Go Back

ਚੰਡੀਗੜ੍ਹ- ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਦਫ਼ਤਰ ਵਿੱਚ ਪੇਸ਼ ਹੋਏ । ਇਸ ਮੌਕੇ ਉਨ੍ਹਾਂ ਨੇ ਮੀਡੀਆ ਨੂੰ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ । ਈਡੀ ਨੇ ਇੰਦਰ ਤੋਂ 6 ਘੰਟੇ ਤੱਕ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਆਪਣੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੇ ਨਾਂ ਉੱਤੇ ਵਿਦੇਸ਼ ਵਿੱਚ ਸ਼ੇਅਰਾਂ ਜਾਂ ਜੀਡੀਆਰਜ਼ (ਗਲੋਬਲ ਡਿਪੋਜ਼ਿਟਰੀ ਰਿਸੀਟਸ) ਦੇ ਰੂਪ ਵਿੱਚ 1.8 ਕਰੋੜ ਅਮਰੀਕੀ ਡਾਲਰ (ਲਗਭਗ ਸੌ ਕਰੋੜ ਰੁਪਏ) ਜਮ੍ਹਾ ਕਰਨ ਦੇ ਦੋਸ਼ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ  17 ਜਨਵਰੀ ਲਈ ਸੰਮਨ ਜਾਰੀ ਕੀਤੇ ਸੀ । ਈਡੀ ਦਾ ਮੰਨਣਾ ਹੈ ਕਿ ਰਾਣਾ ਸ਼ੂਗਰਜ਼ ਨੇ ਸ਼ੇਅਰਾਂ ਦੀ ਖ਼ਰੀਦੋ ਫ਼ਰੋਖ਼ਤ ਮੌਕੇ ਭਾਰਤੀ ਰਿਜ਼ਰਵ ਬੈਂਕ ਦੀ ਪ੍ਰਵਾਨਗੀ ਨੂੰ ਧਿਆਨ ਵਿੱਚ ਨਹੀਂ ਰੱਖਿਆ। ਇੰਦਰ ਪ੍ਰਤਾਪ ਰਾਣਾ ਸ਼ੂਗਰਜ਼ ਦਾ ਮੈਨੇਜਿੰਗ ਡਾਇਰੈਕਟਰ ਹੈ। ਕੇਂਦਰੀ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਰਾਣਾ ਸ਼ੂਗਰਜ਼ ਨੇ ਇਹ ਫ਼ੰਡ ਫੇਮਾ ਐਕਟ ਦੀ ਉਲੰਘਣਾ ਕਰ ਕੇ ਜੁਟਾਏ ਹਨ। ਇਸ ਦੇ ਨਾਲ ਈਡੀ ਨੂੰ ਇਹ ਵੀ ਯਕੀਨ ਹੈ ਕਿ ਕੰਪਨੀ ਨੇ ਆਪਣੇ ਸ਼ੇਅਰਾਂ ਦੀ ਖ਼ਰੀਦ ਲਈ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਬਾਹਰਲੇ ਬੈਂਕਾਂ ਤੋਂ ਲਏ ਕਰਜ਼ਿਆਂ ਲਈ ਜ਼ਾਮਨੀ ਵੀ ਖ਼ੁਦ ਦਿੱਤੀ ਹੈ। ਦੂਜੇ ਪਾਸੇ ਆਰਬੀਆਈ ਨੇ ਸਾਫ਼ ਕਰ ਦਿੱਤਾ ਹੈ ਕਿ ਰਾਣਾ ਸ਼ੂਗਰਜ਼ ਵੱਲੋਂ ਜੀਡੀਆਰਜ਼ ਜਾਰੀ ਕਰਨ ਬਾਰੇ ਉਸ ਕੋਲ ਕੋਈ ਜਾਣਕਾਰੀ ਨਹੀਂ।

Facebook Comments
Facebook Comment