• 4:58 pm
Go Back

ਜਲੰਧਰ : ਬੀਤੀ 29 ਮਾਰਚ ਨੂੰ ਖੰਨਾ ਪੁਲਿਸ ਵੱਲੋਂ ਜਲੰਧਰ ਦੇ ਜਿਸ ਪਾਦਰੀ ਐਂਥਨੀ ਤੋਂ ਨਾਕਾਬੰਦੀ ਦੌਰਾਨ ਹਵਾਲਾ ਰਾਸ਼ੀ ਦੱਸ ਕੇ 9 ਕਰੋੜ 66 ਲੱਖ ਰੁਪਏ ਦੀ ਰਕਮ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ, ਤੇ ਬਾਅਦ ਵਿੱਚ ਉਸ ਪਾਦਰੀ ਵੱਲੋਂ ਪੁਲਿਸ ‘ਤੇ 6 ਕਰੋੜ 65 ਲੱਖ ਰੁਪਏ ਹੜੱਪ ਲੈਣ ਦੇ ਦੋਸ਼ ਲਾਏ ਸਨ, ਉਹ ਮਾਮਲਾ ਹੁਣ ਪੰਜਾਬ ਦੇ ਮੁੱਖ ਮੰਤਰੀ ਦਰਬਾਰ ਵਿੱਚ ਵੀ ਗੁੰਝਣਾ ਸ਼ੁਰੂ ਹੋ ਗਿਆ ਹੈ। ਘਟਨਾ ਦੀ ਰਿਪੋਰਟ ਹਾਸਲ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਕਾਲੀਆਂ ਭੇਡਾਂ ਮੰਨੇ ਜਾਂਦੇ ਪੁਲਿਸ ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਫੜਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ‘ਤੇ ਪਾਦਰੀ ਦੇ ਕਰੋੜਾਂ ਰੁਪਏ ਡਕਾਰਨ ਦੇ ਦੋਸ਼ ਲੱਗ ਰਹੇ ਹਨ। ਜਿਉਂ ਹੀ ਇਹ ਹੁਕਮ ਬਾਹਰ ਆਏ ਇਸ ਤੋਂ ਬਾਅਦ ਹੁਣ ਸੂਤਰਾਂ ਅਨੁਸਾਰ ਆਈਜੀ ਪ੍ਰਵੀਨ ਕੁਮਾਰ ਸਿਨ੍ਹਾਂ ਨੇ ਪੜਤਾਲ ‘ਚ ਮੁੱਢਲੇ ਤੌਰ ‘ਤੇ ਜਿਨ੍ਹਾਂ 2 ਡੀਐਸਪੀ, ਇੱਕ ਇੰਸਪੈਕਟਰ, ਤੇ ਇੱਕ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਖਿਲਾਫ ਪਾਦਰੀ ਦੀ ਰਕਮ ਹੜੱਪਨ ਅਤੇ ਸਾਜ਼ਿਸ਼ ਰਚਣ ਦੇ ਤੱਥ ਸਾਹਮਣੇ ਆਏ ਹਨ। ਉਨ੍ਹਾਂ ਖਿਲਾਫ ਉੱਚ ਪੁਲਿਸ ਅਧਿਕਾਰੀਆਂ ਨੇ ਪਰਚਾ ਦਰਜ਼ ਕਰਵਾਉਣ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਉੱਚ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜੀ ਟੀਮ ਨੇ ਪਾਦਰੀ ਕੋਲੋਂ ਰਕਮ ਬਰਾਮਦ ਕਰਨ ਵੇਲੇ ਜਲੰਧਰ ‘ਚ ਛਾਪਾ ਮਾਰਿਆ ਸੀ ਉਸ ਛਾਪਾਮਾਰੀ ਮੌਕੇ ਵੀ ਕਈ ਅਜਿਹੀਆਂ ਕਮੀਆਂ ਪਾਈਆਂ ਗਈਆਂ ਹਨ, ਜਿਹੜੀਆਂ ਕਿ ਦਾਲ ਵਿੱਚ ਕਾਲੇ ਵੱਲ ਇਸ਼ਾਰਾ ਕਰ ਰਹੀਆਂ ਹਨ। ਇਹੋ ਕਾਰਨ ਹੈ, ਕਿ ਉੱਚ ਪੁਲਿਸ ਅਧਿਕਾਰੀ ਇਹ ਚਾਹੁੰਦੇ ਹਨ, ਕਿ ਮੁਲਜ਼ਮਾਂ ਦੇ ਖਿਲਾਫ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪੁਲਿਸ ਹਿਰਾਸਤ ‘ਚ ਰੱਖ ਕੇ ਫਿਰ ਪਤਾ ਲਗਾਇਆ ਜਾਵੇ ਕਿ ਅਸਲ ਸੱਚਾਈ ਕੀ ਹੈ?

ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਕਾਂਉਟਰ ਇੰਟੈਲੀਜੈਂਸ ਵਿੰਗ ਦਾ ਖੰਨਾ ਵਿਖੇ ਤਾਇਨਾਤ ਇੱਕ ਡੀਐਸਪੀ ਤੇ ਪਟਿਆਲਾ ਤੋਂ ਗੈਰ ਹਾਜ਼ਰ ਚੱਲ ਰਹੇ 2 ਸਬ ਇੰਸਪੈਕਟਰਾਂ ਦੀ ਭੂਮਿਕਾ ਪਾਦਰੀ ਐਂਥਨੀ ਦੀ ਰਕਮ ਡਕਾਰਨ ਦੇ ਮਾਮਲੇ ਵਿੱਚ ਅਹਿਮ ਮੰਨੀ ਜਾ ਰਹੀ ਹੈ। ਕਿਉਂਕਿ ਇਹ ਮਾਮਲਾ ਇਸਾਈ ਭਾਈਚਾਰੇ ਨਾਲ ਜੁੜਿਆ ਹੋਇਆ ਸੀ। ਇਸ ਲਈ ਇਸ ਦਾ ਕੁੱਲ ਹਿੰਦ ਕਾਂਗਰਸ ਪਾਰਟੀ ਦੀ ਸਰਪਰਸਤ ਸੋਨੀਆਂ ਗਾਂਧੀ ਦੇ ਦਰਬਾਰ ਅੰਦਰ ਪਹੁੰਚਣ ਦਾ ਖ਼ਤਰਾ ਵੀ ਮੰਡਰਾ ਰਿਹਾ ਸੀ। ਲਿਹਾਜਾ ਕੈਪਟਨ ਅਮਰਿੰਦਰ ਸਿੰਘ ਦੀ ਇਸ ਮਾਮਲੇ ਵਿੱਚ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਇਸ ਲਈ ਜਿਉਂ ਹੀ ਇਸ ਮਾਮਲੇ ਦੀ ਰਿਪੋਰਟ ਉਨ੍ਹਾਂ ਕੋਲ ਪਹੁੰਚੀ ਉਨ੍ਹਾਂ ਨੇ ਤੁਰੰਤ ਜਾਂਚ ਵਿੱਚ ਕਸੂਰਵਾਰ ਪਾਏ ਜਾ ਰਹੇ ਲੋਕਾਂ ਨੂੰ ਫੜਨ ਦੇ ਹੁਕਮ ਦੇ ਦਿੱਤੇ ਹਨ, ਤਾਂ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀਤਾ ਜਾ ਸਕੇ। ਮੁੱਖ ਮੰਤਰੀ ਦਾ ਕਹਿਣਾ ਹੈ, ਕਿ ਪੁਲਿਸ ਇੱਕ ਬਹੁਤ ਵੱਡਾ ਅਦਾਰਾ ਹੈ, ਤੇ ਇਸ ਵਿੱਚ ਕਾਲੀਆਂ ਭੇਡਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਜਲਦ ਫੜ ਲਿਆ ਜਾਵੇਗਾ।

Facebook Comments
Facebook Comment