• 12:26 pm
Go Back

ਸ੍ਰੀ ਮੁਕਤਸਰ ਸਾਹਿਬ : ਇੰਝ ਜਾਪਦਾ ਹੈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਐਲਾਨਣ ਵਾਲੀ ਗੱਲ ਸੂਬਾ ਕਾਂਗਰਸੀਆਂ ਨੂੰ ਹਜ਼ਮ ਨਹੀਂ ਹੋ ਰਹੀ। ਇਸ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਿੱਥੇ ਕੈਪਟਨ ਦਾ ਇਹ ਐਲਾਨ ਸੁਣ ਕੇ ਖੁਦ ਸੁਨੀਲ ਜਾਖੜ ਖੁਦ ਕੁਰਸੀ ਤੋਂ ਉਠਣ ਵਾਲੇ ਹੋ ਗਏ ਸਨ, ਉੱਥੇ ਹਲਕਾ ਬਠਿੰਡਾ ਤੋਂ ਉਮੀਦਵਾਰ ਰਾਜਾ ਵੜਿੰਗ ਇਹ ਸੁਣ ਕੇ ਪੱਤਰਕਾਰਾਂ ‘ਤੇ ਹੀ ਗੁੱਸੇ ਨਾਲ ਲਾਲ ਪੀਲੇ ਹੋਣ ਲੱਗ ਪਏ। ਕੈਪਟਨ ਦੇ ਇਸ ਐਲਾਨ ਤੋਂ ਅਣਜਾਣ ਵੜਿੰਗ ਨੂੰ ਸਵਾਲ ਕਰਨ ‘ਤੇ ਉਨ੍ਹਾਂ ਨੇ ਪੱਤਰਕਾਰ ਨੂੰ ਇਹ ਕਹਿ ਕੇ ਝਾੜ ਦਿੱਤਾ ਕਿ ਪੱਤਰਕਾਰਾਂ ਨੂੰ ਤਾਂ ਘਰ ਸੁੱਤੇ ਪਿਆਂ ਨੂੰ ਹੀ ਅਜਿਹਾ ਸੁਫਨਾ ਆ ਗਿਆ ਹੋਣੈ।

ਮੀਡੀਆ ਨਾਲ ਗੱਲਬਾਤ ਦੌਰਾਨ ਜਿਉਂ ਹੀ ਰਾਜਾ ਵੜਿੰਗ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਤੁਰੰਤ ਸੁਰ ਬਦਲਦਿਆਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਤਾਂ ਕੈਪਟਨ ਹੀ ਹਨ, ਹੁਣ ਉਹ ਆਪ ਭਾਵੇਂ ਜਿਸ ਨੂੰ ਮਰਜੀ ਚਾਹੁਣ ਅੱਗੇ ਮੁੱਖ ਮੰਤਰੀ ਬਣਾ ਦੇਣ। ਦੱਸ ਦਈਏ ਕਿ ਬੀਤੇ ਦਿਨੀਂ ਹਲਕਾ ਗੁਰਦਾਸਪੁਰ ‘ਚ ਇੱਕ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਟੇਜ ‘ਤੇ ਬੈਠੇ ਸੁਨੀਲ ਜਾਖੜ ਤੇ ਹੋਰ ਆਗੂਆਂ ਦੀ ਹਾਜਰੀ ਵਿੱਚ ਇਹ ਐਲਾਨ ਸ਼ਰੇਆਮ ਕੀਤਾ ਸੀ ਕਿ, “ਮੈਂ ਅੱਜ ਇਸ ਸਟੇਜ ਤੋਂ ਇਹ ਐਲਾਨ ਕਰਦਾ ਹਾਂ ਕਿ ਭਵਿੱਖ ਦੇ ਮੁੱਖ ਮੰਤਰੀ ਸੁਨੀਲ ਜਾਖੜ ਹੋਣਗੇ।”

ਕੈਪਟਨ ਦੇ ਇਸ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਜ਼ਬਰਦਸਤ ਚਰਚਾ ਛੇੜ ਦਿੱਤੀ ਹੈ, ਤੇ ਕੋਈ ਇਸ ਨੂੰ ਕੈਪਟਨ ਵੱਲੋਂ ਕਾਂਗਰਸ ਪਾਰਟੀ ਵਿੱਚ ਨਵਜੋਤ ਸਿੰਘ ਸਿੱਧੂ ਦੇ ਵਧਦੇ ਕੱਦ ਨੂੰ ਘਟਾਉਣ ਨਾਲ ਜੋੜ ਕੇ ਦੇਖ ਰਿਹਾ ਹੈ, ਕੋਈ ਇਸ ਨੂੰ ਸੰਨੀ ਦਿਓਲ ਦੇ ਮੁਕਾਬਲੇ ਸੁਨੀਲ ਜਾਖੜ ਦਾ ਰਾਜਨੀਤਕ ਕੱਦ ਵੱਡਾ ਕਰਨ ਦੇ ਨਾਲ ਜੋੜ ਕੇ ਦੇਖ ਰਿਹਾ ਹੈ, ਕੋਈ ਇਸ ਨੂੰ ਕੈਪਟਨ ਦੇ ਉਸ ਐਲਾਨ ਨਾਲ ਮਿਲਾ ਰਿਹਾ ਹੈ ਕਿ ਹੁਣ ਮੁੱਖ ਮੰਤਰੀ ਆਉਂਦੀਆਂ ਚੋਣਾਂ ਨਹੀਂ ਲੜਨਗੇ ਇਸ ਲਈ ਉਹ ਸੂਬੇ ਵਿੱਚ ਇੱਕ ਹੋਰ ਧੜ੍ਹਾ ਖੜ੍ਹਾ ਕਰ ਰਹੇ ਹਨ, ਤੇ ਕਈਆਂ ਨੇ ਤਾਂ ਗੱਲਾਂ ਗੱਲਾਂ ਵਿੱਚ ਇਹ ਸੁਣਾ ਦਿੱਤਾਕਿ ਇਹ ਸਭ ਕੈਪਟਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸੁਣਾ ਕਿ ਕਿਹਾ ਗਿਆ ਹੈ ਕਿ ਹੁਣ ਸਿੱਧੂ ਦੀ ਪੰਜਾਬ ਵਿੱਚ ਕੋਈ ਬੁੱਕਤ ਨਹੀਂ ਇਸ ਲਈ ਉਹ ਮੁੱਖ ਮੰਤਰੀ ਬਣਨ ਦੇ ਸੁਫਨੇ ਛੱਡ ਦੇਣ ਕਿਉਂਕਿ ਅਗਲਾ ਮੁੱਖ ਮੰਤਰੀ ਉਨ੍ਹਾਂ ਨੂੰ ਨਹੀਂ ਬਣਨ ਦਿੱਤਾ ਜਾਵੇਗਾ।

Facebook Comments
Facebook Comment