• 1:21 pm
Go Back

ਸ਼ੇਰਪੁਰ (ਸੰਗਰੂਰ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਇੱਕ ਸਿਆਸਤਦਾਨ ਹੋਣ ਦੇ ਨਾਲ ਨਾਲ ਸਮਾਜ ਵਿੱਚ ਇਸ ਲਈ ਵੀ ਮਸ਼ਹੂਰ ਹਨ, ਕਿ ਉਹ ਭੀੜ ਨੂੰ ਖਿੱਚ ਕੇ ਲਿਆਉਣ ਦਾ ਇੱਕ ਚੰਗਾ ਸਾਧਨ ਹਨ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਲੋਕ ਮਾਨ ਦਾ ਭਾਸ਼ਣ ਸੁਣਨ ਘੱਟ ਤੇ ਉਨ੍ਹਾਂ ਵੱਲੋਂ ਛੱਡੇ ਜਾਣ ਵਾਲੇ ਚੁਟਕਲਿਆਂ ਦਾ ਸਵਾਦ ਲੈਣ ਵੱਧ ਆਉਂਦੇ ਹਨ, ਤੇ ਜੇਕਰ ਉਹ ਚੁਟਕਲੇ ਅਜਿਹੇ ਲੋਕਾਂ ਦੇ ਵਿਰੁੱਧ ਘੜੇ ਗਏ ਹੋਣ ਜਿਨ੍ਹਾਂ ਨੂੰ ਉਹ ਚੁਟਕਲੇ ਸੁਣਨ ਵਾਲੇ ਪ੍ਰਤੱਖ ਰੂਪ ਵਿੱਚ ਸਾਹਮਣੇ ਤੁਰੇ ਫਿਰਦੇ ਦੇਖ ਚੁਕੇ ਹੋਣ ਤਾਂ ਉਨ੍ਹਾਂ ਦਾ ਮਜ਼ਾ ਲੋਕ ਵੱਧ ਲੈਂਦੇ ਹਨ। ਅਜਿਹੇ ਹੀ ਕੁਝ ਬੇਇੱਜ਼ਤੀ ਕਰਨ ਵਾਲੇ ਅੰਦਾਜ਼ ਵਿੱਚ ਘੜੇ ਗਏ ਚੁਟਕਲੇ ਭਗਵੰਤ ਮਾਨ ਨੇ ਸ਼ੇਰਪੁਰ ਦੀ ਜਨਤਾ ਨੂੰ ਵੀ ਸੁਣਾਏ ਜਿਨ੍ਹਾਂ ਦਾ ਮੌਕੇ ‘ਤੇ ਖੜ੍ਹੀ ਜਨਤਾ ਨੇ ਤਾਂ ਹੱਸ ਹੱਸ ਕੇ ਖੂਬ ਮਜ਼ਾ ਲਿਆ, ਪਰ ਹੁਣ ਜਦੋਂ ਉਸ ਮੌਕੇ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਤਾਂ ਜਿਨ੍ਹਾਂ ਸਿਆਸਤਦਾਨਾਂ ਵਿਰੁੱਧ ਮਾਨ ਨੇ ਇਹ ਚੁਟਕਲੇ ਸੁਣਾਏ ਹਨ ਉਨ੍ਹਾਂ ਦੇ ਸਮਰਥਕ ‘ਆਪ’ ਵਾਲਿਆਂ ਨੂੰ ਵੱਢਣ-ਖਾਣ ਨੂੰ ਪੈ ਰਹੇ ਹਨ।

