• 2:32 pm
Go Back

ਚੰਡੀਗੜ੍ਹ : ਅਰਮੀਨੀਆਂ ਦੇ ਜਿੰਨ੍ਹਾਂ ਨੌਜਵਾਨਾਂ ਨੇ ਵੀਡੀਓ ਸੁਨੇਹਾ ਪਾ ਕੇ ਭਗਵੰਤ ਮਾਨ ਨੂੰ ਟਰੈਵਲ ਏਜੰਟਾਂ ਦੇ ਜਾਲ ‘ਚੋਂ ਛੁਡਵਾਉਣ ਦੀ ਬੇਨਤੀ ਕੀਤੀ ਸੀ ਤੇ ਅਗਲੇ ਇੱਕ ਦੋ ਦਿਨਾਂ ਵਿੱਚ ਹੀ ਉਹ ਭਾਰਤ ਪਰਤ ਆਏ ਸਨ, ਉਨ੍ਹਾਂ ਬਾਰੇ ਅਰਮੀਨੀਆਂ ‘ਚ ਬੈਠੀ ਪੰਜਾਬੀ ਮੂਲ ਦੀ ਇੱਕ ਔਰਤ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾ ਕੇ ਖੁਲਾਸਾ ਕੀਤਾ ਹੈ ਕਿ ਮਾਨ ਨੇ ਸਿਰਫ ਇੱਕ ਪੱਖ ਸੁਣਕੇ ਤੁਰੰਤ ਆਪਣਾ ਫੈਸਲਾ ਦੇ ਦਿੱਤਾ ਹੈ ਜੋ ਕਿ ਆਉਂਦੀਆਂ ਚੋਣਾਂ ਨੂੰ ਧਿਆਨ ‘ਚ ਰੱਖ ਕੇ ਲਿਆ ਗਿਆ ਰਾਜਨੀਤਕ ਫੈਸਲਾ ਸੀ। ਔਰਤ ਅਨੁਸਾਰ  ਭਗਵੰਤ ਮਾਨ ਲੋਕਾਂ ਦੀਆਂ ਜਿੰਦਗੀਆਂ ਬਚਾ ਨਹੀਂ ਰਹੇ ਸਗੋਂ ਬਰਬਾਦ ਕਰ ਰਹੇ ਹਨ।

ਆਪਣੇ ਨਾਲ ਇੱਕ ਛੋਟੇ ਜਿਹੇ ਬੱਚੇ ਨੂੰ ਕੋਲ ਬਠਾ ਕੇ ਬਣਾਈ ਗਈ ਇਸ ਵੀਡੀਓ ਵਿੱਚ ਹਰਪ੍ਰੀਤ ਕੌਰ ਨਾਮ ਦੀ ਇਸ ਔਰਤ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਵੀਡੀਓ ਸੰਦੇਸ਼ ਰਾਹੀਂ ਇਲਜ਼ਾਮ ਲਾਏ ਸਨ ਉਹ ਝੂਠੇ ਹਨ। ਹਰਪ੍ਰੀਤ ਕੌਰ ਅਨੁਸਾਰ ਭਗਵੰਤ ਮਾਨ ਨੇ ਸਿਰਫ ਇੱਕ ਤਰਫਾ ਗੱਲ ਸੁਣੀ ਹੈ ਤੇ ਸੱਚਾਈ ਨੂੰ ਅੱਖੋਂ ਪਰੋਖੇ ਕਰ ਦਿੱਤਾ । ਵੀਡੀਓ ਸੰਦੇਸ਼ ਵਿੱਚ ਬੋਲ ਰਹੀ ਔਰਤ ਦਾ ਕਹਿਣਾ ਹੈ ਕਿ ਉਸ ਨੇ ਉਹ ਵੀਡੀਓ ਵੀ ਦੇਖੀ ਹੈ ਜਿਹੜੀ ਅਰਮੀਨੀਆ ਤੋਂ ਵਾਪਸ ਗਏ ਲੜਕਿਆਂ ਸਬੰਧੀ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ ਸਮੇਂ ਭਗਵੰਤ ਮਾਨ ਨਾਲ ਬਣਾਈ ਗਈ ਸੀ। ਹਰਪ੍ਰੀਤ ਕੌਰ ਅਨੁਸਾਰ ਉਸ ਵੀਡੀਓ ਵਿੱਚ ਭਗਵ਼ੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਲੜਕਿਆਂ ਨੂੰ ਬਹੁਤ ਕੁੱਟਿਆ ਗਿਆ, ਤੇ ਕਮਰੇ ‘ਚ ਬੰਦ ਕਰ ਦਿੱਤਾ ਗਿਆ, ਜਦਕਿ ਉਹ ਸਭ ਝੂਠ ਸੀ।

