• 3:22 pm
Go Back

ਦੇਖਿਓ ਸਿਆਸਤਦਾਨੋਂ ਧਰਮ ਦੀ ਖਾਤਰ ਤਾਂ ਲੋਕ ਜਾਨਾਂ ਵੀ ਕੁਰਬਾਨ ਕਰ ਗਏ, ਫਿਰ ਸਿਆਸਤ ਕਿਸ ਖੇਤ ਦੀ ਮੂਲੀ ਹੈ?

ਕੁਲਵੰਤ ਸਿੰਘ

ਪਟਿਆਲਾ : ਅਕਾਲੀ-ਭਾਜਪਾ ਗਠਜੋੜ ਦੇ ਦਸ ਸਾਲਾਂ ਦੇ ਲੰਮੇ ਰਾਜ ਤੋਂ ਦੁਖੀ ਹੋ ਕੇ ਲੋਕਾਂ ਨੇ 2017 ਵਿਚ ਜਦੋਂ ਪੰਜਾਬ ਦੀ ਸੱਤਾ ਵਿੱਚ ਤਬਦੀਲੀ ਕੀਤੀ ਸੀ ਤਾਂ ਉਸ ਵੇਲੇ ਸੂਬਾ ਵਾਸੀਆਂ ਦੇ ਮਨ੍ਹਾਂ ਅੰਦਰ ਇੱਕ ਨਵੀਂ ਆਸ ਸੀ। ਉਹ ਆਸ ਜੋ ਕੈਪਟਨ ਅਮਰਿੰਦਰ ਸਿੰਘ ਘਰ-ਘਰ ਨੌਕਰੀ, ਕਰਜ਼ਾ ਮੁਆਫ਼ੀ, ਲੱਖਾਂ ਸਮਾਰਟ ਫੋਨ, ਚਾਰ ਹਫਤਿਆਂ ਵਿਚ ਨਸ਼ਿਆਂ ਤੋਂ ਛੁਟਕਾਰਾ, ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਐਲਾਨ ਤੋਂ ਬਾਅਦ ਬੱਝੀ ਸੀ। ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ, ਲੋਕਾਂ ਦੀਆਂ ਇਨ੍ਹਾਂ ਆਸਾਂ ਉੱਤੇ ਪਾਣੀ ਫਿਰਦਾ ਦੇਖ ਪਹਿਲਾਂ ਪੂਰੇ ਪੰਜਾਬ ’ਤੇ ਧਰਨਿਆਂ, ਮੁਜ਼ਾਹਰਿਆਂ, ਪਿੱਟ ਸਿਆਪਿਆਂ ਨੇ ਕਬਜ਼ਾ ਕੀਤਾ, ਇੰਨੇ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਗਈ ਤੇ ਭੋਲੇ ਲੋਕ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਅਕਾਲੀਆਂ ਅਤੇ ਕਾਂਗਰਸੀਆਂ ਦੀ ਸਿਆਸਤ ਵਿੱਚ ਉਲਝ ਕੇ ਰਹਿ ਗਏ ਭਾਵੇਂ ਕਿ ਵਿਚ-ਵਿਚ ਆਮ ਆਦਮੀ ਪਾਰਟੀ ਵਾਲਿਆਂ ਨੇ ਲੋਕਾਂ ਨੂੰ ਹਲੂਣਾ ਦੇ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਚਿਰ ਬਾਅਦ ਉਹ ਆਪਸ ਵਿਚ ਹੀ ਪਾਟ ਗਏ ਤੇ ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਇਹ ਸਿਆਸਤ ਕੁਝ ਸਮਝ ਆਉਂਦੀ ਸੂਬੇ ਵਿਚ ਸ਼ੁਰੂ ਹੋ ਗਈਆਂ ਗੋਲੀਕਾਂਡ ਅਤੇ ਦਹਿਸ਼ਤਗਰਦੀ ਦੀਆਂ ਛੁਟ-ਪੁਟ ਘਟਨਾਵਾਂ। ਇੰਨੇ ਨੂੰ ਦੁਸਹਿਰੇ ਵਾਲੇ ਦਿਨ ਰਾਵਣ ਦੀ ਆਤਮਾ ਨੇ ਰੇਲਗੱਡੀ ਅੰਦਰ ਪ੍ਰਵੇਸ਼ ਕਰ ਲਿਆ ਤੇ ਉਹ ਉੱਥੇ 60 ਤੋਂ ਵੱਧ ਬੰਦੇ ਗੱਡੀ ਥੱਲੇ ਕੁਚਲ ਕੇ ਮਾਰ ਗਈ, ਸਿਆਸਤ ਇੱਥੇ ਵੀ ਹੋਈ ਪਰ ਮੁੜ-ਖੁੜ ਸੂਈ ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿੱਚ ਬਾਦਲਾਂ ਨੂੰ ਦੋਸ਼ੀ ਠਹਿਰਾਉਣ ਵਾਲੇ ਪਾਸੇ ਵੱਲ ਇਸ਼ਾਰਾ ਕਰਨ ਲੱਗੀ ਤੇ ਇੰਨੇ ਨੂੰ ਬੰਬ ਧਮਾਕਿਆਂ ਨੇ ਸੂਬਾ ਹਿਲਾ ਕੇ ਰੱਖ ਦਿੱਤਾ। ਅਜਿਹੇ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦਾ ਸੁਖਦ ਸੁਨੇਹਾ ਆਇਆ ਤੇ ਪਿਛਲੇ ਲਗਭਗ ਪੌਣੇ ਦੋ ਸਾਲ ਤੋਂ ਤਪੇ ਬੈਠੇ ਸੂਬੇ ਦੇ ਲੋਕਾਂ ਲਈ ਇਹ ਖਬਰ ਕਿਸੇ ਠੰਡੀ ਹਵਾ ਦੇ ਬੁੱਲੇ ਵਾਂਗ ਸੀ। ਪਰ ਜਿਸ ਤਰ੍ਹਾਂ ਹੁਣ ਇਸ ’ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ ਉਸਨੂੰ ਵੇਖ ਦੁਨੀਆਂ ਭਰ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਨੂੰ ਇਹ ਡਰ ਲੱਗਣ ਲੱਗ ਪਿਆ ਹੈ ਕਿ ਕਿਤੇ ਸਿਆਸੀ ਲੋਕਾਂ ਦੀ ਇੱਕ ਦੂਜੇ ਤੋਂ ਅੱਗੇ ਲੰਘ ਜਾਣ ਦੀ ਇਹ ਦੌੜ੍ਹ ਖੁਲ੍ਹਦੇ ਖੁਲ੍ਹਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬੰਦ ਨਾ ਕਰਵਾ ਦੇਵੇ।

ਇਸ ਸਾਰੇ ਘਟਨਾਕ੍ਰਮ ਤੇ ਜੇਕਰ ਡੂੰਘੀ ਨਿਗ੍ਹਾ ਮਾਰੀਏ ਤਾਂ ਕਹਾਣੀ ਉੱਥੋਂ ਸ਼ੁਰੂ ਹੁੰਦੀ ਨਜ਼ਰ ਆਉਂਦੀ ਹੈ ਜਦੋਂ ਗੁਆਂਢੀ ਮੁਲਕ ਪਾਕਿਸਤਾਨ ਵਿਚ ਸਰਕਾਰ ਬਦਲੀ ਤੇ ਉੱਥੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਦੀ ਪਾਰਟੀ ਸੱਤਾ ਵਿੱਚ ਆਈ। ਪ੍ਰਧਾਨਮੰਤਰੀ ਵਜੋਂ ਸਹੁੰ ਚੁੱਕਣ ਮੌਕੇ ਇਮਰਾਨ ਖਾਨ ਨੇ ਆਪਣੇ ਪੁਰਾਣੇ ਕ੍ਰਿਕਟਰ ਸਾਥੀ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜੋ ਕਿ ਉੱਥੇ ਗਏ ਵੀ। ਪਰ ਕੁਝ ਚਿਰ ਬਾਅਦ ਪਾਕਿਸਤਾਨ ’ਚੋਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਸ ਵਿਚ ਨਵਜੋਤ ਸਿੰਘ ਸਿੱਧੂ ਉੱਥੋਂ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਏ ਦਿਖਾਈ ਦਿੱਤੇ। ਬੱਸ ਫਿਰ ਕੀ ਸੀ ਸਿੱਧੂ ਦੇ ਵਿਰੋਧੀਆਂ ਨੇ ਉਸਨੂੰ ਸਿਆਸੀ ਠਿੱਬੀ ਲਾਉਣ ਦਾ ਇਹ ਮੌਕਾ ਹੱਥੋਂ ਜਾਣ ਨਹੀਂ ਦਿੱਤਾ ਤੇ ਹੁਬ-ਹੁਬ ਕੇ ਮੀਡੀਆ ਸਾਹਮਣੇ ਇਹ ਬਿਆਨ ਦਿੱਤੇ ਕਿ ਨਵਜੋਤ ਸਿੰਘ ਸਿੱਧੂ ਨੇ ਉਥੋਂ ਦੇ ਫੌਜੀ ਜਨਰਲ ਨੂੰ ਜੱਫੀ ਪਾ ਕੇ ਦੇਸ਼ ਧ੍ਰੋਹੀ ਹੋਣ ਦਾ ਸਬੂਤ ਦਿੱਤਾ ਹੈ। ਬੇਗਾਨੇ ਤਾਂ ਬੇਗਾਨੇ ਸਿੱਧੂ ਦੀ ਆਪਣੀ ਪਾਰਟੀ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਵਲੋਂ ਪਾਈ ਗਈ ਇਸ ਜੱਫੀ ਦੀ ਇਹ ਕਹਿੰਦਿਆਂ ਨਿੰਦਾ ਕੀਤੀ ਕਿ ਜਿਹੜੇ ਫੌਜ ਮੁਖੀ ਸਰਹੱਦ ਤੇ ਭਾਰਤੀ ਫੌਜੀਆਂ ਨੂੰ ਮਾਰਨ ਦੇ ਹੁਕਮ ਦੇ ਰਹੇ ਹਨ, ਉਸ ਨੂੰ ਜੱਫੀ ਪਾ ਕੇ ਸਿੱਧੂ ਨੇ ਠੀਕ ਨਹੀਂ ਕੀਤਾ ਹੈ। ਇੱਕ ਸੱਜਣ ਤਾਂ ਸਾਰਿਆਂ ਨੂੰ ਪਛਾੜ ਕੇ ਸਿੱਧੂ ਨੂੰ ਦੇਸ਼ ਧ੍ਰੋਹੀ ਸਾਬਤ ਕਰਨ ਲਈ ਅਦਾਲਤ ਵਿੱਚ ਹੀ ਜਾ ਪੁੱਜੇ ਜਿੱਥੇ ਉਸਨੇ ਪਟਨਾ ਦੀ ਅਦਾਲਤ ਵਿੱਚ ਮੁਕਦਮਾ ਦਾਇਰ ਕਰ ਦਿੱਤਾ।

