• 7:22 am
Go Back

ਰੁੱਸਣਾ, ਮਨਾਉਣਾ ਤੇ ਜੱਥੇਦਾਰ ਦੇ ਅਸਤੀਫੇ ਦੀ ਮੰਗ : ਕਿਤੇ ਬਾਦਲਾਂ ਨੂੰ ਪਾਕਿ ਸਾਫ਼ ਕਰਨ ਦੀ ਪ੍ਰੈਕਟਿਸ ਤਾਂ ਨੀ?

ਚੰਡੀਗੜ੍ਹ : ਤਿੰਨ ਸਾਲ ਦੇ ਲੰਬੇ ਰੇੜ੍ਹਕੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜਦੋਂ ਅਸਤੀਫਾ ਦਿੱਤਾ ਤਾਂ ਉਸ ਵੇਲੇ ਸਵਾਲ ਇਹ ਉੱਠੇ ਕਿ ਆਖਰਕਾਰ ਗਿਆਨੀ ਜੀ ਤਿੰਨ ਸਾਲ ਤੱਕ ਚੁੱਪ ਕਿਉਂ ਰਹੇ ਤੇ ਹੁਣ ਅਚਾਨਕ ਅਜਿਹਾ ਕੀ ਹੋਇਆ ਕਿ ਦਿਨ ਵੇਲੇ ਗਿਆਨੀ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਜੱਥੇਦਾਰ ਸਾਹਿਬ ਦੇ ਅਸਤੀਫੇ ਵਾਲੀ ਗੱਲ ਤੋਂ ਇਨਕਾਰ ਕਰਨ ਦੇ ਬਾਵਜੂਦ ਦਿਨ ਢਲਦਿਆਂ ਹੀ ਗਿਆਨੀ ਗੁਰਬਚਨ ਸਿੰਘ ਨੇ ਆਪਣਾ ਅਸਤੀਫਾ ਜਨਤਕ ਕਰ ਦਿੱਤਾ। ਭਾਵੇਂ ਕਿ ਇਸ ਅਸਤੀਫੇ ਦਾ ਅਸਲ ਸੱਚ ਅਜੇ ਬਾਹਰ ਆਉਣਾ ਬਾਕੀ ਹੈ ਪਰ ਤੇਜ਼ੀ ਨਾਲ ਪੈਦਾ ਹੋਏ ਹਾਲਾਤਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਲੋਕਾਂ ਅਨੁਸਾਰ ਦਾਲ ’ਚ ਜਰੂਰ ਕਾਲਾ ਹੈ ਤੇ ਉਸ ਕਾਲੇ ਨੂੰ ਰੜਕਾ ਕੇ ਬਾਹਰ ਕੱਢਣ ਦੀ ਲੋੜ ਹੈ।

