• 1:43 pm
Go Back

ਪਟਿਆਲਾ: ਇੰਝ ਜਾਪਦਾ ਹੈ ਕਿ ਸਿਆਸਤਦਾਨਾਂ ਦਾ ਲਗਾਤਾਰ ਸ਼ਿਕਾਰ ਕਰ ਰਿਹਾ “ਮੀ ਟੂ” ਦਾ ਜਿਹੜਾ ਦਾਨਵ ਆਪਣੀ ਭੁੱਖ ਸ਼ਾਂਤ ਕਰਕੇ ਸੌਂ ਗਿਆ ਸੀ, ਉਹ ਦਾਨਵ ਇੱਕ ਵਾਰ ਫਿਰ ਉੱਠ ਖਲੋਤਾ ਹੈ। ਇਸ ਵਾਰ ਇਹ ਦਾਨਵ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜ਼ਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਵਿਰੁੱਧ 2 ਨਵੰਬਰ 2018 ਨੂੰ ਪਟਿਆਲਾ ਦੇ ਘਨੌਰ ਥਾਣੇ ਵਿੱਚ ਦਰਜ਼ ਕੀਤੇ ਗਏ ਬਲਾਤਕਾਰ ਅਤੇ ਧੋਖਾਧੜੀ ਵਾਲੇ ਇੱਕ ਮਾਮਲੇ ਦੇ ਕਾਗਜ਼ ਕੱਡ ਲਿਆਇਆ ਹੈ ਤੇ ਉਨ੍ਹਾਂ ਕਾਗਜ਼ਾਂ ਰਾਂਹੀ ਇਸ ਦਾਨਵ ਨੇ ਘਨੌਰ ਪੁਲਿਸ ਤੇ ਜ਼ੋਰ ਪੁਵਾ ਕੇ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਗ੍ਰਿਫਤਾਰ ਕਰਵਾ ਦਿੱਤਾ ਹੈ। ਇਸ ਕੇਸ ਵਿੱਚ ਹਰਪਾਲਪੁਰ ਨੂੰ ਗ੍ਰਿਫਤਾਰ ਕਰਨ ਗਏ ਥਾਣਾ ਘਨੌਰ ਦੇ ਮੁਖੀ ਅਮਨਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਵਿੰਦਰ ਸਿੰਘ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ ਪਰ ਉਸ ਨੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ ਇਸ ਲਈ ਹਰਪਾਲਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੱਸ ਦਈਏ ਕਿ ਬੀਤੇ ਦਿਨੀਂ ਇੱਕ ਔਰਤ ਨੇ ਹਰਵਿੰਦਰ ਹਰਪਾਲਪੁਰ ਵਿਰੁੱਧ ਇਹ ਸ਼ਿਕਾਇਤ ਦਰਜ ਕਰਵਾਈ ਸੀ ਕਿ ਜ਼ਮੀਨ ਦੇ ਇੱਕ ਮਾਮਲੇ ਵਿੱਚ ਹਰਪਾਲਪੁਰ ਨਾ ਸਿਰਫ਼ ਉਨ੍ਹਾਂ ਦੇ ਲੱਖਾਂ ਰੁਪਏ ਡਕਾਰ ਗਿਆ ਬਲਕਿ ਉਸਨੇ ਉਸ ਔਰਤ ਨਾਲ ਸਰੀਰਕ ਸਬੰਧ ਵੀ ਕਾਇਮ ਕੀਤੇ। ਪੁਲਿਸ ਨੇ ਇਸ ਸਬੰਧ ਵਿਚ ਹਰਵਿੰਦਰ ਹਰਪਾਲਪੁਰ ਵਿਰੁੱਧ ਆਈ.ਪੀ.ਸੀ. ਦੀ ਧਾਰਾ 420,376,506, 120ਬੀ ਤਹਿਤ ਪਰਚਾ ਦਰਜ ਕੀਤਾ ਸੀ।

