅੰਮ੍ਰਿਤਸਰ : ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਸਬੰਧੀ ਬਣੀ ਸਪੈਸਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਜਿੱਥੇ ਕਦਮ-ਦਰ-ਕਦਮ ਪੁਲਿਸ ਅਧਿਕਾਰੀਆਂ ਅਤੇ ਹੋਰ ਲੋਕਾਂ ਕੋਲੋਂ ਪੁੱਛ-ਤਾਛ ਕਰਦੀ ਹੋਈ ਅਕਾਲੀ ਆਗੂਆਂ ਵੱਲ ਬੜੀ ਤੇਜ਼ੀ ਨਾਲ ਵਧ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਘਟਨਾਵਾਂ ਦੀ ਜਾਰੀ ਜਾਂਚ ਕਾਰਨ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਸੇ ਮਾਹੌਲ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਵਾਦਾਂ ‘ਚ ਘਿਰਦੇ ਜਾ ਰਹੇ ਹਨ। ਦਰਅਸਲ ਉਨ੍ਹਾਂ ‘ਤੇ ਸਾਲ 2005 ਦੌਰਾਨ ਡੇਰਾ ਪ੍ਰੇਮੀਆਂ ਵੱਲੋਂ ਦਿੱਤੇ ਜਾ ਰਹੇ ਇੱਕ ਧਰਨੇਂ ‘ਚ ਸ਼ਾਮਲ ਹੋਣ ਦੇ ਦੋਸ਼ ਲੱਗ ਰਹੇ ਹਨ ਅਤੇ ਇਨ੍ਹਾਂ ਦੋਸ਼ਾਂ ਦੇ ਚਲਦਿਆਂ ਹੀ ਸਿੱਖਾਂ ਦੀਆਂ ਵੱਖ ਵੱਖ 30 ਜਥੇਬੰਦੀਆਂ ਨੇ ਲੋਂਗਵਾਲ ਤੋਂ ਅਸਤੀਫਾ ਦੀ ਮੰਗ ਕੀਤੀ ਹੈ।

ਦਰਅਸਲ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਦਰਬਾਰ-ਏ-ਖਾਲਸਾ ਦੇ ਮੁੱਖ ਮੈਂਬਰਾਂ ਹਰਜਿੰਦਰ ਸਿੰਘ ਮਾਝੀ, ਸੁਖਦੇਵ ਸਿੰਘ ਫਗਵਾੜਾ ਨੇ ਪੱਤਰਕਾਰ ਸੰਮੇਲਨ ਕਰਦਿਆਂ ਪ੍ਰਧਾਨ ਲੌਂਗੋਵਾਲ ਵਿਰੁੱਧ ਦੱਬ ਕੇ ਭੜਾਸ ਕੱਢੀ ਤੇ ਸਬੂਤਾਂ ਸਣੇ ਪੱਤਰਕਾਰਾਂ ਸਾਹਮਣੇ ਦਾਅਵਾ ਕੀਤਾ ਕਿ ਜਿਸ ਵੇਲੇ ਡੇਰਾ ਸਮਰਥਕਾਂ ਵੱਲੋਂ ਸਾਲ 2005 ‘ਚ ਡੇਰਾ ਮੁਖੀ ਰਾਮ ਰਹੀਮ ਦਾ ਕੇਸ ਸੀਬੀਆਈ ਨੂੰ ਸੌਂਪਣ ਲਈ ਰੋਸ ਪ੍ਰਦਰਸ਼ਣ ਕੀਤਾ ਜਾ ਰਿਹਾ ਸੀ ਉਸ ਸਮੇਂ ਉਨ੍ਹਾਂ ਦੇ ਇਸ ਧਰਨੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਉੱਥੇ ਮੌਜੂਦ ਸਨ। ਉਨ੍ਹਾਂ ਨੇ ਇਸ ਨੂੰ ਸਾਬਤ ਕਰਨ ਲਈ ਬਕਾਇਦਾ ਤੌਰ ‘ਤੇ ਉਸ ਸਮੇਂ ਦੀਆਂ ਕੁਝ ਅਖ਼ਬਾਰਾਂ ਵਿੱਚ ਲੱਗੀਆਂ ਖ਼ਬਰਾਂ ਵੀ ਪੱਤਰਕਾਰਾਂ ਸਾਹਮਣੇ ਪੇਸ਼ ਕੀਤੀਆਂ ।

ਇਸ ਮੌਕੇ ਪੱਤਰਕਾਰ ਸੰਮੇਲਨ ਕਰਨ ਵਾਲੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਕਿ ਉਹ ਇਸ ਸਬੰਧੀ ਭਾਈ ਲੌਂਗੋਵਾਲ ਨੂੰ ਤਲਬ ਕਰਕੇ ਜਵਾਬ ਮੰਗਣ। ਆਗੂਆਂ ਦੀ ਇਹ ਮੰਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਇਹ ਸਪੱਸ਼ਟ ਕਰਨ ਕਿ ਉਹ ਡੇਰਾ ਪ੍ਰੇਮੀਆਂ ਨਾਲ ਹਨ ਜਾਂ ਸਿੱਖ ਪੰਥ ਦੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ‘ਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਡੇਰਾ ਸਿਰਸਾ ਜਾਣ ਦੇ ਇਲਜ਼ਾਮ ਲੱਗੇ ਸਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਾ ਦਿੱਤਾ ਗਿਆ ਸੀ। ਲੌਂਗੋਵਾਲ ਨੇ ਉਸ ਵੇਲੇ ਤਾਂ ਇਨ੍ਹਾਂ ਦੋਸ਼ਾਂ ਨੂੰ ਸ਼ਰੇਆਮ ਨਕਾਰ ਦਿੱਤਾ ਸੀ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਸਿੱਖ ਜਥੇਬੰਦੀਆਂ ਵੱਲੋਂ ਅਖ਼ਬਾਰਾਂ ਵਿੱਚ ਲੱਗੀਆਂ ਖ਼ਬਰਾਂ ਅਤੇ ਹੋਰ ਸਬੂਤਾਂ ਤੇ ਦਾਅਵਿਆਂ ਨੂੰ ਉਹ ਕਿਵੇਂ ਝੂਠਲਾਉਂਦੇ ਹਨ।

 

 

Facebook Comments
Facebook Comment