ਇਸ ਸਾਰੇ ਘਟਨਾਕ੍ਰਮ ਦੀ ਤਹਿ ਤੱਕ ਜਾ ਕੇ ਵਿਸ਼ਲੇਸ਼ਣ ਕਰਨ ਵਾਲੇ ਲੋਕਾਂ ਅਨੁਸਾਰ ਬੇਸ਼ੱਕ ਗਿਆਨੀ ਗੁਰਬਚਨ ਸਿੰਘ ਵਲੋਂ ਦਿੱਤੇ ਜਾਣ ਵਾਲੇ ਅਸਤੀਫੇ ਦਾ ਮੁੱਢ ਤਾਂ ਉਦੋਂ ਹੀ ਬੱਝਿਆ ਜਾ ਚੁੱਕਾ ਸੀ ਜਦੋਂ ਸਾਲ 2015 ਦੌਰਾਨ ਪੰਜਾਂ ਤਖਤਾਂ ਦੇ ਜੱਥੇਦਾਰਾਂ ਵਲੋਂ ਸੌਦਾ ਸਾਧ ਨੂੰ ਪਹਿਲਾਂ ਮੁਆਫ਼ੀ ਦਿੱਤੀ ਤੇ ਬਾਅਦ ਵਿੱਚ ਵਾਪਸ ਲੈ ਲਈ, ਪਰ ਇਸਦੇ ਬਾਵਜੂਦ ਗਿਆਨੀ ਹੁਰਾਂ ਦਾ ਅਹੁਦਾ ਇਸ ਲਈ ਬਚਿਆ ਰਿਹਾ ਕਿਉਂਕਿ ਉਸ ਤੋਂ ਬਾਅਦ ਵੀ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਹੈ। ਮਾਹਰਾਂ ਅਨੁਸਾਰ ਆਪਣੀ ਸਰਕਾਰ ਦੇ ਹੁੰਦਿਆਂ ਕਿਸੇ ਵੀ ਅਕਾਲੀ ਨੇ ਇਹ ਨਹੀਂ ਚਾਹਿਆ ਕਿ ਉਹ ਗਿਆਨੀ ਗੁਰਬਚਨ ਸਿੰਘ ਨੂੰ ਨਾਰਾਜ਼ ਕਰਕੇ ਆਪਣੇ ਖਿਲਾਫ਼ ਬਿਆਨ ਦੇਣ ਦੀ ਮੁਸੀਬਤ ਮੁੱਲ ਲੈਣ। ਪਰ ਜਿਉਂ ਹੀ ਅਕਾਲੀ ਦਲ ਦੀ ਸਰਕਾਰ ਦਾ ਕਾਰਜਕਾਲ ਪੂਰਾ ਹੋਇਆ ਤੇ ਕਾਂਗਰਸ ਪਾਰਟੀ ਨੇ ਪੰਜਾਬ ਦੀ ਸੱਤਾ ਸੰਭਾਲੀ ਤਾਂ ਉਸ ਤੋਂ ਬਾਅਦ ਥਾਪੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਉਸ ਤੋਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਵਲੋਂ ਗਿਆਨੀ ਗੁਰਬਚਨ ਸਿੰਘ ਤੇ ਲਾਏ ਗਏ ਗੰਭੀਰ ਦੋਸ਼ਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਵਾਰ ਫਿਰ ਸਵਾਲਾਂ ਦੇ ਕਟਹਿਰੇ ਵਿੱਚ ਲਿਆ ਖੜ੍ਹਾ ਕਰ ਦਿੱਤਾ।

ਹਾਲਾਤ ਇਹ ਬਣ ਗਏ ਕਿ ਚਾਰੋਂ ਪਾਸੋਂ ਸ਼੍ਰੋਮਣੀ ਅਕਾਲੀ ਦਲ ਦੀ ਮੁਖਾਲਫਤ ਹੋਣ ਲੱਗ ਪਈ ਤੇ ਪੁਤਲੇ ਫੂਕਣ ਦੇ ਨਾਲ-ਨਾਲ ਲੋਕ ਬਾਦਲਾਂ ਦਾ ਰਸਤਾ ਰੋਕ ਕੇ ਉਨ੍ਹਾਂ ਤੇ ਜੁੱਤੀਆਂ ਤੱਕ ਸੁੱਟਣ ਲੱਗ ਪਏ। ਇੱਥੇ ਹੀ ਆ ਕੇ ਘਟਨਾਕ੍ਰਮ ਤੇਜ਼ੀ ਨਾਲ ਬਦਲੇ ਤੇ ਸਭ ਤੋਂ ਪਹਿਲਾਂ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਉਸ ਤੋਂ ਬਾਅਦ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵਲੋਂ ਸੌਦਾ ਸਾਧ ਨੂੰ ਮਾਫ਼ ਕੀਤੇ ਜਾਣ ਸਬੰਧੀ ਲਾਏ ਗਏ ਫੈਸਲੇ ਤੇ ਕਿੰਤੂ ਪਰੰਤੂ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੂੰ ਇਸ ਲਈ ਸਿੱਧੇ ਸਿੱਧੇ ਜੁੰਮੇਵਾਰ ਠਹਿਰਾ ਦਿੱਤਾ। ਇਸ ਤੋਂ ਕੁਝ ਦਿਨ ਬਾਅਦ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਵੀ ਇੱਕ ਅਖਬਾਰ ਨੂੰ
ਬਿਆਨ ਦਿੱਤਾ ਕਿ ਇਸ ਲਈ ਗਿਆਨੀ ਗੁਰਬਚਨ ਸਿੰਘ ਜਿੰਮੇਵਾਰ ਹਨ ਜਿਨ੍ਹਾਂ ਨੂੰ ਬਦਲਣ ਲਈ ਸਾਲ 2015 ਤੋਂ ਕੋਸ਼ਿਸ਼ਾਂ ਜਾਰੀ ਹਨ ਪਰ ਅਜੇ ਤੱਕ ਉਨ੍ਹਾਂ ਦਾ ਬਦਲ ਨਹੀਂ ਮਿਲ ਪਾਇਆ ਹੈ।

