• 5:05 am
Go Back

ਪਟਿਆਲਾ : ਬੀਤੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਆਪਣੇ ਦੋ ਵਿਧਾਇਕਾਂ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਜਿੱਥੇ ‘ਆਪ’ ਅੰਦਰ ਬਗਾਵਤ ਦੇ ਸੁਰ ਤੇਜ਼ ਹੋ ਗਏ ਨੇ ਉੱਥੇ ਉਨ੍ਹਾਂ ਦੇ ਸਮਰਥਕ ਹੁਣ ਇਸ ਸੋਚ ਵਿਚ ਹਨ ਕਿ ਖਹਿਰਾ ਧੜੇ ਦਾ ਇਸ ਤੋਂ ਬਾਅਦ ਹੁਣ ਸਿਆਸੀ ਭਵਿੱਖ ਕੀ ਹੈ? ਸੁਖਪਾਲ ਖਹਿਰਾ ਨੇ ਵੀ ਮੁਅੱਤਲੀ ਤੋਂ ਬਾਅਦ ਜਿੱਥੇ ਆਪਣੇ ਫੇਸਬੁੱਕ ਪੇਜ਼ ’ਤੇ ਲਾਈਵ ਹੋ ਕੇ ਸਮਰਥਕਾਂ ਤੋਂ ਇਹ ਰਾਇ ਮੰਗੀ ਹੈ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ? ਉੱਥੇ ਦੂਜੇ ਪਾਸੇ ਉਨ੍ਹਾਂ ਦੇ ਧੜੇ ਵਲੋਂ ਇੱਕ ਵੱਖਰਾ ਫ੍ਰੰਟ ਜਾਂ ਪਾਰਟੀ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ, ਕੀ ਸੁਖਪਾਲ ਖਹਿਰਾ ਧੜੇ ਵਲੋਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ? ਜੇਕਰ ਲੈਣਾ ਚਾਹੀਦਾ ਹੈ ਤਾਂ ਉਸਦੇ ਕੀ ਤਰਕ ਹਨ? ਤੇ ਜੇਕਰ ਨਹੀਂ ਲੈਣਾ ਚਾਹੀਦਾ ਤਾਂ ਉਨ੍ਹਾਂ ਨੂੰ ਅਜਿਹਾ ਕੀ ਕਰਨਾ ਚਾਹੀਦਾ ਹੈ ਕਿ ਅੱਗੇ ਆਉਂਦੀਆਂ ਚੋਣਾਂ ਦੌਰਾਨ ਉਹ ਮੈਦਾਨ ਵਿੱਚ ਨਿਤਰ ਸਕਣ?

ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਲੱਭਣ ਲਈ ਜਦੋਂ ਸਾਡੀ ਟੀਮ ਨੇ ਵੱਖ ਵੱਖ ਰਾਜਨੀਤਕ ਅਤੇ ਸਮਾਜਿਕ ਮਾਮਲਿਆਂ ਦੇ ਮਾਹਰ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਇਹ ਕਹਿਣਾ ਸੀ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਰਵਿੰਦ ਕੇਜਰੀਵਾਲ ਦੇ ਦਿੱਲੀ ਧੜੇ ਵਲੋਂ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਬਿਨਾਂ ਕਾਰਨ ਦੱਸਿਆ ਪਾਰਟੀ ਵਿਚੋਂ ਮੁਅੱਤਲ ਕਰਕੇ ਭਾਰੀ ਤਾਦਾਦ ਵਿੱਚ ਪੰਜਾਬੀਆਂ ਦੀ ਨਾਰਾਜ਼ਗੀ ਮੁੱਲ ਲਈ ਹੈ ਜਿਸ ਨਾਲ ਲੋਕਾਂ ਵਿਚ ਖਹਿਰਾ ਤੇ ਸੰਧੂ ਲਈ ਹਮਦਰਦੀ ਦੀ ਲਹਿਰ ਪੈਦਾ ਹੋਈ ਹੈ। ਇਸ ਗੱਲ ਦਾ ਫਾਇਦਾ ਖਹਿਰਾ ਧੜੇ ਨੂੰ ਮਿਲਣਾ ਲਾਜ਼ਮੀ ਹੈ। ਪਰ ਇਹ ਮਾਹਰ ਇਸਦੇ ਨਾਲ ਇਹ ਵੀ ਕਹਿੰਦੇ ਹਨ ਕਿ ਸੁਖਪਾਲ ਖਹਿਰਾ ਬੇਸ਼ੱਕ ਬੈਂਸ ਭਰਾ, ਡਾ. ਗਾਂਧੀ, ਸੁੱਚਾ ਸਿੰਘ ਛੋਟੇਪੁਰ, ਬਹੁਜਨ ਸਮਾਜ ਪਾਰਟੀ, ਯੂਨਾਈਟਡ ਅਕਾਲੀ ਦਲ, ਬੀਰਦਵਿੰਦਰ ਸਿੰਘ, ਜਗਮੀਤ ਸਿੰਘ ਬਰਾੜ ਅਤੇ ਆਪਣੇ ਕੁਝ ਹੋਰ ਹਮਖਿਆਲੀ ਸਾਥੀਆਂ ਤੇ ਪਾਰਟੀਆਂ ਨਾਲ ਮਿਲ ਕੇ ਇੱਕ ਵੱਖਰਾ ਫ੍ਰੰਟ ਬਣਾ ਲੈਣਗੇ ਪਰ ਹੁਣ ਤੱਕ ਪੰਜਾਬ ਦਾ ਇਤਿਹਾਸ ਇਹ ਕਹਿੰਦਾ ਹੈ ਕਿ ਸੂਬੇ ਅੰਦਰ ਵੱਖ ਵੱਖ ਪਾਰਟੀਆਂ ਵਲੋਂ ਤਿਆਰ ਕੀਤਾ ਗਿਆ ਕੋਈ ਵੀ ਫ੍ਰੰਟ ਨਾ ਤਾਂ ਲੰਬਾ ਸਮਾ ਚਲਿਆ ਹੈ ਤੇ ਨਾ ਹੀ ਇਸ ਫ੍ਰੰਟ ਨੇ ਕੋਈ ਬਹੁਤੀ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸਦੇ ਨਾਲ ਹੀ ਮਾਹਰ ਇਹ ਵੀ ਕਹਿੰਦੇ ਹਨ ਕਿ ਇਹ ਸੋਚ ਕੇ ਸੁਖਪਾਲ ਖਹਿਰਾ ਅਤੇ ਉਸਦੇ ਸਾਥੀਆਂ ਨੂੰ ਹੌਂਸਲਾ ਵੀ ਨਹੀਂ ਛੱਡ ਦੇਣਾ ਚਾਹੀਦਾ ਪਰ ਸਲਾਹ ਇਹ ਹੈ ਕਿ ਜੇਕਰ ਉਹ ਆਉਂਦੀਆਂ 2019 ਦੀਆਂ ਚੋਣਾਂ ਵਿਚ ਹੀ ਆਪਣੇ ਉਮੀਦਵਾਰ ਉਤਾਰਦੇ ਹਨ ਤਾਂ ਉਹ ਹਲੇ ਬਹੁਤ ਜਲਦਬਾਜ਼ੀ ਹੋ ਜਾਵੇਗੀ।

ਇਨ੍ਹਾਂ ਮਾਹਰਾਂ ਅਨੁਸਾਰ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜੇਕਰ ਸੁਖਪਾਲ ਖਹਿਰਾ ਕੋਈ ਨਵਾਂ ਫ੍ਰੰਟ ਜਾਂ ਪਾਰਟੀ ਬਣਾਉਣਾ ਚਾਹੁੰਦੇ ਹਨ ਤਾਂ ਉਸ ਲਈ ਪਹਿਲਾਂ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣਾ ਪਵੇਗਾ ਤੇ ਇਸ ਨਾਲ ਇੱਕ ਤਾਂ ਆਪਣੀ ਤੇ ਆਪਣੇ ਲੋਕਾਂ ਦੀ ਗੱਲ ਰੱਖਣ ਲਈ ਵਿਧਾਨ ਸਭਾ ਦਾ ਜਿਹੜਾ ਫ੍ਰੰਟ ਉਨ੍ਹਾਂ ਕੋਲ ਇਸ ਵੇਲੇ ਮੌਜੂਦ ਹੈ, ਅਸਤੀਫਾ ਦਿੱਤੇ ਜਾਣ ਤੋਂ ਬਾਅਦ ਉਹ ਫ੍ਰੰਟ ਉਨ੍ਹਾਂ ਤੋਂ ਖੁੱਸ ਜਾਵੇਗਾ। ਦੂਜਾ ਜਿਸ ਵੇਲੇ 2019 ਦੀਆਂ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਪੰਜਾਬ ਅੰਦਰ ਕਾਂਗਰਸ ਸਰਕਾਰ ਦਾ ਸਮਾਂ ਅਜੇ ਵੀ ਲਗਭਗ ਤਿੰਨ ਸਾਲ ਦਾ ਪਿਆ ਹੋਵੇਗਾ, ਅਜਿਹੇ ਵਿਚ ਜੇਕਰ ਸੁਖਪਾਲ ਖਹਿਰਾ ਧੜਾ ਚੋਣਾਂ ਲੜਦਾ ਹੈ ਤੇ ਉਨ੍ਹਾਂ ਨੂੰ ਵੋਟਾਂ ਘੱਟ ਪੈਂਦੀਆਂ ਨੇ ਤਾਂ ਜਿਹੜੇ ਖਹਿਰਾ ਇਸ ਵੇਲੇ ‘ਆਪ’ ਦੇ ਦਿੱਲੀ ਧੜੇ ਨੂੰ 1900 ਵੋਟਾਂ ਵਾਲੀ ਪਾਰਟੀ ਕਹਿ ਕੇ ਚਿੜ੍ਹਾ ਰਹੇ ਹਨ, ਉਹ ਹਾਲ ਉਨ੍ਹਾਂ ਨਾਲ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਵੋਟਾਂ ਘੱਟ ਪੈਣ ਤੇ ਦਿੱਲੀ ਧੜ੍ਹਾ, ਕਾਂਗਰਸ ਅਤੇ ਅਕਾਲੀ ਦਲ ਵਾਲੇ ਕਰਨਗੇ। ਅਜਿਹੇ ਵਿਚ ਨਾ ਤਾਂ ਉਨ੍ਹਾਂ ਕੋਲ ਵਿਧਾਇਕੀ ਹੋਵੇਗੀ ਤੇ ਪੰਜਾਬ ਵਿਧਾਨ ਸਭਾ ਦਾ ਵੀ ਤਿੰਨ ਸਾਲ ਦਾ ਸਮਾਂ ਪਿਆ ਹੋਵੇਗਾ ਜਿਸ ਨਾਲ ਉਨ੍ਹਾਂ ਨੂੰ ਵਿਰੋਧੀਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ।

ਇੱਥੇ ਦੱਸ ਦੇਈਏ ਕਿ ਸੁਖਪਾਲ ਖਹਿਰਾ ਵਲੋਂ ਇਸ ਸਾਰੇ ਰੇੜਕੇ ਦਾ ਹੱਲ ਕੱਢਣ ਲਈ ਆਪਣੇ ਧੜੇ ਵਲੋਂ ਬਣਾਈ ਗਈ ਸਿਆਸੀ ਮਾਮਲਿਆਂ ਦੀ ਕਮੇਟੀ ਵਾਲੀ ਹੰਗਾਮੀ ਮੀਟਿੰਗ ਸੱਦ ਲਈ ਹੈ ਤੇ ਇਸ ਮੀਟਿੰਗ ਅੰਦਰ ਤੀਜਾ ਫ੍ਰੰਟ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਖਹਿਰਾ ਧੜੇ ਵਲੋਂ ਮੁਅੱਤਲੀ ਤੋਂ ਬਾਅਦ ਡਾ. ਗਾਂਧੀ, ਲੋਕ ਇਨਸਾਫ ਪਾਰਟੀ, ਯੂਨਾਈਟਡ ਅਕਾਲੀ ਦਲ ਅਤੇ ਹੋਰ ਸਮਰਥਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਤੇ ਹੁਣ ਉਹ ਅੱਗੇ ਦੀ ਰਣਨੀਤੀ ਤਿਆਰ ਕਰਨਾ ਚਾਹੁੰਦੇ ਹਨ ਤੇ ਸੁਖਪਾਲ ਖਹਿਰਾ ਇਸ ਮਾਮਲੇ ਵਿਚ ਫੂਕ ਫੂਕ ਕੇ ਕਦਮ ਚੁੱਕ ਰਹੇ ਹਨ ਤਾਂ ਕਿ ਉਨ੍ਹਾਂ ਦਾ ਕੋਈ ਵੀ ਮੈਂਬਰ ਕਿਸੇ ਗੱਲੋਂ ਨਾਰਾਜ਼ ਨਾ ਹੋ ਜਾਵੇ ਜਿਸ ਦਾ ਫਾਇਦਾ ਦਿੱਲੀ ਧੜਾ ਜਾਂ ਕੋਈ ਹੋਰ ਲੈ ਸਕਣ। ਖਹਿਰਾ ਧੜੇ ਨਾਲ ਹੋਈ ਇਸ ਮੀਟਿੰਗ ਦੇ ਸਬੰਧ ਵਿਚ ਯੂਨਾਈਟਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਵੀ ਇਹ ਕਹਿ ਕੇ ਪੁਸ਼ਟੀ ਕੀਤੀ ਹੈ ਕਿ ਹਾਂ ਗੱਲਬਾਤ ਚੱਲ ਰਹੀ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬਹੁਜਨ ਸਮਾਜ ਪਾਰਟੀ ਨਾਲ ਹੋਈ ਮੀਟਿੰਗ ਵਿਚ ਇਸ ਗੱਲ ਤੇ ਸਹਿਮਤੀ ਬਣੀ ਹੈ ਕਿ ਬਹੁਜਨ ਸਮਾਜ ਪਾਰਟੀ ਖਹਿਰਾ ਧੜੇ ਨਾਲ ਇਸ ਸ਼ਰਤ ਤੇ ਆਵੇਗੀ ਕਿ ਖਹਿਰਾ ਅਤੇ ਉਸਦੇ ਸਮਰਥਕ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਸਪਾ ਸੁਪਰੀਮੋ ਮਾਇਆਵਤੀ ਦਾ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਸਮਰਥਨ ਕਰਨਗੇ ਜਿਸ ਤੇ ਸਹਿਮਤੀ ਬਣ ਚੁੱਕੀ ਹੈ ਤੇ ਇਹ ਸਹਿਮਤੀ ਬਣਨ ਤੋਂ ਬਾਅਦ ਬਸਪਾ ਨੇ ਵੀ ਖਹਿਰਾ ਧੜੇ ਦਾ ਸਮਰਥਨ ਕਰਨਾ ਮੰਨ ਲਿਆ ਹੈ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਹੀ ਧੜਿਆਂ ਵਲੋਂ ਮਿਲ ਕੇ ਬਣਾਏ ਜਾ ਰਹੇ ਫ੍ਰੰਟ ਦਾ ਲੀਡਰ ਸੁਖਪਾਲ ਖਹਿਰਾ ਨੂੰ ਮੰਨਣ ਤੇ ਵੀ ਸਹਿਮਤੀ ਹੋ ਗਈ ਹੈ। ਰਹੀ ਗੱਲ ਡਾ. ਧਰਮਵੀਰ ਗਾਂਧੀ ਦੀ ਤਾਂ ਉਨ੍ਹਾਂ ਨੇ ਇਹ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਪੂਰਨ ਖੁਦਮੁਖਤਿਆਰੀ ਦੇ ਸਿਧਾਂਤ ਤੇ ਖਹਿਰਾ ਧੜ੍ਹੇ ਨਾਲ ਸਹਿਮਤੀ ਬਣਦੀ ਹੈ ਤਾਂ ਉਹ ਇੱਕ ਪਾਰਟੀ ਬਣਾ ਸਕਦੇ ਹਨ, ਨਹੀਂ ਤਾਂ ਉਨ੍ਹਾਂ ਵਲੋਂ ਸਾਂਝੇ ਫ੍ਰੰਟ ਵਿਚ ਤਾਂ ਸ਼ਾਮਲ ਹੋਣਾ ਤਾਂ ਤੈਅ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਵੇਲੇ ਖਹਿਰਾ ਧੜ੍ਹੇ ਵਲੋਂ ਸੱਦੀ ਗਈ ਪੀਏਸੀ ਮੀਟਿੰਗ ਤੇ ਟਿੱਕੀਆਂ ਹੋਈਆਂ ਹਨ ਕਿ ਇਸ ਮੀਟਿੰਗ ਵਿਚ ਕੀ ਫੈਸਲੇ ਲਏ ਜਾਂਦੇ ਹਨ।

Facebook Comments
Facebook Comment