• 9:20 am
Go Back

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਸੱਤਾਧਾਰੀ ਕਾਂਗਰਸ ਉਤੇ ਗੁੰਡਾਗਰਦੀ ਕਰਨ ਦਾ ਦੋਸ਼ ਲਗਾਉਦੇ ਹੋਏ ਫਿਰੋਜਪੁਰ ਵਿਖੇ ਕਾਂਗਰਸੀ ਵਰਕਰਾਂ ਵਲੋਂ ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਉਤੇ ਹਮਲੇ ਦੀ ਕੋਸ਼ਿਸ਼ ਅਤੇ ਪੁਲਿਸ ਮੁਲਾਜਮਾਂ ਨਾਲ ਕੁਟਮਾਰ ਕਰਨ ਦੀ ਜੋਰਦਾਰ ਨਿੰਦਿਆ ਕੀਤੀ ਹੈ। ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਸੱਤਾਧਾਰੀ ਕਾਂਗਰਸ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨਿਖੱਧ ਕਾਰਜਗੁਜਾਰੀ ਅਤੇ ਵਾਅਦਾ ਖਿਲਾਫੀਆਂ ਕਾਰਨ ਹਰ ਪਾਸਿਓ ਪੈਦਾ ਹੋਏ ਵਿਰੋਧ ਤੋਂ ਬੌਖਲਾਈ ਕਾਂਗਰਸ ਤਾਮੀਜ ਭੁੱਲ ਗਈ ਹੈ ਅਤੇ ਗੁੰਡਾਗਰਦੀ ਉਪਰ ਉਤਰ ਆਈ ਹੈ। ਫਿਰੋਜਪੁਰ ਵਿਖੇ ਵਾਪਰੀ ਕੱਲ ਦੀ ਘਟਨਾ ਸਮੇਤ ਅਜਿਹੀਆਂ ਅਣਗਿਣਤ ਉਦਾਹਰਣਾ ਸਾਹਮਣੇ ਆਇਆਂ ਹਨ ਜਿੱਥੇ ਕਾਂਗਰਸ ਨੇ ਸੱਤਾ ਦੇ ਹੰਕਾਰ ਵਿਚ ਵਧੀਕੀਆਂ ਕਰਨ ਵਿਚ ਅਕਾਲੀ-ਭਾਜਪਾ ਦੇ ਮਾਫੀਆ ਰਾਜ ਨੂੰ ਵੀ ਮਾਤ ਦੇ ਦਿੱਤੀ ਹੈ।
ਡਾ. ਬਲਵੀਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੱਕ ਹਕੂਕਾਂ ਲਈ ਉਠਦੀ ਹਰ ਅਵਾਜ ਨੂੰ ਕੁਚਲਣ ‘ਤੇ ਤੁਲੀ ਹੋਈ ਹੈ। ਪੁਲਿਸ ਅਤੇ ਪ੍ਰਸ਼ਾਸਨ ਨੂੰ ਕਠਪੁਤਲੀ ਵਾਂਗ ਵਰਤ ਰਹੀ ਹੈ। ਜੇਕਰ ਕੋਈ ਪ੍ਰਸ਼ਾਸਨਿਕ ਜਾਂ ਪੁਲਿਸ ਅਧਿਕਾਰੀ ਕਾਨੂੰਨ ਮੁਤਾਬਿਕ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦਾ ਹਾਲ ਇੰਸਪੈਕਟਰ ਮਹਿਤਪੁਰ ਦੇ ਐਸਐਚਓ ਬਾਜਵਾ ਵਾਲਾ ਕਰ ਦਿੱਤਾ ਜਾਂਦਾ ਹੈ। ਡਾ. ਬਲਬੀਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਰੋਧ ਧਿਰ ਸਮੇਤ ਆਪਣੀਆਂ ਜਾਇਜ ਮੰਗਾਂ ਅਤੇ ਹੱਕ ਹਕੂਕਾਂ ਲਈ ਅਵਾਜ ਬੁਲੰਦ ਕਰ ਰਹੇ ਸੰਗਠਨਾਂ ਅਤੇ ਲੋਕਾਂ ਨੂੰ ਦਬਾਉਣ ਜਾਂ ਕੁਚਲਣ ਦੀ ਨੀਤੀ ਨਾ ਤਿਆਗੀ ਤਾਂ ਉਹ ਇਸਦਾ ਚੋਣਾਂ ਵਿਚ ਖਮਿਆਜਾ ਭੁਗਤਣ ਲਈ ਤਿਆਰ ਰਹਿਣ।

Facebook Comments
Facebook Comment