• 7:43 pm
Go Back

ਜੰਗੀ ਪੱਧਰ ਤੇ ਭਰਤੀ ਸ਼ੁਰੂ, ਐਨਆਰਆਈ ਵਿੰਗ ਵੱਖਰਾ ਕੀਤਾ ਜਾਵੇਗਾ ਕਾਇਮ 

ਅੰਮ੍ਰਿਤਸਰ : ਸਿਆਸਤ ਤੋਂ ਸਨਿਆਸ ਲੈਣ ਤੋਂ ਬਾਅਦ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਐਚ ਐਸ ਫੂਲਕਾ ਆਪਣੀ ਕਥਨੀ ਨੂੰ ਸੱਚ ਕਰ ਵਿਖਾਉਣ ਲਈ ਐਸਜੀਪੀਸੀ ‘ਤੇ ਕਾਬਜ਼ ਸਿਅਸਾਤਦਾਨਾਂ ਦੇ ਪਿੱਛੇ ਹੱਥ ਧੋ ਕੇ ਪੈ ਗਏ ਹਨ। ਬੁੱਧੀਜੀਵੀਆਂ ਨੂੰ ਮਿਲਾ ਕੇ ਬਣਾਏ ਗਏ ਸਿੱਖ ਸੇਵਕ ਸੰਗਠਨ ਦੇ ਐਲਾਨ ਤੋਂ ਬਾਅਦ ਫੂਲਕਾ ਨੇ ਹੁਣ ਇਸੇ ਮੁਹਿੰਮ ਨੂੰ ਸਫਲ ਬਣਾਉਣ ਲਈ ਸਿੱਖ ਸੇਵਕ ਆਰਮੀ ਬਣਾਏ ਜਾਣ ਦਾ ਵੀ ਐਲਾਨ ਕਰ ਦਿੱਤਾ ਹੈ। ਫੂਲਕਾ ਅਨੁਸਾਰ ਬੁੱਧੀਜੀਵੀਆਂ ਦਾ ਸਿੱਖ ਸੇਵਕ ਸੰਗਠਨ ਜੋ ਸੁਝਾਅ ਦੇਵੇਗਾ ਉਸ ਨੂੰ ਜ਼ਮੀਨੀ ਪੱਧਰ ‘ਤੇ ਵਲੰਟੀਅਰਾਂ ਨੂੰ ਮਿਲਾ ਕੇ ਬਣਾਈ ਗਈ ਸਿੱਖ ਸੇਵਕ ਆਰਮੀ ਲਾਗੂ ਕਰੇਗੀ। ਇਸ ਮੌਕੇ ਫੂਲਕਾ ਨੇ ਇਸ ਸਿੱਖ ਸੇਵਕ ਆਰਮੀ ਦੀ ਭਰਤੀ ਖੋਲ੍ਹੇ ਜਾਣ ਦਾ ਵੀ ਐਲਾਨ ਕਰਦਿਆਂ ਕਿਹਾ ਕਿ ਇਹ ਭਰਤੀ ਉਨ੍ਹਾਂ ਵੱਲੋਂ sikhsewakarmy.com ਨਾਮਕ ਇੱਕ ਵੈੱਬਸਾਈਟ ਬਣਾ ਕੇ ਖੋਲ੍ਹੀ ਗਈ ਹੈ, ਜਿਸ ‘ਤੇ ਕੋਈ ਵੀ ਵਿਅਕਤੀ ਆਪਣਾ ਨਾਮ ਰਜ਼ਿਸਟਰਡ ਕਰਵਾ ਸਕਦਾ ਹੈ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਚ ਐਸ ਫੂਲਕਾ ਨੇ ਕਿਹਾ ਕਿ ਇਹ ਦੋ ਵੱਖਰੇ ਵੱਖਰੇ ਸੰਗਠਨ ਬਣਾਉਣ ਦੀ ਲੋੜ ਇਸ ਲਈ ਪਈ ਕਿਉਂਕਿ ਹੁਣ ਤੱਕ ਅਜਿਹਾ ਹੁੰਦਾ ਆਇਆ ਹੈ ਕਿ ਬੁੱਧੀਜੀਵੀ ਤਾਂ ਆਪਣੇ ਸੁਝਾਅ ਦੇ ਦਿੰਦੇ ਸਨ ਪਰ ਉਨ੍ਹਾਂ ਸੁਝਾਵਾਂ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਨ ਵਾਲਾ ਕੋਈ ਨਹੀਂ ਹੁੰਦਾ ਸੀ। ਫੂਲਕਾ ਅਨੁਸਾਰ ਜਿੰਨ੍ਹਾਂ ਕੋਲ ਇਹ ਸਾਰਾ ਤੰਤਰ ਹੈ ਉਹ ਕੰਮ ਇਸ ਲਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਖੁਦ ਆਪ ਸਾਰਾ ਕੰਟਰੋਲ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਬੁੱਧੀਜੀਵੀਆਂ ਦਾ ਸਿੱਖ ਸੇਵਕ ਸੰਗਠਨ ਵੀ ਹੈ ਤੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਨ ਵਾਲੀ ਸਿੱਖ ਸੇਵਕ ਆਰਮੀ ਵੀ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿੱਖ ਸੇਵਕ ਆਰਮੀ ਹੈ ਕੋਈ ਲੰਗਰ ਦਾ ਜਥਾ, ਕੋਈ ਸੇਵਾ ਦਾ ਜਥਾ ਤੇ ਕੋਈ ਚੌਕੀ ਦਾ ਜਥਾ ਜਿਸ ਕੋਲ ਸਾਧਨਾਂ ਦੀ ਘਾਟ ਹੈ ਤੇ ਉਹ ਅੱਜ ਤੱਕ ਇਸ ਲਈ ਇਸ ਸਿਸਟਮ ਵਿੱਚ ਸੁਧਾਰ ਲਿਆਉਣ ਵਿੱਚ ਨਾਕਾਮ ਰਹੇ ਹਨ ਕਿਉਂਕਿ ਉਹ ਉੱਚ ਪੱਧਰ ‘ਤੇ ਸਰਕਾਰਾਂ, ਚੋਣ ਕਮਿਸ਼ਨਾਂ ਤੇ ਅਦਾਲਤਾਂ ਨਾਲ ਰਾਬਤਾ ਨਹੀਂ ਕਾਇਮ ਕਰ ਸਕਦੇ ਸਨ। ਜਿੰਨ੍ਹਾਂ ਨੂੰ ਹੁਣ ਅਸੀਂ ਇਹ ਸਾਰੇ ਸਾਧਨ ਮੁਹੱਈਆ ਕਰਵਾਵਾਂਗੇ। ਬੱਸ ਇਨ੍ਹਾਂ ਨੂੰ ਬਾਕੀ ਚਿੰਤਵਾਵਾਂ ਛੱਡ ਕੇ ਜਮੀਨੀ ਪੱਧਰ ‘ਤੇ ਕੰਮ ਕਰਨ ਦੀ ਲੋੜ ਹੋਵੇਗੀ।

