• 7:23 am
Go Back

ਜਤਿੰਦਰਵੀਰ ਅਰੋੜਾ ਨੂੰ ਘਾਤ ਲਾ ਕੇ ਦਿੱਲੀ ਹਵਾਈ ਅੱਡੇ ਤੋਂ ਕੀਤਾ ਗਿਆ ਗ੍ਰਿਫਤਾਰ, ਡੇਰਾਪ੍ਰੇਮੀਆਂ ਚ ਭਾਜੜਾਂ

ਬਠਿੰਡਾ : ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਤਿਉਂ ਤਿਉਂ ਪੰਜਾਬ ਸਰਕਾਰ ਵਲੋਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਣਾਈ ਗਈ ਐਸ.ਆਈ.ਟੀ. ਡੇਰਾ ਪ੍ਰੇਮੀਆਂ ਦੇ ਦੁਆਲੇ ਸ਼ਿਕੰਜਾ ਕਸਦੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਬੁੱਧਵਾਰ ਦਿੱਲੀ ਦੇ ਹਵਾਈ ਅੱਡੇ ਤੋਂ ਇੱਕ ਹੋਰ ਡੇਰਾਪ੍ਰੇਮੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਡੇਰਾਪ੍ਰੇਮੀ ਦਾ ਨਾਮ ਜਤਿੰਦਰਵੀਰ ਅਰੋੜਾ ਉਰਫ਼ ਜਿੰਮੀ ਦੱਸਿਆ ਜਾ ਰਿਹਾ ਹੈ ਜੋ ਕਿ ਮਲੇਸ਼ੀਆ ਤੋਂ ਵਾਪਰ ਪਰਤਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਜਤਿੰਦਰਵੀਰ ਸਿੰਘ ਅਰੋੜਾ ਉਰਫ਼ ਜਿੰਮੀ ਦਾ ਨਾਮ ਬੇਅਦਬੀ ਮਾਮਲੇ ਵਿੱਚ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਪੰਜਾਬ ਪੁਲਿਸ ਦੇ ਡੀਆਈਜੀ ਰਣਵੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਐਸ.ਆਈ.ਟੀ. ਵਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਦੌਰਾਨ ਕੁਝ ਸਮਾਂ ਪਹਿਲਾਂ ਕੁਝ ਡੇਰਾਪ੍ਰੇਮੀ ਗ੍ਰਿਫਤਾਰ ਕੀਤੇ ਸਨ ਜਿਨ੍ਹਾਂ ਨੇ ਪੁਲਸੀਆ ਪੁੱਛਗਿਛ ਵਿੱਚ ਜਤਿੰਦਰਵੀਰ ਅਰੋੜਾ ਉਰਫ ਜਿੰਮੀ ਦਾ ਨਾਮ ਬੇਅਦਬੀ ਕਾਂਡ ਦੀ ਘਟਨਾ ਵਿੱਚ ਸ਼ਾਮਲ ਹੋਣ ਵਜੋਂ ਲਿਆ ਸੀ। ਪੁਲਿਸ ਅਨੁਸਾਰ ਉਹ ਉਸਨੂੰ ਇਸ ਲਈ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਪਾਈ ਸੀ ਕਿਉਂਕਿ ਜਿੰਮੀ ਮਲੇਸ਼ੀਆ ਘੁੰਮਣ ਗਿਆ ਹੋਇਆ ਸੀ ਜਿਸਦੀ ਕਿ ਪੁਲਿਸ ਵਾਪਸ ਪਰਤਣ ਦੀ ਉਡੀਕ ਕਰ ਰਹੀ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਿੰਮੀ ਭਾਰਤ ਵਾਪਸ ਆ ਰਿਹਾ ਹੈ ਤਾਂ ਉਨ੍ਹਾਂ ਨੇ ਦਿੱਲੀ ਵਿਖੇ ਹੀ ਡੇਰਾ ਲਾ ਲਿਆ ਤੇ ਘਾਤ ਲਾ ਕੇ ਜਿੰਮੀ ਦੀ ਉਡੀਕ ਕਰਨ ਲੱਗੇ। ਜਿੱਥੇ ਹਵਾਈ ਅੱਡੇ ਤੇ ਉਤਰਦਿਆਂ ਹੀ ਜਿੰਮੀ ਨੂੰ ਹਿਰਾਸਤ ਵਿੱਚ ਲੈ ਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਕਰ ਦਿੱਤਾ ਗਿਆ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੰਮੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਜਿਉਂ ਹੀ ਉਸ ਤੋਂ ਮੁਢਲੀ ਪੁੱਛਗਿਛ ਕੀਤੀ ਤਾਂ ਉਸ ਤੋਂ ਮਿਲੀਆਂ ਜਾਣਕਾਰੀਆਂ ਦੇ ਆਧਾਰ ਤੇ ਪੁਲਿਸ ਨੇ ਕਈ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਵਿੱਚ ਭਗਤਾ ਭਾਈਕਾ ਦੇ ਇੱਕ ਡੇਰਾਪ੍ਰੇਮੀ ਰਾਜਵੀਰ ਸਿੰਘ ਦੇ ਘਰ ਵੀ ਛਾਪਾ ਮਾਰਿਆ ਗਿਆ ਜਿੱਥੇ ਰਾਜਵੀਰ ਸਿੰਘ ਦੀ ਗੈਰ ਮੌਜੂਦਗੀ ਵਿੱਚ ਪੁਲਿਸ ਨੇ ਉਸਦੇ ਪਿਤਾ ਥਾਣਾ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਇਸੇ ਤਰ੍ਹਾਂ ਇਸ ਐਸ.ਆਈ.ਟੀ. ਵਲੋਂ ਸਕੇ ਭਰਾ ਦੱਸੇ ਜਾਂਦੇ ਦੋ ਹੋਰ ਡੇਰਾਪ੍ਰੇਮੀਆਂ ਸਾਧੂ ਸਿੰਘ ਅਤੇ ਸੁਖਮੰਦਰ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਸ਼ੱਕ ਹੈ ਕਿ ਬੀਤੇ ਦਿਨੀਂ ਭਗਤਾ ਭਾਈਕਾ ਵਿਖੇ ਬੇਅਦਬੀ ਕਾਂਡ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਸਨ ਉਨ੍ਹਾਂ ਵਿੱਚ ਇਨ੍ਹਾਂ ਡੇਰਾਪ੍ਰੇਮੀਆਂ ਦਾ ਹੱਥ ਹੋ ਸਕਦਾ ਹੈ।

