• 2:25 am
Go Back

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ ਮੰਤਰੀ ਮੰਡਲ ਦਾ ਵਾਧਾ ਇੱਕ ਵਾਰ ਫਿਰ ਟਲ ਗਿਆ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਭਾਵੀ ਮੰਤਰੀਆਂ ਦੀ ਜੋ ਸੂਚੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤੀ ਸੀ ਉਸ ਬਾਰੇ ਸਹਿਮਤੀ ਨਹੀਂ ਬਣੀ ਅਤੇ ਸੂਚੀ ਨੂੰ ਰਾਹੁਲ ਗਾਂਧੀ ਨੇ ਨਕਾਰ ਦਿੱਤਾ । ਹੁਣ ਪੰਦਰਾਂ ਦਿਨ ਬਾਅਦ ਕੈਪਟਨ ਅਮਰਿੰਦਰ ਸਿੰਘ ਫਿਰ ਤੋਂ ਰਾਹੁਲ ਦੇ ਦਰਬਾਰ ਜਾਣਗੇ ।ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਕੁਝ ਨੌਜਵਾਨਾਂ ਨੂੰ ਮੰਤਰੀ ਬਣਾਉਣ ਦੇ ਪੱਖ ਵਿੱਚ ਹਨ ਪਰ ਕੈਪਟਨ ਵੱਲੋਂ ਜੋ ਸੂਚੀ ਰਾਹੁਲ ਗਾਂਧੀ ਨੂੰ ਦਿੱਤੀ ਗਈ ਸੀ ਉਸ ਵਿੱਚ ਨੌਜਵਾਨਾਂ ਦੇ ਨਾਮ ਘੱਟ ਸਨ ਜਿਸ ਕਾਰਨ ਰਾਹੁਲ ਗਾਂਧੀ ਨੂੰ ਇਹ ਸੂਚੀ ਪਸੰਦ ਨਹੀਂ ਆਈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਤੋਂ ਰਾਤ ਬਿਨਾਂ ਕਿਸੇ ਨੂੰ ਦੱਸੇ ਦਿੱਲੀ ਚਲੇ ਗਏ ਸਨ । ਉਨ੍ਹਾਂ ਨੇਕੱਲ੍ਹ ਦੁਪਹਿਰ ਗਿਆਰਾਂ ਵਜੇ ਦੇ ਕਰੀਬ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ।
ਇੱਕ ਸਾਲ ਤੋਂ ਮੰਤਰੀ ਮੰਡਲ ਦਾ ਵਾਧਾ ਲਟਕਿਆ ਪਿਆ ਹੈ । ਪੰਜਾਬ ਵਿੱਚ ਨੌਂ ਹੋਰ ਨਵੇਂ ਮੰਤਰੀ ਬਣਾਉਣ ਦੀ ਲੋੜ ਹੈ ਪਰ ਮੰਤਰੀ ਮੰਡਲ ਦੇ ਵਾਧੇ ਦੀ ਤਾਣੀ ਸੁਲਝਦੀ ਨਜ਼ਰ ਨਹੀਂ ਆ ਰਹੀ । ਸੂਤਰਾਂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਦੇ ਵਾਧੇ ਦੇ ਪੱਖ ਵਿੱਚ ਨਹੀਂ ਕਿਉਂਕਿ ਉਨ੍ਹਾਂ ਨੂੰ ਖਰਚਾ ਹੋਰ ਵਧ ਜਾਣ ਦਾ ਡਰ ਸਤਾ ਰਿਹਾ ਹੈ । ਦੂਜੇ ਪਾਸੇ ਮੰਤਰੀ ਬਣਨ ਦੇ ਚਾਹਵਾਨ ਵਿਧਾਇਕ ਬਹੁਤ ਪ੍ਰੇਸ਼ਾਨ ਹਨ ਅੰਦਰ ਖਾਤੇ ਉਹ ਕੈਪਟਨ ਦੀ ਇਸ ਢਿੱਲ ਮੱਠ ਦੀ ਨੀਤੀ ਦਾ ਵਿਰੋਧ ਕਰ ਰਹੇ ਹਨ ਪਰ ਖੁੱਲ੍ਹੇ ਤੌਰ’ ਤੇ ਉਹ ਕੁਝ ਕਹਿਣ ਨੂੰ ਤਿਆਰ ਨਹੀਂ । ਅਫ਼ਸਰਸ਼ਾਹੀ ਵੀ ਇਹ ਮਹਿਸੂਸ ਕਰਦੀ ਹੈ ਮੰਤਰੀ ਮੰਡਲ ਵਿੱਚ ਵਾਧਾ ਕਰ ਹੀ ਦੇਣਾ ਚਾਹੀਦਾ ਹੈ ਕਿਉਂਕਿ ਤਿੰਨ ਚਾਰ ਵਾਰ ਵਿਧਾਇਕ ਬਣੇ ਕਾਂਗਰਸੀ ਆਗੂ ਬਹੁਤ ਪ੍ਰੇਸ਼ਾਨ ਹਨ। ਮੰਤਰੀ ਬਣਨ ਦੇ ਚਾਹਵਾਨ ਵਿਧਾਇਕ ਨਵੇਂ ਕੱਪੜੇ ਵੀ ਤਿਆਰ ਕਰਵਾ ਲੈਂਦੇ ਹਨ ਅਤੇ ਕਮਰੇ ਵੀ ਵੇਖ ਲੈਂਦੇ ਹਨ ਪਰ ਉਨ੍ਹਾਂ ਦੇ ਉਮੀਦਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ ।

Facebook Comments
Facebook Comment