ਇਸ ਸਬੰਧ ਵਿੱਚ ਥਾਣਾ ਘਨੌਰ ਪੁਲਿਸ ਨੂੰ ਦਿੱਤੀ ਗਈ ਇਸ ਸ਼ਿਕਾਇਤ ਵਿੱਚ ਪੀੜਤ ਔਰਤ ਨੇ ਇਹ ਦੋਸ਼ ਲਾਇਆ ਸੀ ਕਿ ਕੁਝ ਸਾਲ ਪਹਿਲਾਂ ਜਦੋਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਤਾਂ ਉਹ ਪਤੀ ਦੇ ਨਾਂ ਚੜ੍ਹੀ ਜ਼ਮੀਨ ਦਾ ਇੰਤਕਾਲ ਆਪਣੇ ਨਾਂ ਕਰਵਾਉਣਾ ਚਾਹੁੰਦੀ ਸੀ। ਜਿਸ ਤਹਿਤ ਉਸਨੇ ਉਨ੍ਹਾਂ ਦੇ ਘਰ ਆਉਂਦੇ ਜਸਬੀਰ ਸਿੰਘ ਨਾਂ ਦੇ ਇੱਕ ਅਜਿਹੇ ਸ਼ਖਸ ਨਾਲ ਗੱਲ ਕੀਤੀ ਜੋ ਕਿ ਪਿੰਡ ਬਘੋਰਾ ਦਾ ਸਾਬਕਾ ਸਰਪੰਚ ਸੀ। ਔਰਤ ਅਨੁਸਾਰ ਜਸਬੀਰ ਸਿੰਘ ਨੇ ਉਸਨੂੰ ਕਿਹਾ ਕਿ ਉਸਦੀ ਜਾਣ ਪਹਿਚਾਣ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਨਾਲ ਹੈ ਜੋ ਕਿ ਮਾਲ ਵਿਭਾਗ ਵਿਚੋਂ ਇਸ ਜ਼ਮੀਨ ਦਾ ਇੰਤਕਾਲ ਉਸਦੇ ਨਾਮ ਉੱਤੇ ਕਰਵਾ ਦੇਵੇਗਾ।

ਬਿਆਨਾਂ ਅਨੁਸਾਰ ਜਸਬੀਰ ਸਿੰਘ ਨਾਲ ਪੁਰਾਣੀ ਜਾਣ ਪਹਿਚਾਣ ਹੋਣ ਕਾਰਨ ਉਸ ਔਰਤ ਨੇ ਆਪਣੀ ਜ਼ਮੀਨ ਦੇ ਕਾਗਜ਼ ਅਤੇ ਕੁਝ ਹੋਰ ਕਾਗਜ਼ਾਂ ਤੇ ਅੰਗੂਠਾ ਲਗਾ ਕੇ ਸਾਰਾ ਕੁਝ ਜਸਬੀਰ ਸਿੰਘ ਅਤੇ ਹਰਵਿੰਦਰ ਹਰਪਾਲਪੁਰ ਦੇ ਹਵਾਲੇ ਕਰ ਦਿੱਤੇ ਪਰ ਉਨ੍ਹਾਂ ਨੇ ਇਹ ਕੰਮ ਕਰਵਾਉਣ ਦੇ ਬਦਲੇ ਪੀੜਤ ਔਰਤ ਨਾਲ ਸਰੀਰਕ ਸਬੰਧ ਬਣਵਾਉਣ ਦੀ ਸ਼ਰਤ ਰੱਖੀ ਜਿਸਦੇ ਇਨਕਾਰ ਤੋਂ ਬਾਅਦ ਹਰਵਿੰਦਰ ਹਰਪਾਲਪੁਰ ਅਤੇ ਜਸਬੀਰ ਸਿੰਘ ਨੇ ਉਸਦੇ ਕਾਗਜ਼ ਵਾਪਸ ਕਰਨ ਤੋਂ ਮਨ੍ਹਾਂ ਕਰ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਇਸ ਲਈ ਉਸਨੂੰ ਮਜ਼ਬੂਰ ਹੋ ਕੇ ਉਨ੍ਹਾਂ ਦੀ ਗੱਲ ਮੰਨਣੀ ਪਈ ਜਿਸ ਤੋਂ ਬਾਅਦ ਉਹ ਲੋਕ ਉਸਨੂੰ ਘਨੌਰ ਵਿਖੇ ਲੈ ਗਏ ਤੇ ਕਹਿਣ ਲੱਗੇ ਕਿ ਅਸੀਂ ਤੇਰੇ ਨਾਮ ਤੇ ਜ਼ਮੀਨ ਦਾ ਇੰਤਕਾਲ ਚੜ੍ਹਾ ਦਿੱਤਾ ਹੈ ਹੁਣ ਤੂੰ ਇਹ ਜ਼ਮੀਨ ਵੇਚ ਦੇ ਨਹੀਂ ਤਾਂ ਦੁਬਾਰਾ ਕੋਈ ਚੱਕਰ ਪੈ ਸਕਦਾ ਹੈ। ਸ਼ਿਕਾਇਤ ਵਿੱਚ ਅੱਗੇ ਲਿਖਿਆ ਸੀ ਕਿ ਉਕਤ ਵਿਅਕਤੀਆਂ ਨੇ ਉਸਨੂੰ ਲਾਲਚ ਦਿੱਤਾ ਕਿ ਉਸ 13 ਵਿੱਘੇ ਜ਼ਮੀਨ ਨੂੰ ਉਹ 50 ਲੱਖ ਰੁਪਏ ਵਿੱਚ ਖਰੀਦ ਲੈਣਗੇ ਜਿਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਪੀੜਤਾ ਨੇ ਜ਼ਮੀਨ ਦੀਆਂ ਦੋ ਰਜਿਸਟਰੀਆਂ ਕੁਲਵੰਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਬਘੌਰਾ ਦੇ ਨਾਮ ’ਤੇ ਕਰਵਾ ਦਿੱਤੀਆਂ ਤੇ ਮੌਕੇ ਤੇ ਉਨ੍ਹਾਂ ਨੇ ਪੀੜਤਾ ਨੂੰ 15 ਲੱਖ ਰੁਪਏ ਦਾ ਡਰਾਫਟ ਦੇ ਦਿੱਤਾ ਜਦਕਿ ਬਾਕੀ ਬਚਦੇ 35 ਲੱਖ ਰੁਪਏ ਖਾਤੇ ਵਿੱਚ ਪਾਉਣ ਦਾ ਵਾਅਦਾ ਕੀਤਾ।