ਇੰਨੇ ਨੂੰ ਸਿੱਧੂ ਭਾਰਤ ਵਾਪਸ ਪਰਤੇ ਤੇ ਇੱਥੇ ਆ ਕੇ ਜਦੋਂ ਮੀਡੀਆ ਨੇ ਉਨ੍ਹਾਂ ਤੇ ਇਸ ਜੱਫੀ ਸਬੰਧੀ ਸਵਾਲਾਂ ਦੀ ਬਰਸਾਤ ਕੀਤੀ ਤਾਂ ਸਿੱਧੂ ਨੇ ਇਹ ਕਹਿ ਕੇ ਸਾਰਿਆਂ ਨੂੰ ਠੰਢਿਆਂ ਕਰ ਦਿੱਤਾ ਕਿ ਉਨ੍ਹਾਂ ਜਨਰਲ ਬਾਜਵਾ ਨੂੰ ਜੱਫੀ ਇਸ ਲਈ ਪਾਈ ਸੀ ਕਿਉਂਕਿ ਉਸਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦ ਖੋਲ੍ਹੇ ਜਾਣ ਦੀ ਗੱਲ ਆਖੀ ਸੀ। ਭਾਵੇਂ ਕਿ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਵੀ ਉਨ੍ਹਾਂ ਦੇ ਵਿਰੋਧੀਆਂ ਨੇ ਬਥੇਰੀ ਟੀਕਾ ਟਿੱਪਣੀ ਕੀਤੀ ਤੇ ਸਿੱਧੂ ਤੋਂ ਇਸ ਗੱਲ ਦਾ ਸਬੂਤ ਵੀ ਮੰਗਿਆ ਗਿਆ ਕਿ ਉਹ ਸਾਬਤ ਕਰਨ ਕਿ ਬਾਜਵਾ ਨੇ ਉਨ੍ਹਾਂ ਦੇ ਕੰਨ ਵਿਚ ਇਹੋ ਕੁਝ ਕਿਹਾ ਹੈ ਜੋ ਉਹ ਬਿਆਨ ਦੇ ਰਹੇ ਹਨ। ਪਰ ਇੱਥੇ ਵੀ ਕੁਝ ਚਿਰ ਬਾਅਦ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਖਾਨ ਨੇ ਇਹ ਲਾਂਘਾ ਖੋਲ੍ਹੇ ਜਾਣ ਦੀ ਇੱਛਾ ਪ੍ਰਗਟ ਕਰਨ ਵਾਲਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਤੋਂ ਅਜਿਹੀ ਕੋਈ ਮੰਗ ਕਰਦਾ ਹੈ ਤਾਂ ਉਹ ਇਸ ਬਾਰੇ ਵਿਚਾਰ ਕਰਨਗੇ।

ਸਮਾਂ ਲੰਘਣ ਦੇ ਨਾਲ-ਨਾਲ ਦੋ ਤਿੰਨ ਵਾਰ ਪਾਕਿਸਤਾਨ ਨੇ ਇਹ ਬਿਆਨ ਦੁਹਰਾਇਆ ਤੇ ਇੱਧਰ ਭਾਰਤ ਵਾਲੇ ਪਾਸੇ ਇਸ ਲਾਂਘੇ ਨੂੰ ਖੋਲ੍ਹੇ ਜਾਣ ਸਬੰਧੀ ਸਿਆਸਤ ਆਪਣੀ ਚਰਮ ਸੀਮਾ ਤੇ ਜਾ ਪੁੱਜੀ। ਫਿਰ ਕੀ ਐਸਜੀਪੀਸੀ, ਕੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਕੀ ਬਾਦਲ, ਇਨ੍ਹਾਂ ਸਾਰਿਆਂ ਨੇ ਫਟਾਫਟ ਜਾ-ਜਾ ਕੇ ਕੇਂਦਰ ਸਰਕਾਰ ਨੂੰ ਇਹ ਲਾਂਘਾ ਖੋਲ੍ਹੇ ਜਾਣ ਸਬੰਧੀ ਬੇਨਤੀਆਂ ਕਰਨੀਆਂ ਤੇਜ਼ ਕਰ ਦਿੱਤੀਆਂ ਕਿ ਕਿਤੇ ਇਹ ਲਾਂਘਾ ਖੁਲ੍ਹਣ ਦਾ ਸਿਹਰਾ ਨਵਜੋਤ ਸਿੱਧੂ ਨਾ ਲੈ ਜਾਵੇ। ਸਿਹਰਾ ਲੈਣ ਦੀ ਇਸ ਦੌੜ੍ਹ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਕਿਤੇ ਨਾ ਕਿਤੇ ਸ਼ਾਮਲ ਹੋਏ ਜਿਨ੍ਹਾਂ ਨੇ ਕੇਂਦਰ ਸਰਕਾਰ ਕੋਲ ਇਹ ਮੁੱਦਾ ਚੁੱਕਿਆ ਤੇ ਉਸ ਵੇਲੇ ਕੈਪਟਨ ਦਾ ਇਹ ਕਹਿਣਾ ਸੀ ਕਿ ਇਹ ਮੁੱਦਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਾਕਿਸਤਾਨ ਸਰਕਾਰ ਕੋਲ ਪਹਿਲਾਂ ਹੀ ਚੁੱਕ ਚੁੱਕੇ ਹਨ। ਇਸ ਦੌਰਾਨ ਗਾਹੇ-ਬਗਾਹੇ ਰਾਖ ਦੇ ਢੇਰ ਵਿੱਚ ਸੁਲਗ ਰਹੀ ਚਿੰਗਾਰੀ ਵਾਂਗ ਇਹ ਮੁੱਦਾ ਪੰਜਾਬ ਦੀ ਸਿਆਸਤ ਅੰਦਰ ਸੁਲਗਦਾ ਰਿਹਾ ਤੇ ਆਖਰਕਾਰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਕਿ ਪਾਕਿਸਤਾਨ ਨੂੰ ਚਿੱਠੀ ਲਿਖ ਕੇ ਇਹ ਲਾਂਘਾ ਖੋਲ੍ਹੇ ਜਾਣ ਦੀ ਗੱਲ ਕੀਤੀ ਜਾਵੇਗੀ।

ਭਾਰਤ ਸਰਕਾਰ ਦੇ ਮੂੰਹੋਂ ਹਲੇ ਇਹ ਬਿਆਨ ਨਿਕਲਿਆ ਹੀ ਸੀ ਕਿ ਪਾਕਿਸਤਾਨ ਸਰਕਾਰ ਨੇ ਭਾਰਤ ਦੇ ਚਿੱਠੀ ਲਿਖਣ ਤੋਂ ਪਹਿਲਾਂ ਹੀ ਈਮੇਲ ਨਾਲੋਂ ਵੀ ਤੇਜ਼ੀ ਨਾਲ ਉੱਤਰ ਦਿੰਦਿਆਂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਲਾਂਘੇ ਦੀ ਉਸਾਰੀ ਲਈ ਧਰਤੀ ’ਤੇ ਟੱਕ ਲਾਉਣ ਦਾ ਵੀ ਐਲਾਨ ਕਰ ਦਿੱਤਾ। ਜਿਸਦੇ ਜਵਾਬ ਵਿਚ ਭਾਰਤ ਨੇ 26 ਨਵੰਬਰ ਨੂੰ ਭਾਰਤ ਵਾਲੇ ਪਾਸੇ ਇਹ ਟੱਕ ਲਾਏ ਜਾਣ ਦਾ ਐਲਾਨ ਕੀਤਾ।

ਇਸ ਦੌਰਾਨ ਇੱਕ ਵਾਰ ਫਿਰ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਨਾਲ ਆਪਣੀ ਦੋਸਤੀ ਨਿਭਾਈ ਤੇ ਉਨ੍ਹਾਂ ਨੂੰ 28 ਨਵੰਬਰ ਵਾਲੇ ਦਿਨ ਕੀਤੇ ਜਾਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇੱਥੇ ਹੀ ਆ ਕੇ ਸਿਆਸਤ ਭਖ ਗਈ ਤੇ ਚਾਰੇ ਪਾਸੇ ਸਿੱਧੂ ਦੀ ਇਹ ਕਹਿ ਕੇ ਬੱਲੇ-ਬੱਲੇ ਹੋ ਗਈ ਕਿ ਇਸ ਮੁੱਦੇ ’ਤੇ ਨਵਜੋਤ ਸਿੰਘ ਸਿੱਧੂ ਮੋਰਚਾ ਮਾਰ ਗਿਆ ਕਿਉਂਕਿ ਇਮਰਾਨ ਖਾਨ ਵਲੋਂ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਇਹ ਸਾਬਤ ਕਰਦਾ ਹੈ ਕਿ ਇਹ ਲਾਂਘਾ ਸਿੱਧੂ ਕਾਰਨ ਹੀ ਖੁਲ੍ਹਣ ਜਾ ਰਿਹਾ ਹੈ। ਹਾਲਾਤ ਇਹ ਬਣ ਗਏ ਕਿ ਲੋਕ ਤਾਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਅਗਲੇ ਮੁੱਖਮੰਤਰੀ ਵਜੋਂ ਦੇਖਣ ਲੱਗ ਪਏ। ਇਸ ਦੌਰਾਨ ਸਿਆਸਤ ਨੇ ਫੇਰ ਪਲਟੀ ਖਾਧੀ। ਸ਼ਾਮ ਢਲਦਿਆਂ ਪਾਕਿਸਤਾਨ ਵਲੋਂ ਇੱਕ ਸੱਦਾ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਿੱਤਾ ਗਿਆ ਕਿ ਉਹ ਵੀ ਉਨ੍ਹਾਂ ਹੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਆਉਣ ਜਿਨ੍ਹਾਂ ਵਿਚ ਸ਼ਾਮਿਲ ਹੋਣ ਲਈ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਗਿਆ ਸੀ। ਇੱਥੇ ਸੁਸ਼ਮਾ ਸਵਰਾਜ ਨੇ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਭਾਈਵਾਲੀ ਨਿਭਾਈ ਤੇ ਆਪਣੀ ਜਗ੍ਹਾ ਕੇਂਦਰੀ ਵਜ਼ਾਰਤ ਵਿੱਚ ਸ਼ਾਮਲ ਅਕਾਲੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਨੂੰ ਪਾਕਿਸਤਾਨ ਭੇਜਣ ਦਾ ਐਲਾਨ ਕਰ ਦਿੱਤਾ ਤਾਂ ਕਿ ਜੋ ਸਿਆਸੀ ਘਾਟਾ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਨਾਲ ਉਨ੍ਹਾਂ ਦੇ ਗਠਜੋੜ ਨੂੰ ਪੈਣ ਵਾਲਾ ਸੀ ਉਸਦੀ ਭਰਪਾਈ ਹੋ ਸਕੇ। ਇਨ੍ਹਾਂ ਹਾਲਾਤਾਂ ਦਾ ਹਲੇ ਸਿਆਸੀ ਮਾਹਰ ਵਿਸ਼ਲੇਸ਼ਣ ਕਰ ਹੀ ਰਹੇ ਸਨ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਜਾਰੀ ਕਰਦਿਆਂ ਇਹ ਐਲਾਨ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਕੁਰੈਸ਼ੀ ਨੂੰ ਚਿੱਠੀ ਲਿਖ ਕੇ ਇਹ ਦੱਸ ਦਿੱਤਾ ਹੈ ਕਿ ਕਿਉਂਕਿ ਪਾਕਿਸਤਾਨ ਸੂਬੇ ਵਿੱਚ ਅੱਤਵਾਦ ਫੈਲਾ ਰਿਹਾ ਹੈ, ਭਾਰਤੀ ਸਰਹੱਦਾਂ ਤੇ ਸਾਡੇ ਫੌਜੀਆਂ ਨੂੰ ਮਾਰ ਰਿਹਾ ਹੈ ਇਸ ਲਈ ਇਨ੍ਹਾਂ ਹਾਲਾਤਾਂ ਵਿੱਚ ਉਹ ਪਾਕਿਸਤਾਨ ਨਹੀਂ ਜਾਣਗੇ।

