• 5:58 am
Go Back

ਬਟਾਲਾ: ਜਿਥੇ ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਬਦਨਾਮ ਰਹਿੰਦੀ ਹੈ। ਉਥੇ ਹੀ ਕੁਝ ਪੁਲਿਸ ਵਾਲੇ ਅਜਿਹੇ ਵੀ ਹਨ ਜੋ ਇਮਾਨਦਾਰੀ ਕਰਕੇ ਹੋਰ ਪੁਲਿਸ ਵਾਲਿਆਂ ਲਈ ਰੋਲ ਮਾਡਲ ਬਣਦੇ ਹਨ। ਅਜਿਹਾ ਹੀ ਪੰਜਾਬ ਪੁਲਿਸ ਦਾ ਮੁਲਾਜ਼ਮ ਹਰਜੀਤ ਸਿੰਘ ਹੈ ਜੋ ਆਪਣੀ ਇਮਾਨਦਾਰੀ ਕਰਕੇ ਲੋਕਾਂ ਦੇ ਦਿਲਾ ਦੀ ਧੜਕਣ ਬਣਿਆ ਹੋਇਆ ਹੈ। ਹਰਜੀਤ ਸਿੰਘ ਬਟਾਲਾ ‘ਚ ਟ੍ਰੈਫਿਕ ਪੁਲਿਸ ਚ ਬਤੌਰ ਹੈਡ ਕਾਂਸਟੇਬਲ ਹੈ ਜੋ ਕਿ 1998 ਤੋਂ ਬਟਾਲਾ ਦੇ ਭੀੜ ਭਰੇ ਗਾਂਧੀ ਚੌਂਕ ਚ ਟ੍ਰੈਫਿਕ ਨੂੰ ਕੰਟਰੋਲ ਕਰਨ ਵਿਚ ਸੇਵਾ ਨਿਭਾ ਰਿਹਾ ਹੈ। ਇਸੇ ਦੌਰਾਨ ਹਰਜੀਤ ਸਿੰਘ ਨੂੰ ਡਿਊਟੀ ਕਰਦੇ ਸਮੇਂ 30 ਹਜ਼ਾਰ ਨਕਦੀ ਤੇ 50 ਦੇ ਕਰੀਬ ਪਰਸ ਵੀ ਮਿਲੇ। ਪਰ ਹਰਜੀਤ ਸਿੰਘ ਨੇ ਇਮਾਨਦਾਰੀ ਨਾਲ ਉਨ੍ਹਾਂ ਪਰਸਾ ਨੂੰ ਉਸ ਦੇ ਅਸਲੀ ਹੱਕਦਾਰ ਨੂੰ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਜਿਸ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਹਰਜੀਤ ਸਿੰਘ ਨੂੰ ਹੈੱਡ ਮੁੰਨਸ਼ੀ ਵੀ ਲਗਾਇਆ ਗਿਆ ਪਰ ਫਿਰ ਵੀ ਉਹਨਾ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਆਪਣੀ ਡਿਊਟੀ ਚੌਂਕ ਵਿਚ ਹੀ ਨਿਰੰਤਰ ਜਾਰੀ ਰੱਖੀ।
ਉਥੇ ਹੀ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਲੋਕਾਂ ਦੀ ਮਦਦ ਕਰਨੀ ਚੰਗੀ ਲਗਦੀ ਹੈ। ਉਧਰ ਬਟਾਲਾ ਦੇ ਐੱਸ.ਐੱਸ.ਪੀ. ਉਪਿੰਦਰਜੀਤ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਦੀ ਇਮਾਨਦਾਰੀ ਦੇਖਦੇ ਹੋਏ ਉਸ ਨੂੰ ਕਈ ਬਾਰ ਮਹਿਕਮੇ ਵੱਲੋਂ ਸਨਮਾਨਤ ਵੀ ਕੀਤਾ ਗਿਆ ਹੈ।
ਦੱਸ ਦਈਏ ਕਿ ਹਰਜੀਤ ਸਿੰਘ ਦਾ ਕਈ ਬਾਰ ਤਬਾਦਲਾ ਵੀ ਕੀਤਾ ਗਿਆ ਪਰ ਲੋਕਾਂ ਦੀ ਡਿਮਾਂਡ ਕਰਨ ‘ਤੇ ਬਾਅਦ ਹਰਜੀਤ ਸਿੰਘ ਨੂੰ ਵਾਪਿਸ ਬਲਾਉਣਾ ਪਿਆ ਤੇ ਜਿਥੇ ਉਸ ਦੇ ਮਹਿਕਮੇ ਦੇ ਅਧਿਕਾਰੀ ਉਸ ਦੀਆਂ ਤਾਰੀਫਾਂ ਕਰਦੇ ਹਨ ਉਸ ਦੇ ਨਾਲ ਹੀ ਲੋਕ ਵੀ ਉਨ੍ਹਾਂ ਦੀਆਂ ਇਮਾਨਦਾਰੀ ਦੀਆਂ ਮਿਸਾਲਾ ਦਿੰਦੇ ਨਹੀਂ ਥੱਕਦੇ। ਜੇਕਰ ਸਾਰੇ ਹੀ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦੀ ਤਰ੍ਹਾਂ ਇਮਾਨਦਾਰੀ ਨਾਲ ਕੰਮ ਕਰਨ ਤਾਂ ਪੁਲਿਸ ‘ਤੇ ਬਦਨਾਮੀ ਦਾ ਲੱਗਿਆ ਧੱਬਾ ਹਮੇਸ਼ਾ ਲਈ ਹਟ ਸਕਦਾ ਹੈ ਤੇ ਲੋਕਾਂ ਦਾ ਪੁਲਿਸ ਤੇ ਵਿਸ਼ਵਾਸ ਵੱਧ ਸਕਦਾ ਹੈ।

Facebook Comments
Facebook Comment