• 1:52 pm
Go Back

ਮਾਨਸਾ : ਇੰਝ ਜਾਪਦਾ ਹੈ ਜਿਵੇਂ ਵਿਧਾਨ ਸਭਾ ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਸਬਕ ਸਿਖਾਉਣ ਦਾ ਪੂਰਾ ਮਨ ਬਣਾ ਲਿਆ ਹੈ, ਤੇ ਉਹ ਮਾਨ ਵੱਲੋਂ ਉਨ੍ਹਾਂ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਦੇ ਸਬੰਧ ਵਿੱਚ ਕਾਨੂੰਨੀ ਤੌਰ ‘ਤੇ ਬਦਲਾ ਲੈਣ ਲਈ ਉਤਾਰੂ ਹੋ ਗਏ ਹਨ। ਮਾਨਸ਼ਾਹੀਆ ਦਾ ਕਹਿਣਾ ਹੈ ਕਿ ਜਾਂ ਤਾਂ ਮਾਨ ਉਨ੍ਹਾਂ(ਮਾਨਸ਼ਾਹੀਆ ) ‘ਤੇ ਲਾਏ ਗਏ ਦੋਸ਼ਾਂ ਨੂੰ ਸਾਬਤ ਕਰੇ, ਨਹੀਂ ਤਾਂ ਜੇਲ੍ਹ ਜਾਣ ਲਈ ਤਿਆਰ ਰਹਿਣ। ਦੱਸ ਦਈਏ ਕਿ ਮਾਨਸ਼ਾਹੀਆ ਵੱਲੋਂ ਭਗਵੰਤ ਮਾਨ ਨੂੰ ਭੇਜਿਆ ਗਿਆ ਕਨੂੰਨੀ ਨੋਟਿਸ ਬੇਰੰਗ ਲਿਫਾਫੇ ਵਾਂਗ ਵਾਪਸ ਮੁੜ ਆਇਆ ਹੈ ਤੇ ਹੁਣ ਮਾਨਸ਼ਾਹੀਆ ਮਾਨ ਵਿਰੁੱਧ ਅਗਲੀ ਕਨੂੰਨੀ ਚਾਰਾਜੋਈ ਵਿੱਚ ਰੁੱਝ ਗਏ ਹਨ।

ਯਾਦ ਕਰੋ ਜਦੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨਾਜ਼ਰ ਸਿੰਘ ਮਾਨਸ਼ਾਹੀਆ ਨੇ ‘ਆਪ’ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ ਤਾਂ ਉਸ ਵੇਲੇ ਭਗਵੰਤ ਮਾਨ ਨੇ ਮਾਨਸ਼ਾਹੀਆ ਵਿਰੁੱਧ ਪੈਸੇ ਦੇ ਲਾਲਚ ਕਾਰਨ ਪਾਰਟੀ ਛੱਡਣ ਦਾ ਦੋਸ਼ ਲਾਇਆ ਸੀ। ਜਿਸ ਤੋਂ ਬਾਅਦ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਇਸ ਨੂੰ ਆਪਣੀ ਇੱਜ਼ਤ ਹਤਕ ਕਰਾਰ ਦਿੰਦਿਆਂ ਭਗਵੰਤ ਮਾਨ ਨੂੰ ਕਨੂੰਨੀ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ ਕਿ ਕਿਉਂ ਨਾ ਮਾਨ ਵਿਰੁੱਧ ਅਦਾਲਤ ਵਿੱਚ ਇੱਜਤ ਹਤਕ ਦਾ ਕੇਸ ਦਾਇਰ ਕੀਤਾ ਜਾਵੇ। ਪਤਾ ਲੱਗਾ ਹੈ ਕਿ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਰਜਿਸ਼ਟਰਡ ਡਾਕ ਰਾਹੀਂ ਭੇਜਿਆ ਗਿਆ ਕਾਨੂੰਨੀ ਨੋਟਿਸ ਭਗਵੰਤ ਮਾਨ ਦੇ ਦਫਤਰ ਵਿੱਚ ਮੌਜੂਦ ਕਿਸੇ ਵੀ ਵਿਅਕਤੀ ਵੱਲੋਂ ਨਾ ਲੈਣ ‘ਤੇ ਮਾਨਸ਼ਾਹੀਆ ਕੋਲ ਵਾਪਸ ਮੁੜ ਆਇਆ ਹੈ।

ਹੁਣ ਇਸ ਸਬੰਧੀ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਭਗਵੰਤ ਮਾਨ ਨੂੰ ਵੰਗਾਰਦਿਆਂ ਕਿਹਾ ਹੈ, ਕਿ ਜਾਂ ਤਾਂ ਮਾਨ ਉਨ੍ਹਾਂ (ਮਾਨਸ਼ਾਹੀਆ) ‘ਤੇ ਲਾਏ ਦੋਸ਼ ਸਾਬਤ ਕਰਨ ਤੇ ਜਾਂ ਫਿਰ ਕਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਦੱਸ ਦਈਏ ਕਿ ਮਾਨਸ਼ਾਹੀਆ ਮਾਨਸਾ ਦੇ ਸੀਨੀਅਰ ਵਕੀਲ ਗੁਰਦੀਪ ਸਿੰਘ ਮਾਨਸ਼ਾਹੀਆ ਰਾਹੀਂ ਮਾਨ ਦੇ ਖਿਲਾਫ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕਰਨ ਜਾ ਰਹੇ ਹਨ।

Facebook Comments
Facebook Comment