ਇਸ ਮੌਕੇ ਫੂਲਕਾ ਨੇ ਕਿਹਾ ਕਿ ਲੋਕ ਵੈੱਬਸਾਈਟ ਤੋਂ ਇਲਾਵਾ 8869500070 ਨੰਬਰ ‘ਤੇ ਫੋਨ ਕਰਕੇ ਵੀ ਆਪਣੇ ਨਾਮ ਸੰਸਥਾ ਨਾਲ ਜੁੜਨ ਲਈ ਦਰਜ ਕਰਵਾ ਸਕਦੇ ਹਨ। ਜਿੰਨ੍ਹਾਂ ਨਾਲ ਸਾਡੀ ਟੀਮ ਖੁਦ ਸੰਪਰਕ ਕਰੇਗੀ। ਉਨ੍ਹਾਂ ਕਿਹਾ ਕਿ ਰਜਿਸ਼ਟਰਡ ਕੀਤੇ ਗਏ ਲੋਕਾਂ ਨੂੰ ਦੋ ਯੂਨਿਟਾਂ ਵਿੱਚ ਵੰਡ ਦਿੱਤਾ ਜਾਵੇਗਾ। ਜਿਹੜੇ ਲੋਕ ਸਾਬਤ-ਸੂਰਤ ਸਿੱਖ ਹੋਣਗੇ ਉਨ੍ਹਾਂ ਨੂੰ ਐਸਜੀਪੀਸੀ ਦੇ ਖਿਲਾਫ ਕੰਮ ਕਰਨ ਲਈ ਰੱਖਿਆ ਜਾਵੇਗਾ ਤੇ ਜਿਹੜੇ ਦੂਜੇ ਹੋਣਗੇ ਉਨ੍ਹਾਂ ਨੂੰ ਨਸ਼ਿਆਂ ਖਿਲਾਫ ਵਿੱਢੀ ਜਾਣ ਵਾਲੀ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ। ਫੂਲਕਾ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਲੋਕ ਵੀ ਆਪਣੇ ਨਾਮ ਰਜਿਸ਼ਟਰਡ ਕਰਵਾ ਕੇ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਪੰਜਾਬ ਵਿੱਚ ਬਹੁਤ ਵੱਡਾ ਰੋਲ ਹੈ। ਉਨ੍ਹਾਂ ਕਿਹਾ ਕਿ ਲੋਕ ਐਨਆਰਆਈ ਲੋਕਾਂ ਦੀ ਗੱਲ ਫੋਨ ‘ਤੇ ਵੀ ਬੜੇ ਧਿਆਨ ਨਾਲ ਸੁਣ ਕੇ ਉਸ ‘ਤੇ ਅਮਲ ਕਰਦੇ ਹਨ।