ਹਰਪ੍ਰੀਤ ਕੌਰ ਨੇ ਇਸ ਵੀਡੀਓ ਵਿੱਚ ਦੋਸ਼ ਲਾਇਆ ਕਿ ਭਗਵੰਤ ਮਾਨ ਅਕਸਰ ਇਹ ਦਾਅਵਾ ਕਰਦੇ ਹਨ ਕਿ ਉਹ ਪੰਜਾਬੀ ਵੀਰਾਂ ਨੂੰ ਵਿਦੇਸ਼ਾਂ ‘ਚੋਂ ਸਹੀ ਸਲਾਮਤ ਵਾਪਸ ਲਿਆਉਂਦੇ ਹਨ, ਤੇ ਉਨ੍ਹਾਂ ਦੀਆਂ ਜਿੰਦਗੀਆਂ ਬਚਾਉਂਦੇ ਹਨ। ਉਸ ਨੇ ਅੱਗੇ ਕਿਹਾ ਕਿ ਉਹ ਇਸ ਬਾਰੇ ਇਹ ਕਹਿਣਾ ਚਾਹੁੰਦੀ ਹੈ ਕਿ ਮਾਨ ਜਿੰਦਗੀਆਂ ਬਚਾਉਂਦੇ ਨਹੀਂ, ਬਲਕਿ ਜਿੰਦਗੀਆਂ ਬਰਬਾਦ ਕਰਦੇ ਹਨ। ਹਰਪ੍ਰੀਤ ਅਨੁਸਾਰ ਮਾਨ ਨੇ ਹਿੰਦੁਸਤਾਨ ‘ਚ ਲੋਕਾਂ ਤੇ ਝੂਠੇ ਪਰਚੇ ਦਰਜ਼ ਕਰਵਾ ਕੇ ਉਨ੍ਹਾਂ ਦੀ ਜਿੰਦਗੀ ਬਰਬਾਦ ਕਰ ਦਿੱਤੀ ਹੈ। ਔਰਤ ਨੇ ਸਵਾਲ ਕੀਤਾ ਹੈ ਕਿ ਇਹ ਕਿੱਧਰ ਦਾ ਅਸੂਲ ਹੈ ਕਿ ਸਿਰਫ 2019 ਦੀਆ ਚੋਣਾਂ ਦੌਰਾਨ ਵੋਟਾਂ ਹਾਸਲ ਕਰਨ ਲਈ ਇੱਕ ਤਰਫਾ ਫੈਸਲਾ ਲੈ ਲਓ? ਮਾਨ ਨੇ ਦੂਜਾ ਪੱਖ ਕਿਉਂ ਨਹੀਂ ਸੁਣਿਆ? ਹਰਪ੍ਰੀਤ ਨੇ ਸਵਾਲ ਕੀਤਾ ਕਿ ਜੇਕਰ ਉਹ ਵਿਅਕਤੀ ਅਰਮੀਨੀਆ ‘ਚ ਬੰਧਕ ਸਨ ਤਾਂ ਉਹ ਇੰਟਰਨੈੱਟ ਕਿਵੇਂ ਇਸਤਿਮਾਲ ਕਰ ਰਹੇ ਸਨ?

