• 2:15 pm
Go Back

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀ ਕਾਂਡ ਸ਼੍ਰੋਮਣੀ ਅਕਾਲੀ ਦਲ ਲਈ ਸਾਕਾ ਨੀਲਾ ਤਾਰਾ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਅਕਾਲੀ ਦਲ ਵਲੋਂ ਪਿਛਲੇ 10 ਸਾਲਾਂ ਦੌਰਾਨ ਕੀਤੇ ਕੰਮਾਂ ਨੂੰ ਲੋਕਾਂ ਨੇ ਭੁਲਾ ਦਿੱਤਾ ਹੈ ਤੇ ਇਹੋ ਕਾਰਨ ਰਿਹਾ ਕਿ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਵੀ ਹਾਰ ਗਈ।

ਮਨਜੀਤ ਸਿੰਘ ਜੀਕੇ ਅਨੁਸਾਰ ਅਜਿਹਾ ਨਹੀਂ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਕਾਂਗਰਸ ਸਰਕਾਰ ਦੇ ਦੌਰਾਨ ਨਹੀਂ ਹੋ ਰਹੀਆਂ ਪਰ ਇਸਦੇ ਬਾਵਜੂਦ ਵੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿੱਚੋਂ ਅਕਾਲੀ ਦਲ ਵਿਰੁੱਧ ਫਤਵਾ ਜਾਰੀ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਇਹ ਭੁੱਲੇ ਨਾ ਕਿ ਨਾ ਸਿਰਫ਼ ਉਨ੍ਹਾਂ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਇਆ ਬਲਕਿ ਸਿੱਖਾਂ ਦਾ ਕਤਲੇਆਮ ਵੀ ਕੀਤਾ ਹੈ। ਜੀਕੇ ਨੇ ਤਰਕ ਦਿੱਤਾ ਕਿ ਅਜਿਹਾ ਨਹੀਂ ਹੈ ਕਿ ਲੋਕ ਕਾਂਗਰਸ ਉੱਪਰ ਸਵਾਲ ਨਹੀਂ ਚੁੱਕ ਰਹੇ ਬਲਕਿ ਇਸ ਸਮੇਂ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਵਿਸ਼ਵਾਸ ਨਹੀਂ ਕਰ ਰਹੇ ਹਨ।

ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਇਸ ਵੇਲੇ ਪਾਰਟੀ ਉਮਰਦਰਾਜ ਅਤੇ ਨੌਜਵਾਨ ਅਕਾਲੀ ਆਗੂਆਂ ਵਿਚਲੀ ਸੋਚ ਦੇ ਫਾਸਲੇ ਕਾਰਨ ਕਈ ਮਾਮਲਿਆਂ ਵਿੱਚ ਉਲਝ ਗਈ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਅਕਾਲੀ ਆਗੂਆਂ ਨੂੰ ਇੰਝ ਲਗਦਾ ਹੈ ਕਿ ਉਨ੍ਹਾਂ ਦੀ ਹੁਣ ਕੋਈ ਬੁੱਕਤ ਨਹੀਂ ਹੈ ਤੇ ਨੌਜਵਾਨ ਅਕਾਲੀ ਆਗੂਆਂ ਨੂੰ ਪੰਥਕ ਮੁੱਦਿਆਂ ਦੀ ਡੂੰਘੀ ਸਮਝ ਵਾਲੀ ਘਾਟ ਹੈ ਜੋ ਕਿ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਦਾ ਕਾਰਨ ਬਣ ਗਿਆ ਹੈ।

Facebook Comments
Facebook Comment