• 2:15 pm
Go Back

ਬੇਅਦਬੀ ਮਾਮਲਿਆਂ ਤੋਂ ਬਾਅਦ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੰਘਾਂ ਦੇ ਸਬੰਧ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਅੱਜਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਪੂਰੀਆਂ ਚਰਚਾਵਾਂ ਵਿੱਚ ਹਨ। ਜਿੱਥੇ ਇਸ ਰਿਪੋਰਟ ਵਿੱਚ ਜਸਟਿਸ ਰਣਜੀਤ ਸਿੰਘ ਨੇ ਸੌਦਾ ਸਾਧ ਨੂੰ ਮਾਫ਼ੀ ਦਿੱਤੇ ਜਾਣ ਸੰਬੰਧੀ ਗਿਆਨੀ ਗੁਰਬਚਨ ਸਿੰਘ ਨੂੰ ਦੋਸ਼ੀ ਠਹਿਰਾਏ ਜਾਣ ਵੱਲ ਇਸ਼ਾਰਾ ਕੀਤਾ ਹੈ ਉਥੇ ਵਿਧਾਨ ਸਭਾ ਵਿੱਚ ਬਹਿਸ ਦੌਰਾਨ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਤਾਂ ਉਨ੍ਹਾਂ ਤੇ ਭ੍ਰਿਸ਼ਟਾਚਾਰ ਰਾਹੀਂ ਆਮਦਨੀ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਵੀ ਦੋਸ਼ ਲਾਏ ਹਨ। ਜਿਸ ਵੇਲੇ ਇਹ ਦੋਸ਼ ਲਾਏ ਜਾ ਰਹੇ ਸਨ ਤਾਂ ਵਿਧਾਨ ਸਭਾ ਦੀ ਸਾਰੀ ਕਾਰਵਾਈ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਤੇ ਲਾਈਵ ਦਿਖਾਈ ਜਾ ਰਹੀ ਸੀ ਜਿਸ ਨੂੰ ਕਿ ਦੁਨੀਆਂ ਭਰ ਦੇ ਲੋਕਾਂ ਨੇ ਦੇਖਿਆ ਅਤੇ ਇਸ ਨਾਲ ਗਿਆਨੀ ਗੁਰਬਚਨ ਸਿੰਘ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਦੇ ਸਵਾਲਾਂ ਦੇ ਨਿਸ਼ਾਨੇ ਤੇ ਆ ਗਏ। ਉਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਦਾ ਫੋਨ ਬੰਦ ਆਉਣ ਲੱਗ ਪਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕਾਂ ਨੇ ਉਨ੍ਹਾਂ ਬਾਰੇ ਕੁਝ ਵੀ ਦੱਸਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਗਿਆਨੀ ਜੀ ਤਾਂ ਵਿਦੇਸ਼ ਗਏ ਹੋਏ ਹਨ।

ਮਾਹਿਰਾਂ ਅਨੁਸਾਰ ਗਿਆਨੀ ਗੁਰਬਚਨ ਸਿੰਘ ਇਸ ਵਕਤ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਨ ਤੇ ਉਨ੍ਹਾਂ ਦੇ ਅਹੁਦੇ ਦਾ ਸਿੱਖ ਪੰਥ ਝੁਕ ਕੇ ਆਦਰ ਕਰਦਾ ਹੈ। ਹੁਣ ਹਾਲਾਤ ਇਹ ਹਨ ਕਿ ਜਿਸ ਤਰ੍ਹਾਂ ਹੁਣ ਉਨ੍ਹਾਂ ਤੇ ਗੰਭੀਰ ਇਲਜ਼ਾਮ ਲੱਗੇ ਹਨ ਜੇਕਰ ਉਹ ਇਸ ਸਬੰਧ ਵਿੱਚ ਕੁਝ ਵੀ ਬੋਲਦੇ ਹਨ ਤਾਂ ਇੱਕ ਨਵਾਂ ਵਿਵਾਦ ਖੜਾ ਹੋਣ ਦੀ ਪੂਰੀ ਉਮੀਦ ਹੈ। ਇਸ ਲਈ ਉਨ੍ਹਾਂ ਨੇ ਮੀਡੀਆ ਤੋਂ ਪੂਰੀ ਦੂਰੀ ਬਣਾਈ ਹੋਈ ਹੈ। ਪਰ ਜਿਸ ਤਰ੍ਹਾਂ ਪਹਿਲਾਂ ਅਵਤਾਰ ਸਿੰਘ ਮੱਕੜ, ਫੇਰ ਸੁਖਦੇਵ ਸਿੰਘ ਭੌਰ, ਫੇਰ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਹੁਣ ਐਸਜੀਪੀਸੀ ਮੈਂਬਰ ਕਿਰਨਜੋਤ ਕੌਰ ਨੇ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਹੈ ਉਸ ਤੋਂ ਬਾਅਦ ਜੱਥੇਦਾਰ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਗਤ ਦਾ ਰੋਸ ਵਧਦਾ ਜਾ ਰਿਹਾ ਹੈ। ਅੱਜ ਹਾਲਾਤ ਇਹ ਹਨ ਕਿ ਅਕਾਲ ਤਖ਼ਤ ਸਾਹਿਬ ਦੇ ਜਿਸ ਜੱਥੇਦਾਰ ਨੂੰ ਲੋਕ ਬੇਹੱਦ ਸਤਿਕਾਰ ਦਿੰਦੇ ਸਨ ਅੱਜ ਸੋਸ਼ਲ ਮੀਡੀਆ ਤੇ ਉਨ੍ਹਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਜੋ ਕਿ ਲੋਕਾਂ ਦੇ ਮਨਾਂ ਵਿੱਚ ਉਨ੍ਹਾਂ ਪ੍ਰਤੀ ਪੈਦਾ ਹੋਈ ਨਫ਼ਰਤ ਨੂੰ ਦਰਸਾ ਰਿਹਾ ਹੈ।