ਹਰਪ੍ਰੀਤ ਕੌਰ ਨੇ ਇਸ ਵੀਡੀਓ ਸੁਨੇਹੇ ਵਿੱਚ ਹਿੱਕ ਤਾਣ ਕੇ ਕਿਹਾ ਹੈ ਕਿ ਉਸ ਦਾ ਪੰਜਾਬੀ ਭੈਣਾ ਭਰਾਵਾਂ ਨਾਲ ਵਾਅਦਾ ਹੈ ਕਿ ਇਸ ਮਾਮਲੇ ਵਿੱਚ ਜੋ ਵੀ ਸੱਚਾਈ ਹੈ, ਤੇ ਪਰਦੇ ਪਿਛਲੀਆਂ ਜੋ ਵੀ ਗੱਲਾਂ ਹਨ ਉਹ ਬਹੁਤ ਜਲਦ ਲੋਕਾਂ ਸਾਹਮਣੇ ਲੈ ਕੇ ਆਵੇਗੀ। ਹਰਪ੍ਰੀਤ ਨੇ ਕਿਹਾ ਕਿ ਇਸ ਦੇ ਪਿੱਛੇ ਦੀ ਸੱਚਾਈ ਇਹ ਹੈ ਕਿ ਉਸ ਨੇ ਬੜੀ ਜੱਦੋ-ਜ਼ਹਿਦ ਕਰਕੇ ਉਨ੍ਹਾਂ ਲੋਕਾਂ ਤੋਂ ਆਪਣਾ ਘਰ ਛੁਟਵਾਇਆ ਸੀ ਤੇ ਇਸ ਵਿੱਚ ਉਸ ਦੀ ਮਦਦ ਸਥਾਨਕ ਪੁਲਿਸ ਨੇ ਕੀਤੀ ਸੀ।

ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਅੰਮ੍ਰਿਤਸਰ ਵਾਸੀ ਜਤਿੰਦਰ ਸਿੰਘ, ਭੁਲੱਥ ਵਾਸੀ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਪਿੰਕੀ ਤੋਂ ਇਲਾਵਾ ਇੱਕ ਅਣ-ਪਛਾਤੇ ਵਿਅਕਤੀ ਵੱਲੋਂ ਇੱਕ ਵੀਡੀਓ ਸੁਨੇਹਾ ਪਾ ਕੇ ਸੰਗਰੂਰ ਤੋਂ ਲੋਕ ਸਭਾ ਮੈਬਰ ਭਗਵੰਤ ਮਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਉਨ੍ਹਾਂ ਦੀ ਮਦਦ ਕਰਨ। ਇਨ੍ਹਾਂ ਲੋਕਾਂ ਅਨੁਸਾਰ ਮਾਨ ਢਿੱਲਵਾਂ ਇਲਾਕੇ ਦੇ ਉਨ੍ਹਾਂ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਵਾਉਣ ਜਿਨ੍ਹਾਂ ਨੇ ਉਨ੍ਹਾਂ ਇਕੱਲੇ-ਇਕੱਲੇ ਤੋ 4-4 ਲੱਖ ਰੁਪਇਆ ਲੈ ਲਿਆ ਤੇ ਉਨ੍ਹਾਂ ਨੂੰ ਵਰਕ ਪਰਮਟ ਦੀ ਬਜਾਏ ਟੂਰਇਸਟ ਵੀਜੇ ‘ਤੇ ਅਰਮੀਨੀਆ ਭੇਜ ਦਿੱਤਾ। ਇਨ੍ਹਾਂ ਲੋਕਾਂ ਵੱਲੋਂ ਵੀਡੀਓ ਵਿੱਚ ਕਿਹਾ ਗਿਆ ਸੀ ਇੱਥੇ ਪਿਛਲੇ 5 ਦਿਨਾਂ ਤੋਂ ਨਾ ਇਨ੍ਹਾਂ ਕੋਲ ਕੁਝ ਖਾਣ-ਪੀਣ ਨੂੰ ਹੈ ਤੇ ਹਾਲਾਤ ਇਹ ਹਨ ਕਿ ਮਕਾਨ ਮਾਲਕ ਨੇ ਵੀ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਨੂੰ ਕਹਿ ਦਿੱਤਾ ਹੈ।

