• 1:26 pm
Go Back

ਚੰਡੀਗੜ੍ਹ: (ਦਰਸ਼ਨ ਸਿੰਘ ਖੋਖਰ) : ਪੰਜਾਬ ਨੇ ਕੇਂਦਰੀ ਪੂਲ ਲਈ ਕਣਕ ਅਤੇ ਝੋਨੇ ਦੀ ਖ਼ਰੀਦ ਬਦਲੇ ਕੇਂਦਰ ਸਰਕਾਰ ਤੋਂ ਸਲਾਨਾਂ 1800 ਕਰੋੜ ਰੁਪਏ ਦੀ ਮੰਗ ਕੀਤੀ ਹੈ। ਕੌਮੀਂ ਨੀਤੀ ਅਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਨਾਲ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਹ ਮਸਲਾ ਉਠਾਇਆ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ 90 ਫੀਸਦੀ ਤੋਂ ਜ਼ਿਆਦਾ ਹਾੜੀ ਅਤੇ ਸਉਣੀ ਦੀਆਂ ਫਸਲਾਂ ਫੂਡ ਸਪਲਾਈ ਵਿਭਾਗ ਅਤੇ ਪੰਜਾਬ ਦੀਆਂ ਹੋਰ ਖ਼ਰੀਦ ਏਜੰਸੀਆਂ ਕਰਦੀਆਂ ਹਨ। ਖਰੀਦ ਪ੍ਰਬੰਧਾਂ ਬਦਲੇ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਕੁੱਝ ਵੀ ਨਹੀਂ ਦਿੰਦੀ। ਇਸ ਵਰਤਾਰੇ ‘ਤੇ ਸਲਾਨਾਂ 1800 ਕਰੋੜ ਰੁਪਏ ਪੰਜਾਬ ਸਰਕਾਰ ਦੇ ਖ਼ਰਚ ਹੁੰਦੇ ਹਨ। ਜਿਸ ਕਾਰਨ ਇਹ ਰਾਸ਼ੀ ਕੇਂਦਰ ਸਰਕਾਰ ਪੰਜਾਬ ਨੂੰ ਦੇਣੀ ਸ਼ੁਰੂ ਕਰੇ। ਜੇਕਰ ਕੇਂਦਰ ਸਰਕਾਰ ਅਜਿਹਾ ਨਹੀਂ ਕਰ ਸਕਦੀ ਤਾਂ ਐਫ.ਸੀ.ਆਈ. ਤੋਂ ਇਹ ਕੰਮ ਕਰਵਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਮਸਲਾ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ। ਜੇਕਰ ਕੇਂਦਰ ਨੇ ਇਹ ਗਲ ਮੰਨ ਲਈ ਤਾਂ ਪੰਜਾਬ ਦੇ ਵਾਰੇ ਨਿਆਰੇ ਹੋ ਜਾਣਗੇ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੰਮੇ ਸਮੇਂ ਤੋਂ ਲਟਕ ਰਹੇ ਡੈਮ ਬਣਾਉਣ ਅਤੇ ਨਹਿਰਾਂ ਪੱਕੀਆਂ ਕਰਨ ਦੇ ਪ੍ਰੋਜੈਕਟ ਸਿਰੇ ਚੜਾਉÎਣ, ਵਾਰਡਰ ਏਰੀਏ ਕਾਰਨ ਪੰਜਾਬ ਨੂੰ ਵਿਸੇਸ ਪੈਕੇਜ਼ ਦੇਣ। ਕੇਂਦਰ ਦੀਆਂ ਸਕੀਮਾਂ ਲਈ ਪੰਜਾਬ ਦਾ ਰਾਸ਼ੀ ਹਿੱਸਾ ਖ਼ਤਮ ਕਰਨ ਜਾਂ ਘੱਟ ਕਰਨ, ਸੇਮ ਦੇ ਖ਼ਾਤਮੇ ਅਤੇ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਦੇ ਮਸਲੇ ਵੀ ਉਨਾਂ ਨੀਤੀ ਅਯੋਗ ਕੋਲ ਉਠਾਏ। ਨੀਤੀ ਅਯੋਗ ਦੇ ਵਾਈਸ ਚੇਅਰਮੈਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਸੂਬੇ ਦੀ ਸਰਗਰਮ ਸਰਹੱਦੀ ਹੱਦ ਦੇ ਮੱਦੇਨਜ਼ਰ ਸੂਬੇ ਨਾਲ ਵੱਖਰਾ ਵਰਤਾਅ ਕੀਤੇ ਜਾਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ ਕਿਉਂਕਿ ਸਰਹੱਦ ਪਾਰਲੇ ਗੁਆਂਢੀ ਵੱਲੋਂ ਨਫ਼ਰਤ ਵਾਲਾ ਵਤੀਰਾ ਅਪਣਾਇਆ ਹੋਇਆ ਹੈ ਅਤੇ ਇੱਥੋਂ ਦੀ ਸੰਘਣੀ ਆਬਾਦੀ ਹੈ। ਪੰਜਾਬ ਨਾਲ ਹਿੱਸੇਦਾਰੀ ਦੇ ਰੂਪ ਵਿਚ 50:50 ਦੇ ਹਿਸਾਬ ਨਾਲ ਤਬਦੀਲੀ ਲਿਆਉਣ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ 90:10 ਦੀ ਮੂਲ ਹਿੱਸੇਦਾਰੀ ਮੁੜ ਬਹਾਲ ਕਰਨ ਲਈ ਕਿਹਾ ਹੈ, ਜੋ ਇਸ ਵੇਲੇ ਕੇਵਲ ‘ਵਿਸ਼ੇਸ਼ ਸ਼੍ਰੇਣੀ’ ਵਾਲੇ ਸੂਬਿਆਂ ਲਈ ਲਾਗੂ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸੂਬੇ ਦੀ ਅਸਥਿਰ ਸਰਹੱਦ ਦੇ ਕਾਰਨ ਪੰਜਾਬ ਨੂੰ ‘ਵਿਸ਼ੇਸ਼ ਸ਼੍ਰੇਣੀ’ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ। ਕੌਮੀਂ ਨੀਤੀ ਅਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਦੱਸਿਆ ਕਿ ਸੂਬਿਆਂ ਦੀਆਂ ਮੁਸਕਲਾਂ ਜਾਨਣ ਲਈ ਅਯੋਗ ਨੇ ਹਰ ਸੂਬੇ ਵਿਚ ਜਾਣ ਦਾ ਪਲਾਨ ਬਣਾਇਆ ਹੈ। ਜੋ ਵੀ ਮੁਸ਼ਕਲਾਂ ਸਾਹਮਣੇ ਆ ਰਹੀਆਂ ਹਨ, ਉਨਾਂ ਦਾ ਹਰ ਸੰਭਵ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹੁਣ ਅਯੋਗ ਨੇ ਫੈਸਲੇ ਦਿੱਲੀ ਵਿਚ ਦਫ਼ਤਰਾਂ ਵਿਚ ਬੈਠਕੇ ਨਹੀਂ ਕਰਨੇ ਸਗੋਂ ਹਰ ਖੇਤਰ ਵਿਚ ਜਾਕੇ ਮੁਸ਼ਕਲਾਂ ਜਾਨਣ ਤੋਂ ਬਾਅਦ ਹੀ ਕਰਨੇ ਹਨ।

Facebook Comments
Facebook Comment