• 10:49 am
Go Back

ਅੰਮ੍ਰਿਤਸਰ : ਇਨੀਂ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗਿਆਨੀ ਗੁਰਬਚਨ ਸਿੰਘ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਚੁੱਕੇ ਹਨ ਉੱਥੇ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਦੌਰਾਨ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਤਾਂ ਉਨ੍ਹਾਂ ਤੇ ਅਜਿਹੇ ਕਈ ਨਿੱਜੀ ਹਮਲੇ ਕੀਤੇ ਜਿਸਦੀ ਵਾਇਰਲ ਹੋ ਰਹੀ ਵੀਡੀਓ ਨੂੰ ਅੱਜ ਲੋਕ ਚਟਕਾਰੇ ਲੈ-ਲੈ ਕੇ ਵੇਖ ਅਤੇ ਸੁਣ ਰਹੇ ਹਨ। ਇਸ ਸਭ ਦੇ ਚਲਦਿਆਂ ਗਿਆਨੀ ਜੀ ਧੁਰ ਅੰਦਰ ਤੱਕ ਦੁਖੀ ਹਨ ਤੇ ਚਰਚਾ ਹੈ ਕਿ ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਜਾਵੇ ਉਹ ਖੁਦ ਹੀ ਚੁਪਚਾਪ ਆਪਣੀ ਜੱਥੇਦਾਰੀ ਤੋਂ ਅਸਤੀਫ਼ਾ ਦੇ ਸਕਦੇ ਹਨ।

ਭਾਵੇਂ ਕਿ ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਇਸਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਤੇ ਮੌਜੂਦ ਸ਼੍ਰੋਮਣੀ ਕਮੇਟੀ ਦੇ ਲੋਕਾਂ ਅਨੁਸਾਰ ਜਿਸ ਤਰ੍ਹਾਂ ਬੀਤੇ ਕੁਝ ਦਿਨਾਂ ਤੋਂ ਗਿਆਨੀ ਗੁਰਬਚਨ ਸਿੰਘ ਨੂੰ ਹਟਾ ਕੇ ਸੰਤ ਸਿੰਘ ਉਮੈਦਪੁਰੀ ਜਾਂ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਜੱਥੇਦਾਰ ਲਗਾਏ ਜਾਣ ਦੀ ਚਰਚਾ ਛਿੜੀ ਹੈ ਉਸ ਬਾਰੇ ਪਤਾ ਲਗਦਿਆਂ ਹੀ ਗਿਆਨੀ ਗੁਰਬਚਨ ਸਿੰਘ ਬਹੁਤ ਸਤਰਕ ਹੋ ਗਏ ਹਨ। ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਵੇ ਉਹ ਆਪਣੇ ਆਪ ਹੀ ਇਹ ਅਹੁਦਾ ਤਿਆਗ ਸਕਦੇ ਹਨ।

