• 1:54 pm
Go Back

ਫਰੀਦਕੋਟ : ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਵਾਪਰੇ ਪੁਲਿਸ ਗੋਲੀਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਮਾਮਲਿਆਂ ਵਿੱਚ ਪੰਜਾਬੀਆਂ ਦਾ ਵਿਰੋਧ ਝੱਲ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੂੰ ਬਿਆਨ ਦਿੱਤਾ ਹੈ ਕਿ ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਸਿੱਖ ਜੱਥੇਬੰਦੀਆਂ ਤੇ ਚਲਾਈ ਗਈ ਗੋਲੀ ਬਿਲਕੁਲ ਜਾਇਜ਼ ਸੀ ਕਿਉਂਕਿ ਉਸ ਮੌਕੇ ਪੁਲਿਸ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨਾ ਚਾਹੁੰਦੀ ਸੀ ਇਸੇ ਲਈ ਤਾਕਤ ਦੀ ਵਰਤੋਂ ਕਰਨੀ ਪਈ।ਦੱਸ ਦੇਈਏ ਕਿ ਮਨਤਾਰ ਬਰਾੜ ਉਹੋ ਸਾਬਕਾ ਅਕਾਲੀ ਵਿਧਾਇਕ ਹਨ ਜਿਸ ਦਾ ਨਾਮ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਪ੍ਰਮੁੱਖਤਾ ਦੇ ਨਾਲ ਲਿਆ ਗਿਆ ਸੀ।

ਐਸ.ਆਈ.ਟੀ. ਦੇ ਮੈਂਬਰ ਡੀਐਸਪੀ ਬਲਜੀਤ ਸਿੰਘ ਸਨਮੁਖ ਨੂੰ ਦਰਜ ਕਰਵਾਏ ਆਪਣੇ ਬਿਆਨ ਵਿਚ ਮਨਤਾਰ ਬਰਾੜ ਨੇ ਦਾਅਵਾ ਕੀਤਾ ਹੈ ਕਿ ਧਰਨੇ ਤੇ ਬੈਠੀਆਂ ਸਿੱਖ ਜੱਥੇਬੰਦੀਆਂ ਨੂੰ ਸਰਕਾਰ ਸ਼ਾਂਤਮਈ ਢੰਗ ਨਾਲ ਉਥੋਂ ਉਠਾਉਣਾ ਚਾਹੁੰਦੀ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਦੀਆਂ ਹਰਕਤਾਂ ਕਾਰਨ ਪੁਲਿਸ ਨੂੰ ਗੋਲੀ ਚਲਾਉਣੀ ਪਈ। ਬਰਾੜ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਇਨ੍ਹਾਂ ਮਾਮਲਿਆਂ ਵਿੱਚ ਚਾਰੋਂ ਪਾਸੋਂ ਘਿਰਿਆ ਹੋਇਆ ਸ਼੍ਰ਼ੋਮਣੀ ਅਕਾਲੀ ਦਲ ਵੱਖ-ਵੱਖ ਹੋਰ ਮੁੱਦੇ ਚੁੱਕ ਕੇ ਲੋਕਾਂ ਦਾ ਧਿਆਨ ਉਨ੍ਹਾਂ ਮੁੱਦਿਆਂ ਵੱਲ ਦਿਵਾਉਣ ਦੀ ਕੋਸ਼ਿਸ਼ ਵਿੱਚ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਵਲੋਂ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਸ ਗੋਲੀਕਾਂਡ ਦੀ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵਿੱਚ ਦੋ ਸਿੰਘ ਸ਼ਹੀਦ ਹੋਏ ਸਨ ਤੇ ਉਸ ਵੀਡੀਓ ਵਿਚ ਇਹ ਸਪਸ਼ਟ ਦੇਖਿਆ ਜਾ ਸਕਦਾ ਹੈ ਕਿ ਭੀੜ ਉੱਥੇ ਸ਼ਾਂਤਮਈ ਢੰਗ ਨਾਲ ਬੈਠੀ ਸੀ ਤੇ ਗੋਲੀ ਚੱਲਣ ਤੋਂ ਪਹਿਲਾਂ ਕਿਸੇ ਕਿਸਮ ਦੀ ਕੋਈ ਹਿੰਸਾ ਨਹੀਂ ਹੋਈ ਸੀ। ਪਰ ਜਿਉਂ ਹੀ ਪੁਲਿਸ ਵਲੋਂ ਭੀੜ ਨਾਲ ਧੱਕਾਮੁੱਕੀ ਕੀਤੀ ਗਈ ਤਾਂ ਮਾਮਲਾ ਵੱਧ ਗਿਆ ਤੇ ਪੁਲਿਸ ਦੀ ਗੋਲੀ ਨਾਲ ਦੋ ਸਿੰਘ ਸ਼ਹੀਦ ਹੋ ਗਏ। ਹੁਣ ਮਨਤਾਰ ਬਰਾੜ ਵਲੋਂ ਦਿੱਤਾ ਗਿਆ ਇਹ ਬਿਆਨ ਅੱਗੇ ਕੀ ਸਿਆਸੀ ਰੰਗਤ ਲੈਂਦਾ ਹੈ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ।

Facebook Comments
Facebook Comment