ਸ਼ਿਕਾਇਤਕਰਤਾ ਅਨੁਸਾਰ ਜਸਬੀਰ ਸਿੰਘ ਅਤੇ ਹਰਵਿੰਦਰ ਸਿੰਘ ਹਰਪਾਲਪੁਰ ਦਾ ਇਹ ਕਹਿਣਾ ਸੀ ਕਿ ਹੁਣ 5 ਵਜੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਇਸ ਲਈ ਬੈਂਕ ਵਿਚੋਂ ਪੈਸੇ ਨਹੀਂ ਕਢਵਾਏ ਜਾ ਸਕਦੇ ਤੇ ਇਸ ਲਈ ਅਸੀਂ ਪੈਸੇ ਤੇਰੇ ਖਾਤੇ ਵਿੱਚ ਜਮ੍ਹਾਂ ਕਰਵਾ ਦਿਆਂਗੇ। ਪਰ ਉਕਤ ਵਿਅਕਤੀਆਂ ਨੇ ਉਸਦੇ ਨਾਮ ਤੇ ਕੋਈ ਪੈਸੇ ਜਮ੍ਹਾਂ ਨਹੀਂ ਕਰਵਾਏ। ਪੀੜਤਾ ਅਨੁਸਾਰ ਬਾਅਦ ਵਿਚ ਇਨ੍ਹਾਂ ਨੇ ਇਹ ਬਹਾਨਾ ਲਗਾਇਆ ਕਿ ਜੇਕਰ ਇੰਨੇ ਪੈਸੇ ਇਕੱਠੇ ਤੇਰੇ ਖਾਤੇ ਵਿੱਚ ਜਮ੍ਹਾਂ ਕਰਵਾਏ ਤਾਂ ਤੈਨੂੰ ਇਨਕਮ ਟੈਕਸ ਦਾ ਚੱਕਰ ਪੈ ਜਾਏਗਾ ਇਸ ਲਈ ਤੂੰ 15-20 ਦਿਨ ਹੋਰ ਇੰਤਜ਼ਾਰ ਕਰ ਲੈ। ਪਰ ਜਦੋਂ 15-20 ਦਿਨ ਬਾਅਦ ਉਸਨੇ ਇੱਕ ਵਾਰ ਫਿਰ ਹਰਵਿੰਦਰ ਹਰਪਾਲਪੁਰ ਅਤੇ ਜਸਬੀਰ ਸਿੰਘ ਕੋਲ 35 ਲੱਖ ਰੁਪਏ ਦਾ ਤਕਾਜਾ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਤੂੰ ਸਾਡੀ ਬਦਨਾਮੀ ਕਰ ਰਹੀ ਹੈਂ, ਅਸੀਂ ਤੈਨੂੰ ਕੋਈ ਪੈਸਾ ਨਹੀਂ ਦੇਣਾ। ਤੂੰ ਜੋ ਕਰਨਾ ਹੈ ਕਰ ਲੈ, ਤੇ ਜੇਕਰ ਜ਼ਿਆਦਾ ਰੌਲਾ ਪਾਇਆ ਤਾਂ ਤੈਨੂੰ ਜਾਨ ਤੋਂ ਮਾਰ ਦਿਆਂਗੇ।