ਅਜਿਹਾ ਹੀ ਬਿਆਨ ਮਾਝੇ ਦੇ ਤਿੰਨ ਅਕਾਲੀ ਟਕਸਾਲੀ ਆਗੂਆਂ ਨੇ ਵੀ ਦਿੱਤਾ ਜਿਨ੍ਹਾਂ ਦਾ ਕਹਿਣਾ ਸੀ ਕਿ ਗਿਆਨੀ ਗੁਰਬਚਨ ਸਿੰਘ ਵਲੋਂ ਲਏ ਗਏ ਫੈਸਲੇ ਕਾਰਨ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ਬਿਆਨਾਂ ਦ ਦੌਰਾਨ ਧਿਆਨ ਦੇਣ ਵਾਲੀ ਗੱਲ ਇਹ ਸੀ ਕਿ ਵਿੱਚ ਵਿੱਚ ਗਿਆਨੀ ਗੁਰਬਚਨ ਸਿੰਘ ਦੀ ਜਗ੍ਹਾ ਕਿਸੇ ਹੋਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਲਾਏ ਜਾਣ ਦੀਆਂ ਅਫਵਾਹਾਂ ਉੱਡਦੀਆਂ ਰਹੀਆਂ। ਜਿਨ੍ਹਾਂ ਬੰਦਿਆਂ ਨੂੰ ਗਿਆਨੀ ਗੁਰਬਚਨ ਸਿੰਘ ਦੀ ਥਾਂ ਤੇ ਨਵਾਂ ਜੱਥੇਦਾਰ ਲਾਉਣ ਦੀਆਂ ਅਫਵਾਹਾਂ ਉੱਡੀਆਂ ਉਨ੍ਹਾਂ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸੰਤਾ ਸਿੰਘ ਉਮੈਦਪੁਰ, ਗਿਆਨੀ ਹਰਪਾਲ ਸਿੰਘ ਆਦਿ ਦੇ ਨਾਮ ਪ੍ਰਮੁੱਖਤਾ ਨਾਲ ਲਏ ਜਾਂਦੇ ਹਨ।

