• 4:05 pm
Go Back

ਸੰਗਰੂਰ : ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਇਹ ਕਹਿ ਕੇ ਲੋਕ ਸਭਾ ਹਲਕਾ ਸੰਗਰੂਰ ਦੀ ਸਿਆਸਤ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ, ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਨਾ ਸਿਰਫ ਆਪਣੀ ਹੀ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਵਿਰੁੱਧ ਵੋਟਾਂ ਪਵਾਈਆਂ, ਬਲਕਿ ਉਨ੍ਹਾਂ ਦੀ ਜਮਾਨਤ ਤੱਕ ਜਬਤ ਕਰਵਾ ਦਿੱਤੀ ਸੀ। ਧੀਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਿੰਗਲਾ ਨੂੰ ਕਹਿ ਕੇ ਹਰਵਾਇਆ ਸੀ, ਤੇ ਸਿੰਗਲਾ ਦੀ ਪਿੱਠ ‘ਚ ਨਹੀਂ ਬਲਕਿ ਛਾਤੀ ‘ਚ ਛੁਰਾ ਮਾਰਿਆ ਸੀ। ਸੁਰਜੀਤ ਸਿੰਘ ਧੀਮਾਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਦੱਸ ਦਈਏ ਕਿ ਸੁਰਜੀਤ ਸਿੰਘ ਧੀਮਾਨ ਆਪਣੇ ਪੁੱਤਰ ਜਸਵਿੰਦਰ ਸਿੰਘ ਧੀਮਾਨ ਨੂੰ ਕਾਂਗਰਸ ਪਾਰਟੀ ਵੱਲੋਂ ਸੰਗਰੂਰ ਤੋਂ ਟਿਕਟ ਨਾ ਦਿੱਤੇ ਜਾਣ ‘ਤੇ ਨਰਾਜ਼ ਚੱਲੇ ਆ ਰਹੇ ਸਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਰਜੀਤ ਸਿੰਘ ਧੀਮਾਨ ਨੇ ਸਭ ਤੋਂ ਵੱਧ ਸ਼ਬਦੀ ਵਾਰ ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ‘ਤੇ ਕੀਤੇ। ਉਨ੍ਹਾਂ ਕਿਹਾ ਕਿ ਸਿੰਗਲਾ ਦੇ ਗਲਤ ਬੋਲਣ ਕਾਰਨ ਹੀ ਉਨ੍ਹਾਂ ਨੇ ਸ਼ਰੇਆਮ ਕਹਿ ਕੇ ਸਿੰਗਲਾ ਦਾ ਵਿਰੋਧ ਕੀਤਾ ਤੇ ਉਨ੍ਹਾਂ ਦੀ ਜ਼ਮਾਨਤ ਤੱਕ ਜਬਤ ਕਰਵਾ ਕੇ ਸਿੰਗਲਾ ਦੇ ਨਾਮ ਨਾਲ ਇੱਕ ਅਜਿਹਾ ਰਿਕਾਰਡ ਜੋੜ ਦਿੱਤਾ ਸੀ, ਜੋ ਪੂਰੇ ਭਾਰਤ ਵਿੱਚ ਕਿਸੇ ਵੀ ਕਾਂਗਰਸੀ ਦੇ ਨਾਮ ਨਾਲ ਨਹੀਂ ਜੁੜਿਆ ਹੋਇਆ।

ਸੁਰਜੀਤ ਸਿੰਘ ਧੀਮਾਨ ਨੇ ਦਾਅਵਾ ਕੀਤਾ ਕਿ ਉਸ ਵੇਲੇ ਉਨ੍ਹਾਂ ਨੇ ਸੰਗਰੂਰ ਤੋਂ ਅਜਾਦ ਉਮੀਦਵਾਰ ਦੇ ਤੌਰ ‘ਤੇ ਲੜਨ ਦਾ ਐਲਾਨ ਕੀਤਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਵੀ ਜੇਕਰ ਸੰਗਰੂਰ ਹਲਕੇ ਦੇ ਲੋਕ ਜਸਵਿੰਦਰ ਧੀਮਾਨ ਨੂੰ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਕਹਿਣਗੇ ਤਾਂ ਉਹ ਆਪਣੇ ਪੁੱਤਰ ਦੀ ਮਦਦ ਜਰੂਰ ਕਰਨਗੇ। ਬਾਗ਼ੀ ਸੁਰ ਫੜ ਚੁਕੇ ਸੁਰਜੀਤ ਸਿੰਘ ਧੀਮਾਨ ਨੇ ਦਾਅਵਾ ਕੀਤਾ, ਕਿ ਪੰਜਾਬ ਅੰਦਰ ਮੌਜੂਦਾ ਸਮੇਂ 34 ਫੀਸਦੀ ਓਬੀਸੀ ਭਾਈਚਾਰਾ ਹੈ, ਤੇ ਕਾਂਗਰਸ ਪਾਰਟੀ ਨੇ ਇਸ ਭਾਈਚਾਰੇ ਨੂੰ ਉਨ੍ਹਾਂ ਦਾ ਬਣਦਾ ਯੋਗ ਸਨਮਾਨ ਨਹੀਂ ਦਿੱਤਾ। ਜਿਸ ਕਾਰਨ ਇਹ ਭਾਈਚਾਰਾ ਨਿਰਾਸ਼ ਹੈ। ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਬੀਤੇ ਸਮੇਂ ਜਦੋਂ ਪੰਜਾਬ ਅੰਦਰ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਤਾਂ ਉਸ ਵੇਲੇ ਵੀ ਓਬੀਸੀ ਭਾਈਚਾਰੇ ਨੂੰ ਅਣ ਦੇਖਿਆ ਕੀਤਾ ਗਿਆ ਤੇ ਹੁਣ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਮੰਗਣ ‘ਤੇ ਵੀ ਪਾਰਟੀ ਨੇ ਇਸ ਮੰਗ ਨੂੰ ਅਣਦੇਖਿਆਂ ਕਰ ਦਿੱਤਾ ਹੈ।

ਬਿਨਾਂ ਸ਼ੱਕ ਸੁਰਜੀਤ ਸਿੰਘ ਧੀਮਾਨ ਵੱਲੋਂ ਦਿੱਤਾ ਗਿਆ ਇਹ ਬਿਆਨ ਕਾਂਗਰਸ ਪਾਰਟੀ ਵਿਰੁੱਧ ਬਗਾਵਤ ਮੰਨਿਆ ਜਾਵੇਗਾ, ਤੇ ਕੈਪਟਨ ਅਮਰਿੰਦਰ ਸਿੰਘ ਟਿਕਟਾਂ ਦੀ ਵੰਡ ਤੋਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜਿਹੜਾ ਕਾਂਗਰਸੀ ਆਗੂ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਵਿਰੁੱਧ ਬਾਗੀ ਤੇਵਰ ਅਪਣਾਏਗਾ ਉਸ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਸੁਰਜੀਤ ਸਿੰਘ ਧੀਮਾਨ ਦੇ ਇਸ ਬਿਆਨ ‘ਤੇ ਗੁੱਸਾ ਕਦੋਂ ਆਵੇਗਾ ਤੇ ਉਹ ਗੁੱਸੇ ‘ਚ ਆ ਕੇ ਆਪਣੀ ਕਥਨੀ ਨੂੰ ਕਰਨੀ ਵਿੱਚ ਕਦੋਂ ਤਬਦੀਲ ਕਰਨਗੇ ਵਿਰੋਧੀਆਂ ਦੀ ਨਿਗ੍ਹਾ ਇਸ ‘ਤੇ ਲਗਾਤਾਰ ਟਿਕੀ ਹੋਈ ਹੈ।

Facebook Comments
Facebook Comment