• 5:26 pm
Go Back

ਮੌੜ ਮੰਡੀ : ਪੰਜਾਬ ‘ਚ ਜਿਵੇਂ ਜਿਵੇਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ ,ਉਸੇ ਤਰ੍ਹਾਂ ਚੋਣ ਪ੍ਰਚਾਰ ਵੀ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਵੋਟਰਾਂ ਨੂੰ ਲੁਭਾਉਣ ਲਈ ਸਿਆਸੀ ਆਗੂਆਂ ਵੱਲੋਂ ਵੀ ਆਪਣੀ ਪੂਰੀ ਵਾਹ ਲਾਈ ਜਾ ਰਹੀ ਹੈ। ਹਾਲਾਤ ਇਹ ਹਨ ਕਿ ਚੋਣ ਪ੍ਰਚਾਰ ਦੌਰਾਨ ਸਿਆਸੀ ਆਗੂ ਆਪਣੇ ਆਕਾਵਾਂ ਦੇ ਗੁਣਗਾਣ ‘ਚ ਕੁਝ ਇਸ ਤਰ੍ਹਾਂ ਮਗਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਸੰਵਿਧਾਨ ਅਤੇ ਦੇਸ਼ ਦੀਆਂ ਮਾਨਯੋਗ ਅਦਾਲਤਾਂ ਦੀ ਪ੍ਰਵਾਹ ਵੀ ਨਹੀਂ ਰਹਿੰਦੀ। ਇਸ ਸਭ ਦੀ ਪ੍ਰਵਾਹ ਕੀਤੇ ਬਗੈਰ ਹੀ ਸਿਆਸਤਦਾਨ ਆਦਾਲਤੀ ਫੈਸਲਿਆਂ ਨੂੰ ਸਿਆਸੀ ਆਗੂਆਂ ਦੇ ਫੈਸਲੇ ਦੱਸ ਦਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਕੁਝ ਇਸੇ ਤਰ੍ਹਾਂ ਹੀ ਕਰਦੇ ਦਿਖਾਈ ਦਿੱਤੇ। ਹਲਕਾ ਮੋੜ ‘ਚ ਆਪਣੀ ਪਤਨੀ ਲਈ ਪ੍ਰਚਾਰ ਕਰਦੇ ਹੋਏ ਸੁਖਬੀਰ ਬਾਦਲ ਕੁਝ ਇਸ ਤਰ੍ਹਾਂ ਮੋਦੀ ਭਗਤੀ ‘ਚ ਮਗਨ ਹੋ ਗਏ, ਕਿ ਉਨ੍ਹਾਂ ਨੇ ਹਾਈ ਕੋਰਟ ਵਲੋਂ ਦਿੱਲੀ ਸਿੱਖ ਨਸ਼ਲਕੁਸ਼ੀ ਦੇ ਮਾਮਲੇ ‘ਚ ਸੱਜਣ ਕੁਮਾਰ ਨੂੰ ਦਿੱਤੀ ਸਜਾ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਾਪਤੀ ਦੱਸ ਦਿੱਤਾ। ਸੁਖਬੀਰ ਬਾਦਲ ਨੇ ਆਪਣਾ ਭਾਸ਼ਣ ਦਿੰਦਿਆਂ 84 ਸਿੱਖ ਕਤਲੇਆਮ ਦੰਗਿਆ ਸਬੰਧ ‘ਚ ਬੋਲਦਿਆਂ ਕਿਹਾ ਕਿ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਗਾਂਧੀ ਪਰਿਵਾਰ ਨੇ ਬਚਾਅ ਕੇ ਰੱਖਿਆ ਅਤੇ ਮੋਦੀ ਨੇ ਆ ਕੇ ਉਨ੍ਹਾਂ ਨੂੰ ਅੰਦਰ ਕਰ ਦਿੱਤਾ।