ਰਾਤ ਸਮੇਂ ਕੀਤੀ ਗਈ ਇੱਕ ਛੋਟੀ ਜਿਹੀ ਰੈਲੀ ਵਿੱਚ ਇੱਥੇ ਬੋਲਦਿਆਂ ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਖੂਬ ਸਿਆਸੀ ਲਾਹ-ਪਾਹ ਕੀਤੀ। ਭਗਵੰਤ ਮਾਨ ਨੇ ਵਾਰ ਵਾਰ ਆਪਣੀ ਅਵਾਜ਼ ਦੇ ਸੁਰ ਉੱਚੇ ਨੀਚੇ ਤੇ ਵਿਗਾੜ ਕੇ ਲੋਕਾਂ ਕੋਲੋਂ ਪੁੱਛਿਆ ਕਿ ਜਿਸ ਤਰ੍ਹਾਂ ਉਹ ਰਾਤ ਦੇ ਸਮੇਂ ਇੱਥੇ ਰੈਲੀ ਵਿੱਚ ਆਏ ਹਨ ਕੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਆ ਸਕਦੇ ਹਨ? ਤੇ ਲੋਕਾਂ ਦੇ ਹਾਂ ਵਿੱਚ ਸਿਰ ਹਲਾਉਣ ਤੋਂ ਪਹਿਲਾਂ ਹੀ ਮਾਨ ਨੇ ਚੁਟਕਲਾ ਕੱਢ ਮਾਰਿਆ, ਕਿ ਇਹੋ ਜਿਹੇ ਵੇਲੇ ਇਹ ਦੋਵੇਂ ਆਗੂ ਲੋਕਾਂ ਵਿੱਚ ਨਹੀਂ ਆ ਸਕਦੇ। ਕਿਉਂਕਿ ਇਸ ਦੇ 3 ਕਾਰਨ ਹਨ, ਇੱਕ ਇਹ ਦੋਵੇਂ 6 ਵਜੇ ਤੋਂ ਬਾਅਦ ਭਾਸ਼ਣ ਦੇਣ ਦੀ ਹਾਲਤ ਵਿੱਚ ਹੀ ਨਹੀਂ ਹੁੰਦੇ। ਦੂਜਾ ਕਾਰਨ ਦੱਸਦਿਆਂ ਮਾਨ ਨੇ ਕਿਹਾ ਕਿ ਇਹੋ ਜਿਹੇ ਵੇਲੇ ਸ਼ੇਰਪੁਰ ਵਾਲੀ ਮੰਡੀ ਵਿੱਚ ਇਨ੍ਹਾਂ ਦੋਨਾਂ ਦੇ ਹੈਲੀਕਪਟਰ ਉਤਰ ਹੀ ਨਹੀਂ ਸਕਦੇ, ਤੇ ਤੀਜਾ ਕਾਰਨ ਦੱਸਦਿਆਂ ਮਾਨ ਨੇ ਕਿਹਾ ਕਿ ਜੇਕਰ ਇਹ ਦੋਵੇਂ ਇੱਥੇ ਉਤਰ ਵੀ ਆਉਣ ਤਾਂ ਫਿਰ ਤੁਸੀਂ ਮੁੜ ਕੇ ਇਨ੍ਹਾਂ ਨੂੰ ਹੈਲੀਕਪਟਰ ਵਿੱਚ ਚੜ੍ਹਨ ਹੀ ਨਹੀਂ ਦਿਓਂਗੇ। ਕਿਉਂਕਿ ਤੁਸੀਂ ਇਨ੍ਹਾਂ ਕੋਲੋਂ ਹਿਸਾਬ ਮੰਗ ਲੈਣਾ ਹੈ।

ਕੈਪਟਨ ਅਮਰਿੰਦਰ ਸਿੰਘ ਦਾ ਸ਼ਰੇਆਮ ਮਜਾਕ ਉਡਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਵੇਰੇ 11:20 ਮਿੰਟ ‘ਤੇ ਤਾਂ ਕੈਪਟਨ ਦੀ ਮੁੱਛਾਂ ਵਾਲੀ ਢਾਠੀ ਖੁੱਲ੍ਹਦੀ ਹੈ, ਤੇ 11:55 ‘ਤੇ ਦਾੜ੍ਹੀ ਵਾਲੀ। ਇਸ ਤੋਂ ਬਾਅਦ ਉਹ 20-25 ਮਿੰਟ ‘ਚ ਦਾੜ੍ਹੀ ‘ਤੇ ਜਾਲੀ ਚੜ੍ਹਾਉਂਦੇ ਨੇ, ਤੇ ਫਿਰ 3-4 ਜਣੇ ਰਲ ਕੇ ਅਗਲੇ 20-25 ਮਿੰਟਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਪਜਾਮੀ ਪਵਾਉਂਦੇ ਹਨ।