ਮਾਹਿਰਾਂ ਅਨੁਸਾਰ ਇਸ ਵਕਤ ਗਿਆਨੀ ਗੁਰਬਚਨ ਸਿੰਘ ਦੀ ਹਾਲਤ ਇਹ ਹੈ ਕਿ ਜੇਕਰ ਉਹ ਆਪਣਾ ਪੱਖ ਸਪੱਸ਼ਟ ਨਹੀਂ ਕਰਦੇ ਤਾਂ ਉਹ ਸਿੱਖ ਸੰਗਤ ਦੇ ਨਿਸ਼ਾਨ ਤੇ ਰਹਿਣਗੇ ਤੇ ਜੇਕਰ ਉਹ ਆਪਣਾ ਪੱਖ ਸਪੱਸ਼ਟ ਕਰਦੇ ਹਨ ਤਾਂ ਕਿਤੇ ਨਾ ਕਿਤੇ ਉਹ ਬਾਦਲਾਂ ਦੇ ਨਿਸ਼ਾਨੇ ਤੇ ਆ ਜਾਣਗੇ। ਪਰ ਮਾਹਿਰਾਂ ਅਨੁਸਾਰ ਹੁਣ ਜਿਸ ਤਰ੍ਹਾਂ ਜੱਥੇਦਾਰ ਦੇ ਖਿਲਾਫ਼ ਸਿੱਖ ਸੰਗਤ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਉਨ੍ਹਾਂ ਨੂੰ ਆਪਣਾ ਪੱਖ ਸਿੱਖ ਸੰਗਤ ਦੇ ਸਾਹਮਣੇ ਰੱਖਣ ਲਈ ਅੱਗੇ ਆਉਣਾ ਹੀ ਪਵੇਗਾ। ਅਜਿਹੇ ਵਿੱਚ ਜੇਕਰ ਗਿਆਨੀ ਗੁਰਬਚਨ ਸਿੰਘ ਨੇ ਵੀ ਇਹ ਕਹਿ ਦਿੱਤਾ ਕਿ ਉਨ੍ਹਾਂ ਨੂੰ ਮਾਫ਼ੀਨਾਮੇ ਤੇ ਹਸਤਾਖਰ ਕਰਨ ਲਈ ਬਾਦਲਾਂ ਨੇ ਦਬਾਅ ਹੇਠ ਲਿਆ ਸੀ ਤਾਂ ਅਵਤਾਰ ਸਿੰਘ ਮੱਕੜ, ਗਿਆਨੀ ਗੁਰਮੁਖ ਸਿੰਘ, ਸੁਖਦੇਵ ਸਿੰਘ ਭੌਰ ਅਤੇ ਕਰਨੈਲ ਸਿੰਘ ਪੰਜੋਲੀ ਵਰਗੇ ਵਿਅਕਤੀਆਂ ਵੱਲੋਂ ਕੀਤੇ ਗਏ ਦਾਅਵਿਆਂ ਤੇ ਪੱਕੀ ਮੋਹਰ ਲੱਗ ਜਾਵੇਗੀ। ਅਜਿਹੇ ਹਾਲਾਤ ਵਿੱਚ ਬਾਦਲਾਂ ਨੂੰ ਆਪਣਾ ਰੁੱਖ ਸਪੱਸ਼ਟ ਕਰਨਾ ਬੇਹੱਦ ਔਖਾ ਹੋਵੇਗਾ ਕਿਉਂਕਿ ਇਹ ਉਹ ਜੱਥੇਦਾਰ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੇ ਸਾਰੇ ਕੰਮ ਬਾਦਲਾਂ ਦੇ ਕਹਿਣ ਤੇ ਹੀ ਕੀਤੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਜੱਥੇਦਾਰ ਆਪਣਾ ਪੱਖ ਜੱਥੇਦਾਰੀ ’ਚ ਰਹਿੰਦਿਆਂ ਸਿੱਖ ਸੰਗਤ ਅੱਗੇ ਰੱਖਦੇ ਹਨ ਜਾਂ ਅਹੁਦਾ ਛੱਡਣ ਤੋਂ ਬਾਅਦ। ਕਿਉਂਕ ਜੇਕਰ ਗਿਆਨੀ ਗੁਰਬਚਨ ਸਿੰਘ ਆਪਣਾ ਪੱਖ ਅਹੁਦੇ ਤੇ ਰਹਿੰਦਿਆਂ ਹੀ ਸਪੱਸ਼ਟ ਕਰ ਦਿੰਦੇ ਹਨ ਤਾਂ ਕਿਤੇ ਨਾ ਕਿਤੇ ਉਹ ਆਪਣਾ ਅਕਸ ਬਚਾਉਣ ਵਿਚ ਥੋੜ੍ਹਾ ਬਹੁਤ ਕਾਮਯਾਬ ਹੋ ਜਾਣਗੇ ਲੇਕਿਨ ਜੇਕਰ ਉਹ ਇਹ ਅਹੁਦਾ ਛੱਡਣ ਤੋਂ ਬਾਅਦ ਕੁਝ ਬੋਲਦੇ ਹਨ ਤਾਂ ਉਨ੍ਹਾਂ ਦੇ ਆਖੇ ਦੀ ਕੀਮਤ ਘੱਟ ਜਾਵੇਗੀ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਵਿਰੋਧੀਆਂ ਨੂੰ ਇਹ ਕਹਿਣ ਦਾ ਮੌਕਾ ਮਿਲ ਜਾਵੇਗਾ ਕਿ ਅਹੁਦਾ ਛੱਡਣ ਤੋਂ ਬਾਅਦ ਜੱਥੇਦਾਰ ਸਾਡੇ ਤੇ ਜਾਣਬੁੱਝ ਕੇ ਇਲਜ਼ਾਮ ਲਗਾ ਰਹੇ ਹਨ।

– ਕੁਲਵੰਤ ਸਿੰਘ

Facebook Comments
Facebook Comment