ਜਿਉਂ ਹੀ ਮੁੱਖ ਮੰਤਰੀ ਦਾ ਇਹ ਬਿਆਨ ਜਨਤਕ ਹੋਇਆ ਤਾਂ ਚਾਰੋਂ ਪਾਸੋਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਮਨਾਂ ਵਿੱਚ ਇੱਕ ਅਜੀਬ ਜਿਹਾ ਭੈਅ ਪਸਰ ਗਿਆ ਕਿ ਕਿਤੇ ਇਨ੍ਹਾਂ ਸਿਆਸੀ ਲੋਕਾਂ ਦੀ ਆਪਸੀ ਖਹਿਬਾਜ਼ੀ ਤੋਂ ਨਾਰਾਜ਼ ਹੋ ਕੇ ਪਾਕਿਸਤਾਨ ਇਸ ਲਾਂਘੇ ਨੂੰ ਖੋਲ੍ਹਣ ਤੋਂ ਮੁਕਰ ਹੀ ਨਾ ਜਾਵੇ ਕਿਉਂਕਿ ਲੋਕਾਂ ਨੇ ਮੁੱਖਮੰਤਰੀ ਵਲੋਂ ਦਿੱਤੇ ਗਏ ਬਿਆਨ ਨੂੰ ਨਿਰੋਲ ਸਿਆਸੀ ਲਾਹਾ ਲੈਣ ਵਾਲਾ ਕਰਾਰ ਦਿੱਤਾ ਹੈ। ਸਿੱਖ ਸੰਗਤਾਂ ਦਾ ਇਹ ਮੰਨਣਾ ਹੈ ਕਿ ਸਾਰੀਆਂ ਸਿਆਸਤਾਂ, ਸਾਰੀਆਂ ਲੜਾਈਆਂ ਅਤੇ ਦੋ ਦੇਸ਼ਾਂ ਦੀਆਂ ਆਪਸੀ ਦੇਸ਼ਭਗਤੀਆਂ ਇੱਕ ਪਾਸੇ ਤੇ ਇਹ ਲਾਂਘਾ ਖੋਲ੍ਹ ਕੇ ਦਹਾਕਿਆਂ ਤੋਂ ਸਿੱਖ ਸੰਗਤ ਦੀ ਪੂਰੀ ਹੋਣ ਜਾ ਰਹੀ ਮਨੋਕਾਮਨਾ ਇੱਕ ਪਾਸੇ ਹੈ। ਇਸ ਲਈ ਕੁਝ ਵੀ ਹੋਵੇ ਇਹ ਲਾਂਘਾ ਜਰੂਰ ਖੁਲ੍ਹਣਾ ਚਾਹੀਦਾ ਹੈ। ਲਿਹਾਜ਼ਾ ਲੋਕਾਂ ਦੀ ਇਹ ਮੰਗ ਹੈ ਕਿ ਸਿਆਸੀ ਲੋਕ ਅਜਿਹਾ ਕੁਝ ਨਾ ਕਰਨ ਜਿਸ ਨਾਲ ਇਸ ਖੁਲ੍ਹਦੇ ਹੋਏ ਲਾਂਘੇ ਦੇ ਰਸਤੇ ਵਿੱਚ ਰੁਕਾਵਟ ਪੈਦਾ ਹੋਵੇ। ਨਹੀਂ ਤਾਂ ਇਤਿਹਾਸ ਗਵਾਹ ਹੈ ਕਿ ਧਰਮ ਦੀ ਖਾਤਰ ਤਾਂ ਲੋਕ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਗਏ ਇਹ ਤਾਂ ਫਿਰ ਸਰਕਾਰਾਂ ਨੇ ਜਿਨ੍ਹਾਂ ਨੂੰ ਵੋਟਾਂ ਦੀ ਤਾਕਤ ਨਾਲ ਬਦਲਣਾ ਕੋਈ ਔਖਾ ਕੰਮ ਨਹੀਂ ਹੈ।

Facebook Comments
Facebook Comment