• 10:46 am
Go Back

ਨਵੀਂ ਦਿੱਲੀ : ਜਲਦ ਹੀ ਟੋਇਟਾ ਅਤੇ ਮਰਸਡੀਜ਼ ਕੰਪਨੀ ਦੀ ਗੱਡੀ ਖਰੀਦਣੀ ਮਹਿੰਗੀ ਹੋ ਸਕਦੀ ਹੈ। ਜਾਪਾਨੀ ਕਾਰ ਨਿਰਮਾਤਾ ਟੋਇਟਾ ਅਤੇ ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਮਰਸਡੀਜ਼ ਬੈਂਜ ਭਾਰਤ ਵਿਚ ਕੀਮਤਾਂ ਵਧਾਉਣ ਉਤੇ ਵਿਚਾਰ ਕਰ ਰਹੇ ਹਨ। ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਰੁਪਏ ਵਿਚ ਹੋ ਰਹੀ ਗਿਰਾਵਟ ਕਾਰਨ ਇਨ੍ਹਾਂ ਕੰਪਨੀਆਂ ਨੇ ਕੀਮਤਾਂ ਵਧਾਉਣ ਬਾਰੇ ਵਿਚਾਰ ਕਰਨਾ ਸ਼ੁਰੂ ਕੀਤਾ ਹੈ।

ਟੋਇਟਾ ਕਿਰਲੋਸਕਰ ਮੋਟਰ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਐੱਨ. ਰਾਜਾ ਨੇ ਕਿਹਾ ਕਿ ਹੁਣ ਤਕ ਅਸੀਂ ਲਾਗਤ ਵਧਣ ਦਾ ਭਾਰ ਖੁਦ ਸਹਿਣ ਕਰ ਰਹੇ ਸੀ। ਹਾਲਾਂਕਿ ਜੇਕਰ ਰੁਪਏ ਦੀ ਸਥਿਤੀ ਆਉਣ ਵਾਲੇ ਦਿਨਾਂ ਵਿਚ ਨਾ ਸੁਧਰੀ ਤਾਂ ਸਾਡੇ ਲਈ ਇਹ ਭਾਰ ਸਹਿਣ ਕਰਨਾ ਮੁਸ਼ਕਿਲ ਹੋਵੇਗਾ ਅਤੇ ਕੀਮਤਾਂ ਵਧਾ ਕੇ ਇਸ ਦਾ ਕੁਝ ਬੋਝ ਗਾਹਕਾਂ ਉਤੇ ਪਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਅਜੇ ਵੀ ਨਿਰਮਾਣ ਲਈ ਕੁਝ ਹੱਦ ਤਕ ਦਰਾਮਦ ’ਤੇ ਨਿਰਭਰ ਹੈ।

ਮਰਸੀਡਜ਼ ਬੈਂਜ਼ ਇੰਡੀਆ ਦੇ ਉਪ ਮੁਖੀ ਮਾਈਕਲ ਜੋਪ ਨੇ ਵੀ ਕਿਹਾ ਕਿ ਰੁਪਏ ਵਿਚ ਗਿਰਾਵਟ ਨਾਲ ਕੰਪਨੀ ਲਈ ਚਿੰਤਾ ਖੜੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 2-3 ਮਹੀਨੇ ਪਹਿਲਾਂ ਕੀਮਤਾਂ ਵਿਚ ਵਾਧਾ ਕੀਤਾ ਸੀ ਪਰ ਪਿਛਲੇ ਕੁਝ ਹਫਤਿਆਂ ਦੌਰਾਨ ਰੁਪਏ ਵਿਚ ਹੋਈ ਗਿਰਾਵਟ ਕਾਰਨ ਫਿਰ ਚਿੰਤਾ ਵਧ ਗਈ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕੀਮਤਾਂ ਵਿਚ ਕਦੋਂ ਤਕ ਵਾਧਾ ਕੀਤਾ ਜਾ ਸਕਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਹੋਂਡਾ ਕਾਰਸ ਇੰਡੀਆ ਨੇ ਵੀ ਕਿਹਾ ਸੀ ਕਿ ਰੁਪਏ ਵਿਚ ਗਿਰਾਵਟ ਕਾਰਨ ਉਸ ਨੂੰ ਕੀਮਤਾਂ ਵਧਾਉਣ ਲਈ ਕਦਮ ਚੁੱਕਣਾ ਪੈ ਸਕਦਾ ਹੈ।

Facebook Comments
Facebook Comment