ਇਸ ਦੌਰਾਨ ਮਾਝੇ ਦੇ ਤਿੰਨੋਂ ਅਕਾਲੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਜਿੱਥੇ ਜਾ ਕੇ ਉਨ੍ਹਾਂ ਨੇ ਆਪਣੇ ਅਤੇ ਆਪਣੀ ਪਾਰਟੀ ਵਲੋਂ ਸਿੱਖ ਪੰਥ ਨੂੰ ਢਾਹ ਲਾਉਣ ਵਾਲੀਆਂ ਹੋਈਆਂ ਗਲਤੀਆਂ ਪ੍ਰਤੀ ਮਾਫ਼ੀ ਮੰਗੀ ਤੇ ਨਾਲ ਹੀ ਉਨ੍ਹਾਂ ਨੇ ਬਰਗਾੜੀ ਵਿੱਚ ਬੈਠੀਆਂ ਸਿੱਖ ਜੱਥੇਬੰਦੀਆਂ ਵਲੋਂ ਕੀਤੀ ਜਾ ਰਹੀ ਇਨਸਾਫ ਦੀ ਮੰਗ ਦਾ ਸਮਰਥਨ ਕਰ ਦਿੱਤਾ। ਘਟਨਾਕ੍ਰਮ ਦੀ ਇਸੇ ਲੜੀ ਤਹਿਤ ਦਿਨ ਵੇਲੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਾਲੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ ਤੇ ਇਸ ਦੌਰਾਨ ਗਿਆਨੀ ਗੁਰਬਚਨ ਸਿੰਘ ਦਾ ਬਿਆਨ ਆਇਆ ਕਿ ਭਾਵੇਂ ਮੇਰੀ ਸਿਹਤ ਖਰਾਬ ਹੈ ਪਰ ਮੈਂ ਅਸਤੀਫਾ ਨਹੀਂ ਦੇਵਾਂਗਾ। ਮੀਟਿੰਗ ਖਤਮ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਹੋ ਬਿਆਨ ਦਿੱਤਾ ਕਿ ਗਿਆਨੀ ਗੁਰਬਚਨ ਸਿੰਘ ਵਲੋਂ ਦਿੱਤੇ ਗਏ ਕਿਸੇ ਵੀ ਅਸਤੀਫੇ ਵਾਲੀ ਖਬਰ ਵਿੱਚ ਕੋਈ ਸੱਚਾਈ ਨਹੀਂ ਹੈ ਤੇ ਅਜੇ ਉਨ੍ਹਾਂ ਤੋਂ ਅਸਤੀਫਾ ਲੈਣ ਦਾ ਕੋਈ ਵਿਚਾਰ ਨਹੀਂ ਹੈ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜੱਥੇਦਾਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਮੀਡੀਆ ਨੂੰ ਜਾਣੂ ਕਰਵਾਇਆ ਜਾਵੇਗਾ। ਪਰ ਹੈਰਾਨੀ ਤਾਂ ਹੋਈ ਜਦੋਂ ਰਾਤ ਪੈਂਦਿਆਂ ਹੀ ਗਿਆਨੀ ਗੁਰਬਚਨ ਸਿੰਘ ਵਲੋਂ ਆਪਣੇ ਨਿਜੀ ਸਹਾਇਕ ਦੇ ਮਾਧਿਅਮ ਰਾਹੀਂ ਅਸਤੀਫੇ ਦੀ ਕਾਪੀ ਮੀਡੀਆ ਵਿੱਚ ਭੇਜ ਦਿੱਤੀ ਗਈ।

ਇੱਥੇ ਹੀ ਆ ਕੇ ਦਾਲ ਵਿੱਚ ਕਾਲਾ ਰੜਕਣ ਲੱਗ ਪਿਆ ਕਿਉਂਕਿ ਮਾਹਰਾਂ ਅਨੁਸਾਰ ਗਿਆਨੀ ਗੁਰਬਚਨ ਸਿੰਘ ਨੇ ਅਚਾਨਕ ਅਸਤੀਫਾ ਇਸ ਲਈ ਦਿੱਤਾ ਹੈ ਕਿਉਂਕਿ ਚਾਰੋਂ ਪਾਸੇ ਘਿਰਦੇ ਜਾ ਰਹੇ ਅਕਾਲੀ ਦਲ ਅਤੇ ਬਾਦਲਾਂ ਤੇ ਇੱਕ ਹੋਰ ਹਮਲਾ ਕਰਨ ਲਈ ਦੋ ਦਿਨਾਂ ਪੰਥਕ ਅਸੈਂਬਲੀ ਸੱਦਣ ਦਾ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਨੂੰ ਦੱਬ ਕੇ ਭੰਡਿਆ ਜਾਣਾ ਸੀ ਤੇ ਮਾਹਰਾਂ ਅਨੁਸਾਰ ਬਾਦਲ ਇਸ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਭੁੱਲ ਬਖਸ਼ਾਉਣ ਵਾਲਾ ਕੰਮ ਕਰ ਲੈਣਾ ਚਾਹੁੰਦੇ ਸਨ। ਪਰ ਇਸ ਵਿੱਚ ਰੁਕਾਵਟ ਇਹ ਸੀ ਕਿ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਤੇ ਜੱਥੇਦਾਰ ਉਹ ਗਿਆਨੀ ਗੁਰਬਚਨ ਸਿੰਘ ਸਨ ਜੋ ਕਿ ਆਪ ਹੀ ਸਵਾਲਾਂ ਦੇ ਘੇਰੇ ਵਿੱਚ ਸਨ, ਇਸ ਲਈ ਦੋਸ਼ ਹੈ ਕਿ ਪਹਿਲਾਂ ਇਨ੍ਹਾਂ ਤੋਂ ਅਸਤੀਫਾ ਲਿਆ ਗਿਆ ਤੇ ਇਸ ਤੋਂ ਬਾਅਦ ਬਾਦਲ ਅਤੇ ਹੋਰ ਅਕਾਲੀ ਆਗੂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਉਣਗੇ ਤੇ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪੈ ਜਾਵੇਗਾ।

