• 7:43 pm
Go Back

ਫੂਲਕਾ ਨੂੰ ਸਨਮਾਨਿਤ ਕਰਦੀ ਕਰਦੀ ਐਸਜੀਪੀਸੀ ਨੇ ਉਨ੍ਹਾਂ ਵਿਰੁੱਧ ਤੇਵਰ ਕੀਤੇ ਸ਼ਖਤ

ਲੌਂਗੋਵਾਲ ਨੇ ਕਿਹਾ ਕਿ ਫੂਲਕਾ ਇੱਕ ਬੌਖਲਾਇਆ ਹੋਇਆ ਬੰਦਾ ਹੈ, ਜੋ ਕਦੇ ਕੁਝ ਬੋਲਦੈ ਤੇ ਕਦੇ ਕੁਝ

ਲੁਧਿਆਣਾ : ਕੁਝ ਦਿਨ ਪਹਿਲਾਂ ਜਿਹੜੀ ਐਸਜੀਪੀਸੀ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਸਜ਼ਾ ਦਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੂੰ ਆਪ ਬੁਲਾ ਕੇ ਸਨਮਾਨਿਤ ਕਰਨ ਜਾ ਰਹੀ ਸੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੁਣ ਫੂਲਕਾ ਇੱਕ ਬੌਖਲਾਇਆ ਹੋਇਆ ਇਨਸਾਨ ਨਜ਼ਰ ਆਉਣ ਲੱਗ ਪਿਆ ਹੈ। ਜੀ ਹਾਂ, ਇਹ ਸੱਚ ਹੈ ਕਿਉਂਕਿ ਇਹ ਗੱਲ ਅਸੀਂ ਆਪਣੇ ਕੋਲੋ ਨਹੀਂ ਭਾਈ ਲੋਂਗੋਵਾਲ ਨੇ ਆਪ ਖੁਦ ਪੱਤਰਕਾਰਾਂ ਨੂੰ ਆਖੀ ਹੈ ਕਿ ਆਮ ਆਦਮੀ ਪਾਰਟੀ ਵਿੱਚੋਂ ਅਸਤੀਫਾ ਦੇ ਚੁੱਕਿਆ ਸੀਨੀਅਰ ਵਕੀਲ ਐਚ ਐਸ ਫੂਲਕਾ ਇੱਕ ਬੌਖਲਾਇਆ ਹੋਇਆ ਬੰਦਾ ਹੈ ਜੋ ਕਿ ਕਦੇ ਕੋਈ ਗੱਲ ਬੋਲਦਾ ਹੈ ਤੇ ਕਦੇ ਕੋਈ। ਉਨ੍ਹਾਂ ਕਿਹਾ ਕਿ ਫੂਲਕਾ ਵੱਲੋਂ ਐਸ ਜੀ ਪੀ ਸੀ ਤੇ ਲਾਏ ਜਾ ਰਹੇ ਉਹ ਦੋਸ਼ ਬੇਬੁਨਿਆਦ ਹਨ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਬਾਦਲਾਂ ਦੇ ਅਧੀਨ ਹੈ ਤੇ ਇਸ ਨੂੰ ਮੁਕਤ ਕਰਾਉਣ ਦੀ ਲੋੜ ਹੈ। ਲੋਂਗੋਵਾਲ ਅਨੁਸਾਰ ਐਸਜੀਪੀਸੀ ਇੱਕ ਅਜ਼ਾਦ ਸੰਸਥਾ ਹੈ ਜੋ ਆਪਣੇ ਫੈਸਲੇ ਆਪ ਕਰਦੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੋਂਗੋਵਾਲ ਨੇ ਕਿਹਾ ਕਿ ਜਾਂ ਤਾਂ ਫੂਲਕਾ ਨੂੰ ਐਸਜੀਪੀਸੀ ਬਾਰੇ ਕੋਈ ਗਿਆਨ ਨਹੀਂ ਹੈ ਤੇ ਜਾਂ ਉਹ ਜਾਣ ਬੁੱਝ ਕੇ ਅਜਿਹੀਆਂ ਗੱਲਾਂ ਕਰਦਾ ਹੈ। ਉਨ੍ਹਾਂ ਕਿਹਾ ਕਿ ਕਦੇ ਉਹ ਪਾਰਟੀ ਵਿੱਚ ਰਹਿੰਦਾ ਹੈ ਤੇ ਕਦੀ ਅਸਤੀਫਾ ਦੇ ਦਿੰਦਾ ਹੈ ਇਸ ਲਈ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਲੋਂਗੋਵਾਲ ਅਨੁਸਾਰ ਐਸਜੀਪੀਸੀ ਵਿੱਚ ਕਿਸੇ ਹੋਰ ਪਾਰਟੀ ਦੀ ਦਖਲ ਅੰਦਾਜੀ ਨਹੀਂ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੀ ਜਦੋਂ ਚੋਣ ਹੁੰਦੀ ਹੈ ਤਾਂ ਉਸ ਦੌਰਾਨ ਸ਼੍ਰੋਮਣੀ ਅਕਾਲੀ ਦਲੇ ਉਮੀਦਵਾਰ ਹੀ ਚੋਣ ਲੜਦੇ ਹਨ ਤੇ ਹਮੇਸ਼ਾ ਜਿੱਤ ਕੇ ਆਉਂਦੇ ਹਨ ਜਿੰਨ੍ਹਾਂ ਨੂੰ ਹਮੇਸ਼ਾ ਸੰਗਤ ਜਿਤਾਉਂਦੀ ਹੈ।