ਇਸੇ ਤਰ੍ਹਾਂ ਸਮਸ਼ੇਰ ਸਿੰਘ ਦੇ ਕਪੂਰਥਲਾ ‘ਚ ਰਹਿੰਦੇ ਭਰਾ ਜਗਦੀਪ ਸਿੰਘ ਨੇ ਵੀ ਦੋਸ਼ ਲਾਇਆ ਸੀ ਕਿ ਉਹ ਆਪਣੇ ਇੱਕ ਦੋਸਤ ਗੁਰਦੇਵ ਸਿੰਘ ਰਾਹੀਂ ਅਰਮੀਨੀਆ ‘ਚ ਰਹਿੰਦੇ ਇੱਕ ਟਰੈਵਲ ਏਜੰਟ ਦੇ ਸੰਪਰਕ ਵਿੱਚ ਆਏ ਸਨ ਜਿੰਨ੍ਹਾਂ ਨੇ ਆਪਣੇ ਭਰਾ ਸਮਸ਼ੇਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਿੰਕੀ ਨੂੰ ਵਰਕ ਵੀਜ਼ੇ ‘ਤੇ ਅਰਮੀਨੀਆ ਭੇਜਣ ਲਈ 4 ਲੱਖ ਰੁਪਇਆ ਦਿੱਤਾ। ਜਿਸ ਤੋਂ ਬਾਅਦ 3 ਦਸੰਬਰ 2018 ਨੂੰ ਉਹ ਅਰਮੀਨੀਆ ਪਹੁੰਚ ਤਾਂ ਗਏ, ਪਰ ਨਾ ਤਾਂ ਉਨ੍ਹਾਂ ਨੂੰ ਉੱਥੇ ਕੋਈ ਕੰਮ ਮਿਲਿਆ ਤੇ ਹਾਲਾਤ ਇਹ ਹਨ ਕਿ ਉਹ 2 ਮਹੀਨੇ ਤੋਂ ਉੱਥੇ ਬੜੀ ਤਰਸਯੋਗ ਜਿੰਦਗੀ ਬਤੀਤ ਕਰ ਰਹੇ ਹਨ। ਜਗਦੀਪ ਸਿੰਘ ਅਨੁਸਾਰ ਇਸ ਸਬੰਧ ਵਿੱਚ ਉਨ੍ਹਾ ਨੇ ਥਾਣਾ ਢਿੱਲਵਾਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਪਿਛਲੇ 15 ਦਿਨਾਂ ਤੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀਡੀਓ ਸੰਦੇਸ਼ ਮਿਲਦਿਆਂ ਹੀ ਭਗਵੰਤ ਮਾਨ ਦੇ ਦਖਲ ਤੋਂ ਬਾਅਦ ਭੁਲੱਥ ਪੁਲਿਸ ਨੇ ਤੁਰੰਤ ਅਰਮੀਨੀਆਂ ‘ਚ ਰਹਿੰਦੇ ਇੱਕ ਵਿਅਕਤੀ ਸਮੇਤ ਕਪੂਰਥਲੇ ਦੇ ਕਈ ਹੋਰ ਲੋਕਾਂ ਖਿਲਾਫ ਪਰਚੇ ਦਰਜ਼ ਕਰ ਲਏ ਸਨ। ਜਿਸ ਬਾਰੇ ਡੀਐਸਪੀ ਭੁਲੱਥ ਦਵਿੰਦਰ ਸਿੰਘ ਨੇ ਵੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਅਰਮੀਨੀਆਂ ਵਾਸੀ ਇੱਕ ਟਰੈਵਲ ਏਜੰਟ ਸਣੇ ਕਈ ਹੋਰ ਲੋਕਾਂ ਖਿਲਾਫ ਧਾਰਾ 420 ਅਤੇ ਪ੍ਰੀਵੈਨਸ਼ਨ ਆਫ ਹੀਊਮਨ ਸਮਗਲਿੰਗ ਐਕਟ 2012 ਦੀ ਧਾਰਾ 13 ਤਹਿਤ 2 ਪਰਚੇ ਦਰਜ਼ ਕੀਤੇ ਗਏ ਹਨ ਤੇ ਮੁਲਜ਼ਮਾਂ ਨੂੰ ਫੜਨ ਲਈ ਕਾਰਵਾਈ ਜੋਰਾ-ਸ਼ੋਰਾਂ ਨਾਲ ਜ਼ਾਰੀ ਹੈ।

