• 11:18 am
Go Back

ਚੰਡੀਗੜ੍ਹ: (ਦਰਸ਼ਨ ਸਿੰਘ ਖੋਖਰ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀਆਂ ਕੰਪਨੀਆਂ ‘ਤੇ ਪਏ ਇਨਕਮ ਟੈਕਸ ਅਧਿਕਾਰੀਆਂ ਦੇ ਛਾਪਿਆਂ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤਾਂ ਘੋੜਾ ਮਰ ਗਿਆ। ਗਲ ਖ਼ਤਮ ਹੋ ਗਈ। ਕਿਉਂਕਿ ਰਾਣਾ ਤਾਂ ਕਈ ਪਾਸੇ ਤੋਂ ਘਿਰ ਗਏ ਹਨ। ਅਪਣੇ ਸਰਕਾਰੀ ਨਿਵਾਸ ‘ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਉਸ ਨੇ ਵੀ ਰਾਣਾ ਦੀ ਸ਼ਿਕਾਇਤ ਇਨਕਮ ਟੈਕਸ ਵਿਭਾਗ ਕੋਲ ਕੀਤੀ ਸੀ ਜਦੋਂ ਰਾਣਾ ਨੇ ਅਪਣੇ ਨੌਕਰਾਂ ਦੇ ਨਾਮ ‘ਤੇ ਰੇਤ ਖੱਡਾਂ ਦੀ ਨਿਲਾਮੀ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਰਾਣਾ ਨੇ ਪਤਾ ਨਹੀਂ ਕਿਹੜੇ ਕਿਹੜੇ ਤਰੀਕੇ ਵਰਤਕੇ ਜਾਇਦਾਦ ਬਣਾਈ ਹੈ। ਹੁਣ ਰਾਣਾ ਨੂੰ ਲੈਣੇ ਦੇ ਦੇਣੇ ਪੈ ਜਾਣਗੇ। ਖਹਿਰਾ ਨੇ ਮੰਤਰੀਆਂ ਅਤੇ ਮੁੱਖ ਮੰਤਰੀ ਵੱਲੋਂ ਆਮਦਨ ਕਰ ਅਪਣੇ ਕੋਲੋਂ ਜਮ੍ਹਾਂ ਕਰਵਾਉਣ ਦੇ ਮੰਤਰੀ ਮੰਡਲ ਨੇ ਲਏ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਫੈਸਲਾ ਚੰਗਾ ਹੈ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕਾਂ ਤੋਂ ਇਨਕਮ ਟੈਕਸ ਅਪਣੇ ਕੋਲੋਂ ਜਮ੍ਹਾਂ ਕਰਵਾਉਣ ਬਾਰੇ ਕਹਿਣ ਤੋਂ ਪਹਿਲਾਂ ਇਹ ਫੈਸਲਾ ਵੀ ਕਰਨਾ ਚਾਹੀਦਾ ਹੈ। ਕਿਉਂਕਿ ਮੁੱਖ ਮੰਤਰੀ ਨੇ ਅਪਣੇ ਨਾਲ ਸਕੱਤਰਾਂ ਅਤੇ ਸਲਾਹਕਾਰਾਂ ਦੀ ਫੌਜ ਰੱਖੀ ਹੋਈ ਹੈ। ਕਈ ਸਕੱਤਰਾਂ ਅਤੇ ਸਲਾਹਕਾਰਾਂ ਕੋਲ ਨਾ ਤਾਂ ਕੋਈ ਤਜ਼ਰਬਾ ਹੈ ਅਤੇ ਨਾ ਹੀ ਕੋਈ ਹੁਨਰ ਹੈ। ਮੁੱਖ ਮੰਤਰੀ ਵਿਧਾਇਕਾਂ ਦੀ ਇਨਕਮ ਟੈਕਸ ਰਾਸ਼ੀ ਬਚਾਕੇ ਸਲਾਨਾ 11 ਕਰੋੜ ਰੁਪਏ ਦੀ ਬਚਤ ਕਰਨ ਦੀ ਗਲ ਕਰਦੇ ਹਨ, ਪਰ ਸਲਾਹਕਾਰਾਂ ਦੀ ਫੌਜ ਹਟਾਕੇ ਪ੍ਰਤੀ ਮਹੀਨਾਂ 11 ਕਰੋੜ ਦੀ ਬਚਤ ਕੀਤੀ ਜਾ ਸਕਦੀ ਹੈ।

Facebook Comments
Facebook Comment