ਇੱਥੇ ਦੱਸ ਦਈਏ ਕਿ ਬੀਤੀ ਕੱਲ੍ਹ ਹਰਵਿੰਦਰ ਸਿੰਘ ਫੂਲਕਾ  ਨੇ ਇੱਕ ਪੱਤਰਕਾਰ ਸੰਮੇਲਣ ਕਰਕੇ ਇਹ ਦੋਸ਼ ਲਾਇਆ ਸੀ ਕਿ ਐਸ ਜੀ ਪੀਸੀ ਅੰਦਰ ਵੱਡਾ ਨਿਘਾਰ ਆ ਚੁੱਕਾ ਹੈ ਤੇ ਅੱਜ ਸਿੱਖ ਪੰਥ ਨੂੰ ਐਸਜੀਪੀਸੀ ਤੇ ਹੋਏ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਾਉਣ ਦੀ ਲੋੜ ਹੈ। ਇਸੇ ਲਈ ਉਹ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਫੂਲਕਾ ਖਿਲਾਫ ਆਪਣੇ ਤੇਵਰ ਸ਼ਖਤ ਕਰ ਲਏ ਹਨ ਜਿਹੜੇ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸੱਦਾ ਦਿੰਦੇ ਫਿਰਦੇ ਸਨ। ਹੁਣ ਸਵਾਲ ਇਹ ਹੈ ਕਿ, ਕੀ ਐਸ ਜੀ ਪੀ ਸੀ ਹੁਣ ਸਿੱਖ ਪੰਥ ਨੂੰ ਨਸ਼ਲਕੁਸ਼ੀ ਦੇ ਮਾਮਲਿਆਂ ਚ ਇਨਸਾਫ ਦਵਾਉਣ ਵਾਲੇ ਫੂਲਕਾ ਦੀਆਂ ਪ੍ਰਾਪਤੀਆਂ ਨੂੰ ਸਿਰਫ ਇਸ ਲਈ ਭੁੱਲ ਜਾਵੇਗੀ ਕਿ ਉਨ੍ਹਾਂ ਨੇ ਬਾਦਲਾਂ ਦੇ ਖਿਲਾਫ ਕੁਝ ਬੋਲ ਦਿੱਤਾ ਹੈ?

Facebook Comments
Facebook Comment