ਭਗਤਾ ਭਾਈਕਾ ਤੋਂ ਹੀ ਪੁਲਿਸ ਦੀ ਐਸ.ਆਈ.ਟੀ. ਨੇ ਭਾਵੇਂ ਕਿ ਤਿੰਨ ਹੋਰ ਡੇਰਾਪ੍ਰੇਮੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਬੇਅਦਬੀ ਮਾਮਲਿਆਂ ਵਿੱਚ ਪੁਲਿਸ ਨੂੰ ਭਗਤਾ ਭਾਈਕੇ ਦੇ ਇੱਕ ਡੇਰਾਪ੍ਰੇਮੀ ਦੀ ਬੜੀ ਸ਼ਿੱਦਤ ਨਾਲ ਭਾਲ ਹੈ। ਇੱਧਰ ਦੂਜੇ ਪਾਸੇ  ਐਸ.ਐਸ.ਪੀ. ਬਠਿੰਡਾ ਡਾ. ਨਾਨਕ ਸਿੰਘ ਅਨੁਸਾਰ ਉਨ੍ਹਾਂ ਨੇ ਜਤਿੰਦਰਵੀਰ ਸਿੰਘ ਅਰੋੜਾ ਉਰਫ਼ ਜਿੰਮੀ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਉਨ੍ਹਾਂ ਨੇ ਕਿਸੇ ਵੀ ਡੇਰਾਪ੍ਰੇਮੀ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

Facebook Comments
Facebook Comment