ਹਰਪ੍ਰੀਤ ਕੌਰ ਵੱਲੋਂ ਪਾਏ ਗਏ ਇਸ ਵੀਡੀਓ ਸੰਦੇਸ਼ ਤੋਂ ਬਾਅਦ ਜਿੱਥੇ ਅਰਮੀਨੀਆ ਤੋਂ ਆਏ ਲੋਕਾਂ ਵੱਲੋਂ ਲਾਏ ਗਏ ਇਲਜ਼ਾਮ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ ਉੱਥੇ ਦੂਜੇ ਪਾਸੇ ਔਰਤ ਵੱਲੋਂ ਮਾਨ ਖਿਲਾਫ ਲਾਏ ਗਏ ਦੋਸ਼ ਵੀ ਮਾਨ ਦੇ ਵਿਰੋਧੀਆਂ ਨੂੰ ਪੈਰਾਂ ਥੱਲੇ ਬਟੇਰ ਦੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਚੋਣਾਂ ਦੇ ਇਸ ਮਾਹੌਲ ਵਿੱਚ ਬਾਹਰ ਨਿੱਕਲ ਕੇ ਆਇਆ, ਫਰਜ਼ੀ ਏਜੰਟਾਂ ਦਾ ਇਹ ਹਊਆ ਟਰੈਵਲ ਏਜੰਟਾਂ ਨੂੰ ਡਰਾਉਂਦਾ ਹੈ, ਨੌਜਵਾਨਾਂ ਨੂੰ ਪੜ੍ਹਨੇ  ਪਾਉਂਦਾ ਹੈ ਜਾਂ ਭਗਵੰਤ ਮਾਨ ਦਾ ਵੋਟਾਂ ਵਾਲਾ ਡੱਬਾ ਹੀ ਖਾਲੀ ਕਰਵਾਉਂਦਾ ਹੈ, ਕਿਉਂਕਿ ਔਰਤ ਵੱਲੋਂ ਭੇਜਿਆ ਗਿਆ ਵੀਡੀਓ ਸੁਨੇਹਾ ਵਾਇਰਲ ਹੋ ਗਿਆ ਹੈ ਤੇ ਮਾਨ ਦੇ ਵਿਰੋਧੀ ਇਸ ਨੂੰ ਮੁੜ-ਮੁੜ ਚਲਾ ਕੇ ਵੇਖ ਰਹੇ ਹਨ ਤਾਂ ਕਿ ਉਹ ਮਾਨ ਖਿਲਾਫ ਮੀਡੀਆ ਵਿੱਚ ਅਜਿਹੇ ਸਵਾਲ ਖੜ੍ਹੇ ਕਰ ਸਕਣ ਜਿਸ ਦਾ ਜਵਾਬ ਉਨ੍ਹਾਂ ਕੋਲ ਨਾ ਹੋਵੇ।

 

Facebook Comments
Facebook Comment