ਕੁਝ ਇਹੋ ਜਿਹਾ ਹੀ ਮਜਾਕ ਭਗਵੰਤ ਮਾਨ ਨੇ ਸੁਖਬੀਰ ਬਾਦਲ ਦਾ ਵੀ ਉਡਾਇਆ ਜਿਨ੍ਹਾਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੇ 10 ਬੰਦਿਆਂ ਨੂੰ ਅਜੇ ਤੱਕ ਟਿਕਟਾਂ ਨਹੀਂ ਦੇ ਸਕਿਆ ਤੇ ਆਪਣੀ ਗੱਡੀ ਵਿੱਚ ਲੋਕ ਸਭਾ ਟਿਕਟਾਂ ਰੱਖੀ ਫਿਰਦੈ ਤੇ ਸਬਜੀ ਵੇਚਣ ਵਾਲਿਆਂ ਵਾਂਗੂ ਹੋਕਾ ਲਾਉਂਦੈ “ਟਿਕਟਾਂ ਲੈ ਲਓ ਟਿਕਟਾਂ।” ਮਾਨ ਅਨੁਸਾਰ ਇਹ ਸੁਣਦੇ ਸਾਰ ਹੀ ਅਕਾਲੀ ਆਪਣੇ ਘਰਾਂ ਦੇ ਕੁੰਡੇ ਬੰਦ ਕਰ ਲੈਂਦੇ ਹਨ ਕਿ ਸੁਖਬੀਰ ਕਿਤੇ ਕੰਧ ਉੱਤੋਂ ਦੀ ਹੀ ਉਨ੍ਹਾਂ ਦੇ ਘਰ ਟਿਕਟ ਨਾ ਸੁੱਟ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਜਥੇਦਾਰ ਨੇ ਤਾਂ ਉਨ੍ਹਾਂ ਨੂੰ ਇਹ ਵੀ ਦੱਸਿਆ ਹੈ ਕਿ ਉਸ ਨੇ ਆਪਣੇ ਘਰ ਦੇ ਮੁੱਖ ਗੇਟ ਹੇਠਾਂ ਵਾਲੀ ਖਾਲੀ ਥਾਂ ਵੀ ਕੱਪੜਾ ਫਸਾ ਕੇ ਇਸ ਲਈ ਬੰਦ ਕਰ ਦਿੱਤੀ ਹੈ ਕਿ ਕਿਤੇ ਸੁਖਬੀਰ ਗੇਟ ਦੇ ਥੱਲੋਂ ਦੀ ਟਿਕਟ ਨਾ ਸੁੱਟ ਜਾਵੇ। ਉਨ੍ਹਾਂ ਕਿਹਾ, ਕਿ ਦਰਬਾਰ ਸਾਹਿਬ ਮਾਫੀ ਮੰਗਣ ਗਏ ਅਕਾਲੀਆਂ ਦਾ ਇਹ ਹਾਲ ਸੀ ਕਿ ਉਹ ਕਈਆਂ ਦੀਆਂ ਚੱਪਲਾਂ ਤੇ ਕਈਆਂ ਦੇ ਖੇਡਾਂ ਵਾਲੇ ਬੂਟ ਹੀ ਪਾਲਸ਼ ਕਰਕੇ ਆ ਗਏ ਜਿਹੜੇ ਕਿ ਆਪਣੇ ਚੱਪਲਾਂ, ਬੂਟ ਉੱਥੇ ਹੀ ਸੁੱਟ ਆਏ ਕਿ ਇਨ੍ਹਾਂ ਨੂੰ ਬੇਅਦਬੀ ਵਾਲੇ ਹੱਥ ਲੱਗ ਗਏ ਹਨ।

ਭਾਵੇਂ ਕਿ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਸਟੇਜ਼ ਤੋਂ ਇਹ ਮਜਾਕ ਲੋਕਾਂ ਨੂੰ ਇਹ ਦੱਸਣ ਲਈ ਉਡਾਇਆ ਕਿ ਉਹ ਆਪ ਇਨ੍ਹਾਂ ਦੋਵਾਂ ਆਗੂਆਂ ਨਾਲੋਂ ਕਿਤੇ ਵੱਧ ਲੋਕਾਂ ਵਿੱਚ ਵਿਚਰਦੇ ਹਨ। ਪਰ ਉਨ੍ਹਾਂ ਨੇ ਜਿਸ ਤਰੀਕੇ ਨਾਲ ਇਹ ਮਜਾਕ ਉਡਾਇਆ ਉਹ ਨਾ ਕਾਂਗਰਸਰੀਆਂ ਨੂੰ ਹਜਮ ਆਇਆ ਨਾ ਅਕਾਲੀਆਂ ਨੂੰ। ਹੁਣ ਇਸ ਦੇ ਜਵਾਬ ਵਿੱਚ ਕੈਪਟਨ ਅਤੇ ਸੁਖਬੀਰ ਕਿਹੜਾ ਸਿਆਸੀ ਤੀਰ ਛੱਡਦੇ ਹਨ ਲੋਕ ਇਸ ਦਾ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ।

Facebook Comments
Facebook Comment