ਸੁਖਬੀਰ ਬਾਦਲ ਇਥੇ ਹੀ ਨਹੀਂ ਰੁਕੇ, ਉਨ੍ਹਾਂ ਆਪਣੀ ਪਤਨੀ ਹਰਸਿਮਰਤ ਬਾਦਲ ਦੀਆਂ ਤਰੀਫਾਂ ਕਰਦੇ ਕਰਦੇ ਕਾਂਗਰਸ ਪਾਰਟੀ ਦੇ ਹਲਕਾ ਬਠਿੰਡਾ ਤੋਂ ਉਮੀਦਵਾਰ ਰਾਜਾ ਵੜਿੰਗ ਨੂੰ ਪਾਗਲ ਤੱਕ ਕਰਾਰ ਦੇ ਦਿੱਤਾ। ਉਨ੍ਹਾਂ ਰਾਜਾ ਵੜਿੰਗ ਦੇ ਹਲਕਾ ਗਿੱਦੜਬਹਾ ‘ਚ ਕਰਵਾਏ ਗਏ ਵਿਕਾਸ ਕਾਰਜਾਂ ‘ਤੇ ਵੀ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਗਿੱਦੜਬਾਹਾ ਇਲਾਕਾ ਇੱਥੇ ਗੁਆਂਢ ‘ਚ ਹੈ ਤੇ ਕਿਸੇ ਪਿੰਡ ‘ਚ ਕੋਈ ਇੱਕ ਇੱਟ ਨਹੀਂ ਲੱਗੀ। ਛੋਟੇ ਬਾਦਲ ਨੇ ਬੀਤੇ ਦਿਨੀਂ ਰਾਜਾ ਵੜਿੰਗ ਵੱਲੋਂ ਸਮਸ਼ਾਨਘਾਟ ਸਬੰਧੀ ਦਿੱਤੇ ਬਿਆਨ ‘ਤੇ ਵੀ ਖੂਬ ਨਿਸ਼ਾਨੇ ਲਾਏ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਉਸ (ਰਾਜਾ ਵੜਿੰਗ) ਨੇ ਆਉਂਦੀ 19 ਤਾਰੀਖ ਤੱਕ ਤਿੱਤਰ ਹੋ ਜਾਣਾ ਹੈ।

ਸੋਚਣ ਵਾਲੀ ਗੱਲ ਇਹ ਹੈ ਕਿ, ਕੀ ਦੇਸ਼ ਦੇ ਆਗੂਆਂ ਵਲੋਂ ਚੋਣਾਂ ਦੌਰਾਨ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਕਿਸੇ ਆਗੂ ਦੀ ਮਹਿਮਾ ਮੰਡਲੀ ਨਾਲ ਜੋੜਨਾ ਸਹੀ ਹੈ? ਕੀ ਸਿਆਸੀ ਆਗੂਆਂ ਦੁਆਰਾ ਦਿੱਤੇ ਜਾਂਦੇ ਇਸ ਤਰ੍ਹਾਂ ਦੇ ਬਿਆਨ ਦੇਸ਼ ਦੇ ਜਮਹੂਰੀ ਢਾਂਚੇ ਅਤੇ ਨਿੱਰਪੱਖ ਨਿਆ ਪ੍ਰਣਾਲੀ ਨੂੰ ਢਾਹ ਨਹੀਂ ਲਗਾ ਰਿਹੇ? ਜਰਾ ਸੋਚੋ ਤੇ ਜਦੋਂ ਸੋਚ ਲਿਆ ਤਾਂ 19 ਤਾਰੀਖ ਤੋਂ ਪਹਿਲਾਂ ਫੈਸਲਾ ਕਿਸੇ ਨੂੰ ਨਾ ਦੱਸਿਓ ਤੇ ਸਿੱਧਾ ਜਾ ਕੇ ਵੋਟਿੰਗ ਮਸ਼ੀਨ ਦਾ ਬਟਨ ਹੀ ਦੱਬਿਓ, ਕਿਉਂਕਿ ਨਤੀਜਾ ਤਾਂ 23 ਤਾਰੀਖ ਨੂੰ ਸਾਹਮਣੇ ਆ ਹੀ ਜਾਣਾ ਹੈ।

 

Facebook Comments
Facebook Comment