ਇਨ੍ਹਾਂ ਸਾਰਿਆਂ ਇਲਜ਼ਾਮਾਂ ਦੀ ਪੁਸ਼ਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਕੀਤੀ ਤੇ ਉਨ੍ਹਾਂ ਦਾ ਵੀ ਇਹੋ ਇਲਜ਼ਾਮ ਹੈ ਕਿ ਬਾਦਲਾਂ ਦੀ ਇਹ ਇੱਕ ਚਾਲ ਹੈ ਤੇ ਉਹ ਮੌਜੂਦਾ ਜੱਥੇਦਾਰ ਨੂੰ ਹਟਾ ਕੇ ਨਵਾਂ ਜੱਥੇਦਾਰ ਲਾਉਣਗੇ ਤੇ ਉਨ੍ਹਾਂ ਤੋਂ ਆਪਣੀ ਭੁੱਲ ਬਖਸ਼ਾ ਕੇ ਸਿੱਖ ਪੰਥ ਅੱਗੇ ਪਾਕਿ ਸਾਫ਼ ਹੋ ਕੇ ਵਿਖਾਉਣ ਦੀ ਕੋਸ਼ਿਸ਼ ਕਰਨਗੇ। ਪਰ ਕਹਿੰਦੇ ਹਨ ਕਿ ਇਲਜ਼ਾਮ ਤਾਂ ਇਲਜ਼ਾਮ ਹੁੰਦੇ ਹਨ ਤੇ ਇਸਨੂੰ ਸਾਬਤ ਕਰਨ ਲਈ ਸਬੂਤਾਂ ਤੇ ਗਵਾਹਾਂ ਦੀ ਲੋੜ ਪੈਂਦੀ ਹੈ ਜਾਂ ਫਿਰ ਕਰਨਾ ਪੈਂਦਾ ਹੈ ਸਹੀ ਸਮੇਂ ਦਾ ਇੰਤਜ਼ਾਰ, ਜਦੋਂ ਇਹ ਇਲਜ਼ਾਮ ਆਪਣੇ ਆਪ ਸਾਬਤ ਹੋ ਕੇ ਲਾਏ ਗਏ ਇਲਜ਼ਾਮਾਂ ਦੀ ਗਵਾਹੀ ਭਰਨ। ਹੁਣ ਦੇਖਣਾ ਇਹ ਹੋਵੇਗਾ ਕਿ ਬਾਦਲਾਂ ਉੱਤੇ ਲੱਗੇ ਇਹ ਇਲਜ਼ਾਮਾਂ ਤੋਂ ਬਾਅਦ ਕਿ ਬਾਦਲ ਉਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਉਣਗੇ ਜਾਂ ਨਹੀਂ।

Facebook Comments
Facebook Comment