ਪੀੜਤਾ ਅਨੁਸਾਰ ਉਕਤ ਵਿਅਕਤੀਆਂ ਨੇ ਉਸ ਨਾਲ ਨਾ ਸਿਰਫ਼ ਬਲਾਤਕਾਰ ਕੀਤਾ ਬਲਕਿ ਉਸ ਨਾਲ 35 ਲੱਖ ਰੁਪਏ ਦੀ ਠੱਗੀ ਵੀ ਮਾਰ ਲਈ, ਤੇ ਉਸ ਤੋਂ ਬਾਅਦ ਇਹ ਲੋਕ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ ਜਿਸ ਕਾਰਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਜੇਕਰ ਉਸਦੀ ਦਰਖਾਸਤ ਤੇ ਕੋਈ ਕਾਰਵਾਈ ਨਾ ਹੋਈ ਤਾਂ ਉਸਨੂੰ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਵੇਗੀ।

ਪੀੜਤਾ ਦੇ ਇਸ ਬਿਆਨ ਤੋਂ ਬਾਅਦ ਥਾਣਾ ਘਨੌਰ ਮੁਖੀ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਮਿਤੀ 1 ਨਵੰਬਰ ਨੂੰ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤੇ ਜਸਬੀਰ ਸਿੰਘ ਨੂੰ ਟੈਲੀਫੋਨ ਕਰਕੇ ਸ਼ਾਮਲ ਤਫਤੀਸ਼ ਹੋਣ ਲਈ ਬੁਲਾਇਆ ਪਰ ਉਸਨੇ ਪੁਲਿਸ ਕੋਲ ਆ ਕੇ ਬਿਆਨ ਦੇਣ ਤੋਂ ਮਨ੍ਹਾਂ ਕਰ ਦਿੱਤਾ ਜਿਸ ਤੇ ਪੁਲਿਸ ਨੇ ਹਰਵਿੰਦਰ ਹਰਪਾਲਪੁਰ, ਜਸਬੀਰ ਸਿੰਘ ਅਤੇ ਕੁਲਵੰਤ ਕੌਰ ਦੇ ਖਿਲਾਫ਼ ਆਈ.ਪੀ.ਸੀ. ਦੀ ਧਾਰਾ 420,376,506, 120ਬੀ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਹਰਵਿੰਦਰ ਹਰਪਾਲਪੁਰ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਤੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜ਼ਰਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਵੱਲੋਂ ਇਹੋ ਜਿਹੀਆਂ ਗ੍ਰਿਫਤਾਰੀਆਂ ਅਕਾਲੀਆਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਡਰਾਉਣ ਲਈ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਨ੍ਹਾਂ ਚੋਣਾ ਵਿੱਚ ਕੋਈ ਮਰਦ ਮੈਂਬਰ ਚੋਣ ਬੂਥ ਨਾ ਲਾ ਸਕੇ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਅਕਾਲੀ ਡਰਨਗੇ ਨਹੀਂ ਕਿਉਕਿ ਜੇਕਰ ਮਰਦ ਮੈਂਬਰਾਂ ਦੀ ਗੈਰ ਹਾਜ਼ਰੀ ਵਿੱਚ ਅਕਾਲੀਆਂ ਵੱਲੋਂ ਔਰਤਾਂ ਚੋਣ ਬੂਥ ਲਾਉਣਗੀਆਂ।

ਇੱਥੇ ਦੱਸ ਦੇਈਏ ਕਿ ਸਾਂਸਦ ਪ੍ਰੇਮ ਸਿੰਘ ਚੰਦੂਮਾਜਰੇ ਦਾ ਭਾਣਜਾ ਹਰਵਿੰਦਰ ਸਿੰਘ ਹਰਪਾਲਪੁਰ ਮਾਰਕਿਟ ਕਮੇਟੀ ਪਟਿਆਲਾ ਦਾ ਚੇਅਰਮੈਨ ਰਹਿਣ ਦੇ ਨਾਲ-ਨਾਲ ਖਾਦੀ ਬੋਰਡ, ਪੰਜਾਬ ਦਾ ਸੀਨੀਅਰ ਵਾਈਸ ਚੇਅਰਮੈਨ ਵੀ ਰਹਿ ਚੁੱਕਿਆ ਹੈ। ਹਰਵਿੰਦਰ ਹਰਪਾਲਪੁਰ ਇਨੀਂ ਦਿਨੀਂ ਸ਼੍ਰੋਮਣੀ ਅਕਾਲੀ ਜ਼ਿਲ੍ਹਾ ਪਟਿਆਲਾ ਦਾ ਸੀਨੀਅਰ ਮੀਤ ਪ੍ਰਧਾਨ ਹੋਣ ਦੇ ਨਾਲ-ਨਾਲ ਸਾਂਸਦ ਪ੍ਰੇਮ ਸਿੰਘ ਚੰਦੂਮਾਜਰੇ ਦੇ ਪੁੱਤਰ ਅਤੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਟੀਮ ਵਿੱਚ ਵੀ ਸ਼ਾਮਿਲ ਹੈ।

 

Facebook Comments
Facebook Comment