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿਸ ਦਿਨ ਤੋਂ ਉਨ੍ਹਾਂ ਖਿਲਾਫ਼ ਸਿੱਖ ਅਤੇ ਰਾਜਨੀਤਿਕ ਹਲਕਿਆਂ ਵਿੱਚ ਆਵਾਜ਼ ਉਠਣੀ ਸ਼ੁਰੂ ਹੋਈ ਹੈ ਉਦੋਂ ਤੋਂ ਗਿਆਨੀ ਗੁਰਬਚਨ ਸਿੰਘ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਹਾਲਾਤ ਇਹ ਰਹੇ ਹਨ ਕਿ ਲਗਭਗ 10 ਦਿਨ ਤੱਕ ਉਹ ਰੂਪੋਸ਼ ਹੋਣ ਤੋਂ ਬਾਅਦ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ ਨਗਰ ਕੀਰਤਨ ਜਾਂ ਕਥਾ ਸਮਾਗਮ ਵਿੱਚ ਸ਼ਾਮਲ ਹੋਏ ਤਾਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਚਾਰੋਂ ਪਾਸੋਂ ਇਸ ਲਈ ਘੇਰੀ ਰੱਖਿਆ ਕਿ ਮੀਡੀਆ ਉਨ੍ਹਾਂ ਦੇ ਨੇੜੇ ਨਾ ਜਾ ਸਕੇ। ਇਸਦੇ ਪਿੱਛੇ ਇੱਕ ਕਾਰਨ ਹੋਰ ਵੀ ਦੱਸਿਆ ਜਾ ਰਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਦੇ ਆਲੇ ਦੁਆਲੇ ਐਸਜੀਪੀਸੀ ਦੀ ਟਾਸਕ ਫੋਰਸ ਦਾ ਘੇਰਾ ਇਸ ਲਈ ਵੀ ਸਖਤ ਕੀਤਾ ਗਿਆ ਹੈ ਕਿਉਂਕਿ ਇੱਕ ਤਾਂ ਉਨ੍ਹਾਂ ਤੇ ਇਹ ਇਲਜ਼ਾਮ ਹੈ ਗਿਆਨੀ ਜੀ ਨੇ ਸੌਦਾ ਸਾਧ ਨੂੰ ਮਾਫ਼ੀ ਦਿੱਤੇ ਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਤੇ ਇਸ ਤੋਂ ਸਿੱਖ ਸੰਗਤ ਉਨ੍ਹਾਂ ਦੇ ਖਿਲਾਫ਼ ਹੋਈ ਪਈ ਹੈ ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਰਾਜਨੀਤਿਕ ਅਤੇ ਧਾਰਮਿਕ ਮਾਮਲਿਆਂ ਦੇ ਲੋਕ ਇਹ ਵੀ ਤਰਕ ਦਿੰਦੇ ਹਨ ਕਿ ਇਹ ਟਾਸਕ ਫੋਰਸ ਗਿਆਨੀ ਜੀ ਦੇ ਦੁਆਲੇ ਆਪਣਾ ਘੇਰਾ ਇਸ ਲਈ ਵੀ ਸਖਤ ਕਰੀ ਬੈਠੀ ਹੈ ਕਿਉਂਕਿ ਜੇਕਰ ਗਿਆਨੀ ਜੀ ਆਪਣੀ ਸਫ਼ਾਈ ਵਿੱਚ ਬਾਦਲਾਂ ਖਿਲਾਫ਼ ਕੁਝ ਬੋਲ ਗਏ ਤਾਂ ਜੋ ਬਾਦਲ ਹੁਣ ਤੱਕ ਇਸ ਸਭ ਨੂੰ ਝੂਠ-ਝੂਠ ਕਹਿ ਕੇ ਪ੍ਰਚਾਰ ਰਹੇ ਹਨ ਉਨ੍ਹਾਂ ਦੇ ਆਪਣੇ ਗਿਆਨੀ ਜੀ ਵਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਦੇ ਮੂੰਹ ਤੇ ਤਾਲਾ ਲਗਾਉਣ ਲਈ ਕਾਫ਼ੀ ਹੋਵੇਗਾ। ਇਸ ਸਭ ਦੇ ਚਲਦਿਆਂ ਗਿਆਨੀ ਗੁਰਬਚਨ ਸਿੰਘ ਅੱਜ ਜਿੱਥੇ ਬਾਦਲਾਂ ਲਈ ਬਹੁਤ ਅਹਿਮੀਅਤ ਰੱਖਦੇ ਹਨ ਉੱਥੇ ਉਨ੍ਹਾਂ ਦੀ ਆਪਣੀ ਇੱਜ਼ਤ ਅਤੇ ਕੈਰੀਅਰ ਵੀ ਦਾਅ ਤੇ ਲੱਗਾ ਹੋਇਆ ਹੈ ਅਜਿਹੇ ਵਿੱਚ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਜਲਦੀ ਜਲਦੀ ਆਪਣਾ ਮੂੰਹ ਖੋਲ੍ਹਣ ਵਾਲੇ ਨਹੀਂ। ਹੁਣ ਇਹ ਤਰਕ ਕਿੰਨੇ ਸੱਚ ਹਨ ਕਿੰਨੇ ਝੂਠ ਗਿਆਨੀ ਜੀ ਆਉਣ ਵਾਲੇ ਸਮੇਂ ਵਿੱਚ ਕੋਈ ਧਮਾਕਾ ਕਰਦੇ ਹਨ ਜਾਂ ਉਨ੍ਹਾਂ ਦਾ ਲਿਆ ਗਿਆ ਫੈਸਲਾ ਫੁਸ ਬੰਬ ਸਾਬਿਤ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Facebook Comments
Facebook Comment