• 10:46 am
Go Back

ਫਤਹਿਗੜ੍ਹ ਸਾਹਿਬ : ਬੇਅਦਬੀ ਮਾਮਲਿਆਂ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਨਾਭਾ ਦੀ ਨਵੀਂ ਜੇਲ੍ਹ ਅੰਦਰ ਕਤਲ ਕਰਨ ਦੇ ਦੋਸ਼ ਝੱਲ ਰਹੇ ਮਨਿੰਦਰ ਸਿੰਘ ਉਰਫ ਜੁੰਮਾ ਦਾ ਪਰਿਵਾਰ ਭਾਵੇਂ ਬਿੱਟੂ ਕਤਲ ਕਾਂਡ ਤੋਂ ਬਾਅਦ ਪਿੰਡ ਭਗੜਾਣਾ ਤੋਂ ਗਾਇਬ ਹੈ, ਪਰ ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਪੋਸਟਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲੱਕੀ ਭਗੜਾਣਾ ਨਾਂ ਦੇ ਇੱਕ ਵਿਅਕਤੀ ਵੱਲੋਂ ਮਨਿੰਦਰ ਸਿੰਘ ਦੇ ਪਰਿਵਾਰ ਨੂੰ ਬਿੱਟੂ ਕਤਲ ਕੇਸ ਦੀ ਅਦਾਲਤ ਵਿੱਚ ਪੈਰਵਾਈ ਕਰਨ ਲਈ ਆਰਥਿਕ ਮਦਦ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਹਾਲਾਤ ਇਹ ਹਨ ਕਿ ਇਸ ਪੋਸਟਰ ਦੇ ਵਾਇਰਲ ਹੋਣ ਤੋਂ ਬਾਅਦ ਵੱਖ ਵੱਖ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਜਿੱਥੇ ਬਿੱਟੂ ਕਤਲ ਕਾਂਡ ਦਾ ਸਮਰਥਨ ਕਰਨ ਵਾਲੀ ਜਨਤਾ ਇਸ ਪੋਸਟਰ ਨੂੰ ਦੇਖ ਕੇ ਮਨਿੰਦਰ ਸਿੰਘ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਹੀ ਹੈ, ਉੱਥੇ ਇਸ ਕਤਲ ਕਾਂਡ ਦਾ ਵਿਰੋਧ ਕਰਨ ਵਾਲੇ ਲੋਕ ਇਸ ਇਹ ਕਹਿ ਕੇ ਭੰਡ ਰਹੀ ਹੈ ਕਿ ਇਸ ਨਾਲ ਸਾਬਤ ਹੁੰਦਾ ਹੈ ਕਿ ਇਹ ਕਤਲ ਕੀਤਾ ਹੀ ਪੈਸੇ ਇਕੱਠ ਕਰਨ ਲਈ ਗਿਆ ਸੀ।

ਲੱਕੀ ਭਗੜਾਣਾ ਵੱਲੋਂ ਜਾਰੀ ਕੀਤੇ ਗਏ ਇਸ ਪੋਸਟਰ ਵਿੱਚ ਲੱਕੀ ਨੇ ਆਪਣੇ ਨਾਂ ਤੋਂ ਇਲਾਵਾ ਮਨਿੰਦਰ ਦੀ ਮਾਤਾ ਗੁਲਜ਼ਾਰ ਕੌਰ, ਭਰਾ ਸੰਦੀਪ ਸਿੰਘ ਦੇ ਟੈਲੀਫੋਨ ਨੰਬਰਾਂ  ਤੋਂ ਇਲਾਵਾ ਇਹ ਕਹਿੰਦਿਆਂ ਇੱਕ ਬੈਂਕ ਖਾਤੇ ਦੇ ਵੇਰਵੇ ਵੀ ਦਿੱਤੇ ਹਨ ਕਿ ਜਿਹੜਾ ਵਿਅਕਤੀ ਮਨਿੰਦਰ ਦੇ ਪਰਿਵਾਰ ਵਾਲਿਆਂ ਦੀ ਮਹਿੰਦਰਪਾਲ ਬਿੱਟੂ ਹੱਤਿਆ ਕਾਂਡ ਕੇਸ ਦੀ ਮਦਦ ਕਰਨਾ ਚਾਹੁੰਦਾ ਹੈ, ਉਹ ਇਸ ਖਾਤੇ ਵਿੱਚ ਆਰਥਿਕ ਮਦਦ ਭੇਜ ਸਕਦਾ ਹੈ।

ਦੱਸ ਦਈਏ ਕਿ ਬਿੱਟੂ ਕਤਲ ਕਾਂਡ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਨੇ ਮਨਿੰਦਰ ਸਿੰਘ ਦੇ ਘਰ ਜਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਭੇਂਟ ਕਰਕੇ ਨਾ ਸਿਰਫ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ ਬਲਕਿ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੇ ਜਾਣ ਦਾ ਵੀ ਭਰੋਸਾ ਦਿੱਤਾ ਸੀ। ਪਰ ਉਸ ਤੋਂ ਬਾਅਦ ਮਨਿੰਦਰ ਸਿੰਘ ਦਾ ਪਰਿਵਾਰ ਕਿਸੇ ਨੂੰ ਦਿਖਾਈ ਨਹੀਂ  ਦਿੱਤਾ। ਇਸ ਸਬੰਧ ਵਿੱਚ ਪਿੰਡ ਭਗੜਾਣਾ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਮਨਿੰਦਰ ਸਿੰਘ ਦਾ ਪਰਿਵਾਰ  ਅਜਿਹੀ ਅਪੀਲ ਕਰ ਹੀ ਨਹੀਂ ਸਕਦਾ।

ਇੱਧਰ ਦੂਜੇ ਪਾਸੇ ਜਿਉਂ ਹੀ ਇਹ ਪੋਸਟਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਤੇ ਇਸ ਪੋਸਟਰ ਵਿਚਲੇ ਤੱਥਾਂ ਦੀ ਜਾਂਚ ਕਰਨ ਦੇ ਨਾਲ ਨਾਲ ਪੁਲਿਸ ਇਸ ਗੱਲ ਦੀ ਘੋਖ ਵੀ ਕਰ ਰਹੀ ਹੈ ਕਿ ਇਹ ਪੋਸਟਰ ਕਿਸ ਨੇ ਵਾਇਰਲ ਕੀਤਾ ਹੈ? ਇਸ ਗੱਲ ਦੀ ਪੁਸ਼ਟੀ ਫਤਹਿਗੜ੍ਹ ਸਾਹਿਬ ਦੇ ਐਐਪੀ ਅਮਨੀਤ ਕੌਂਦਲ ਨੇ ਵੀ ਕੀਤੀ ਹੈ।

Facebook Comments
Facebook Comment