ਐਸਜੀਪੀਸੀ ‘ਤੇ ਸਿਆਸੀ ਲੋਕਾਂ ਦੇ ਗ਼ਲਬੇ ਖਿਲਾਫ ਦੱਬ ਦੇ ਬੋਲਦਿਆਂ ਐਚ ਐਸ ਫੂਲਕਾ ਨੇ ਕਿਹਾ ਕਿ ਜੇਕਰ ਇਹ ਲੋਕ ਆਪਣਾ ਰੋਲ ਸਹੀ ਢੰਗ ਨਾਲ ਨਿਭਾਉਂਦੇ ਤਾਂ ਅੱਜ ਚਾਰੇ ਪਾਸੇ ਤਰਾਹੀ ਤਰਾਹੀ ਨਾ ਹੁੰਦੀ। ਉਨ੍ਹਾਂ ਕਿਹਾ ਕਿ ਜੇ ਇਹ ਸੇਵਾ ਕਰਦੇ ਤਾਂ ਅੱਜ ਬੇਅਦਬੀ ਵਾਲੇ ਕਾਂਡ ਨਾ ਹੁੰਦੇ। ਉਨ੍ਹਾਂ ਸਵਾਲ ਕੀਤਾ ਜੇ ਇਨ੍ਹਾਂ ਲੋਕਾਂ ਨੇ ਸਿਰਫ ਸੇਵਾ ਕੀਤੀ ਸੀ ਤਾਂ ਇਹ ਰਾਮ ਰਹੀਮ ਦੇ ਚਰਨਾ ‘ਚ ਕਿਉਂ ਬੈਠੇ? ਜੇ ਉਹ ਸਿਰਫ ਸੇਵਾ ਕਰਦੇ ਤਾਂ ਰਾਮ ਰਹੀਮ ਕਿੰਨੀ ਦੇਰ ਪਹਿਲਾਂ ਜੇਲ੍ਹ ਕਿਉਂ ਨਹੀਂ ਪਹੁੰਚਿਆ? ਉਹ ਬਲਾਤਕਾਰੀ, ਉਸ ਕਾਤਲ ਦੇ ਚਰਨਾਂ ਵਿੱਚ ਬੈਠ ਕੇ ਇਨ੍ਹਾਂ ਨੇ ਉਸ ਨੂੰ ਕਿਉਂ ਬਚਾਇਆ? ਉਨ੍ਹਾਂ ਕਿਹਾ ਕਿ ਜਨਤਾ ਇਨ੍ਹਾਂ ਗੱਲਾਂ ਤੋਂ ਤੰਗ ਆ ਕੇ ਉੱਠ ਖਲੋਤੀ ਹੈ। ਐਚ ਐਸ ਫੂਲਕਾ ਨੇ ਕਿਹਾ ਕਿ ਇਹ ਲੋਕ ਕੋਈ ਸਿਆਸੀ ਲੀਡਰ ਨਹੀਂ ਹਨ ਤੇ ਨਾ ਹੀ ਇਨ੍ਹਾਂ ਨੇ ਐਸਜੀਪੀਸੀ ‘ਤੇ ਕੰਟਰੋਲ ਕਰਕੇ ਕੋਈ ਚੌਧਰ ਲੈਣੀ ਹੈ। ਇਹ ਉਹ ਲੋਕ ਹਨ ਜਿਹੜੇ ਪੁਰਾਣੇ ਸਿਸਟਮ ਤੋਂ ਤੰਗ ਆ ਚੁੱਕੇ ਹਨ। ਫੂਲਕਾ ਨੇ ਇਸ ਮੌਕੇ ਦਾਅਵਾ ਕੀਤਾ ਕਿ ਜੇ ਸਭ ਕੁਝ ਠੀਕ ਠਾਕ ਰਿਹਾ ਤਾਂ ਉਹ ਇਸ ਸਾਲ ਦੇ ਅੱਧ ਤੱਕ ਐਸਜੀਪੀਸੀ ਚੋਣਾਂ ਕਰਵਾ ਕੇ ਰਹਿਣਗੇ।

Facebook Comments
Facebook Comment