• 8:36 am
Go Back

ਨਵੀਂ ਦਿੱਲੀ : ਬੀਤੀ ਕੱਲ੍ਹ ਤੋਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਪੁਲਿਸ ਵਾਲੇ ਅਤੇ ਇੱਕ ਸਿਵਲ ਕੱਪੜਿਆਂ ਵਿੱਚ ਦਿਖਾਈ ਦੇ ਰਿਹਾ ਬੰਦਾ ਇੱਕ ਸਿੱਖ ਡਰਾਇਵਰ ਅਤੇ ਇੱਕ ਨਾਬਾਲਗ ਦਿਖਾਈ ਦੇ ਰਹੇ ਸਿੱਖ ਲੜਕੇ ਨੂੰ ਡੰਡਿਆਂ, ਲੱਤਾਂ, ਥੱਪੜ ਅਤੇ ਮੁੱਕਿਆਂ ਨਾਲ ਜਾਨਵਰਾਂ ਦੀ ਤਰ੍ਹਾਂ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਇਹ ਤਸਵੀਰਾਂ ਇੰਨੀਆਂ ਦਿਲ ਦਹਿਲਾਊ ਹਨ, ਜਿਨ੍ਹਾਂ ਨੂੰ ਦੇਖ ਕੇ ਕਮਜੋਰ ਦਿਲ ਵਾਲਾ ਵਿਅਕਤੀ ਬੁਰੀ ਤਰ੍ਹਾਂ ਦਹਿਲ ਜਾਂਦਾ ਹੈ। ਪਤਾ ਲੱਗਾ ਹੈ ਕਿ ਇਸ ਆਟੋ ਚਾਲਕ ਦੀ ਇਨ੍ਹਾਂ ਪੁਲਿਸ ਵਾਲਿਆਂ ਦੀ ਗੱਡੀ ਨਾਲ ਟੱਕਰ ਹੋ ਗਈ ਸੀ, ਜਿਸ ਤੋਂ ਬਾਅਦ ਹੰਕਾਰ ਵਿੱਚ ਆਏ ਇਨ੍ਹਾਂ ਪੁਲਿਸੀਆਂ ਨੇ ਚੰਡਾਲ ਦਾ ਰੂਪ ਧਾਰਨ ਕਰ ਲਿਆ ਤੇ ਫਿਰ ਦਿੱਲੀ ਦੀ ਸੜਕ ‘ਤੇ ਜੋ ਨਜ਼ਾਰਾ ਦੇਖਣ ਨੂੰ ਮਿਲਿਆ ਉਹ 84 ਵਿੱਚ ਹੋਏ ਸਿੱਖ ਕਤਲੇਆਮ ਦੇ ਨਜ਼ਾਰੇ ਨਾਲੋਂ ਕਿਤੇ ਘੱਟ ਨਹੀਂ ਸੀ। ਗੁੱਸੇ ‘ਚ ਆਏ ਉਨ੍ਹਾਂ ਪੁਲਿਸ ਵਾਲਿਆਂ ਨੇ ਜਿੱਥੇ ਆਟੋ ਡਰਾਇਵਰ ਨੂੰ ਸੜਕ ‘ਤੇ ਢਾਹ ਕੇ ਬੁਰੀ ਤਰ੍ਹਾਂ ਕੁੱਟਿਆ, ਉੱਥੇ ਦੂਜੇ ਪਾਸੇ ਉਸ ਦੇ ਨਾਬਾਲਗ ਲੜਕੇ ਨੂੰ ਪਿਸਤੌਲ ਦੀ ਨੋਕ ‘ਤੇ ਬਾਹਰ ਕੱਢ ਲਿਆ ਤੇ ਉਸ ਨਾਲ ਵੀ ਉਹੋ ਵਿਹਾਰ ਕੀਤਾ ਜਿਹੜਾ ਉਹ ਪੁਲਿਸ ਵਾਲੇ ਉਸ ਦੇ ਪਿਤਾ ਨਾਲ ਕਰ ਰਹੇ ਸਨ। ਇਹ ਵੀਡੀਓ ਜੰਗਲ ਦੀ ਅੱਗ ਵਾਂਗ ਪੂਰੇ ਹਿੰਦੁਸਤਾਨ ਵਿੱਚ ਫੈਲ ਗਈ ਤੇ ਆਖ਼ਰਕਾਰ ਸਰਕਾਰ ਨੇ ਵੀਡੀਓ ‘ਚ ਦਿਖਾਈ ਦੇ ਰਹੇ ਪੁਲਿਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਕੁੱਲ 1 ਮਿੰਟ 37 ਸਕਿੰਟ ਦੀ ਵਾਇਰਲ ਹੋਈ ਇਸ ਵੀਡੀਓ ਨੂੰ ਖੋਲ੍ਹ ਕੇ ਦੇਖਣ ‘ਤੇ ਪਤਾ ਲਗਦਾ ਹੈ ਕਿ ਇੱਕ ਆਟੋ ਡਰਾਇਵਰ ਨੂੰ ਕੁਝ ਪੁਲਿਸ ਵਾਲਿਆਂ ਨੇ ਪਿਸਤੌਲ ਦੀ ਨੋਕ ‘ਤੇ ਘੇਰ ਰੱਖਿਆ ਹੈ ਤੇ ਜਿਉਂ ਹੀ ਕੈਮਰਾ ਫੋਕਸ ਹੋ ਕੇ ਆਟੋ ਚਲਾਉਣ ਵਾਲੇ ਡਰਾਇਵਰ ‘ਤੇ ਜਾਂਦਾ ਹੈ ਤਾਂ ਪਤਾ ਲਗਦਾ ਹੈ ਕਿ ਆਟੋ ਚਲਾਉਣ ਵਾਲਾ ਨਾਬਾਲਗ ਸਿੱਖ ਲੜਕਾ ਹੈ। ਇਸ ਦੇ ਨਾਲ ਹੀ ਕੈਮਰਾ ਘੁਮ ਕੇ ਸੜਕ ਦਾ ਨਜ਼ਾਰਾ ਪੇਸ਼ ਕਰਦਾ ਹੈ ਜਿੱਥੇ ਇੱਕ ਪੀਲੇ ਪਰਨੇਂ ਵਾਲੇ ਸਿੱਖ ਵਿਅਕਤੀ ਨੂੰ ਇੱਕ ਸਿਵਲ ਵਰਦੀ ਵਾਲਾ ਵਿਅਕਤੀ ਕਾਲਰ ਅਤੇ ਬਾਹਾਂ ਤੋਂ ਫੜੀ ਖੜ੍ਹਾ ਹੈ ਤੇ ਉਹ ਸਿੱਖ ਵਿਅਕਤੀ ਆਪਣੇ ਆਪ ਨੂੰ ਉਸ ਵਿਅਕਤੀ ਕੋਲੋਂ ਛੁਡਵਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੇ ਆਟੋ ਚਾਲਕ ਲੜਕੇ ਨੂੰ ਪੁਲਿਸ ਵਾਲਿਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਹੈ ਤਾਂ ਉਹ ਗੁੱਸੇ ਵਿੱਚ ਆ ਕੇ ਆਪਣੇ ਆਪ ਨੂੰ ਉਸ ਵਿਅਕਤੀ ਕੋਲੋਂ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਜਦੋਂ ਉਹ ਉਸ ਸਿੱਖ ਵਿਅਕਤੀ ਨੂੰ ਨਹੀਂ ਛੱਡਦਾ ਤਾਂ ਦੋਹਾਂ ਵਿੱਚ ਹੱਥੋ ਪਾਈ ਹੋ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਦੋਵਾਂ ਦੇ ਆਲੇ ਦੁਆਲੇ ਖੜ੍ਹੇ ਪੁਲਿਸ ਵਾਲੇ ਉਸ ਸਿੱਖ ਵਿਅਕਤੀ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਕੈਮਰਾ ਫਿਰ ਉਸੇ ਨਾਬਾਲਗ ਲੜਕੇ ‘ਤੇ ਘੁਮਦਾ ਹੈ ਤੇ ਦਿਖਾਈ ਦਿੰਦਾ ਹੈ ਕਿ ਪੁਲਿਸ ਵਾਲਿਆਂ ਨੇ ਉਸ ਬੱਚੇ ਨੂੰ ਆਟੋ ਵਿੱਚੋਂ ਪਿਸਤੌਲ ਦੀ ਨੋਕ ‘ਤੇ ਬਾਹਰ ਕੱਢ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਸੜਕ ‘ਤੇ ਪਏ ਵਿਅਕਤੀ ਨੂੰ ਉਹ ਸਿਵਲ ਵਰਦੀ ਵਾਲਾ ਵਿਅਕਤੀ ਢਾਹ ਕੇ ਉਸ ਦੇ ਉੱਪਰ ਬੈਠ ਜਾਂਦਾ ਹੈ ਤੇ ਫਿਰ ਆਸੇ ਪਾਸੇ ਖੜ੍ਹੇ ਪੁਲਿਸ ਵਾਲੇ ਜ਼ਮੀਨ ‘ਤੇ ਗਿਰੇ ਉਸ ਵਿਅਕਤੀ ਨੂੰ ਜਾਨਵਰਾਂ ਵਾਂਗ ਡਾਂਗਾਂ ਨਾਲ ਇੰਝ ਕੁੱਟਣ ਲੱਗ ਪੈਂਦੇ ਹਨ।

ਇਸ ਦੌਰਾਨ ਦਿਖਾਈ ਦਿੰਦਾ ਹੈ ਕਿ ਆਸ ਪਾਸ ਕਾਫੀ ਭੀੜ ਇਕੱਠੀ ਹੋ ਗਈ ਹੈ ਜਿਹੜੀ ਕਿ ਮੂਕ ਦਰਸ਼ਕ ਬਣੀ ਤਮਾਸ਼ਾ ਦੇਖਦੀ ਰਹਿੰਦੀ ਹੈ। ਵੀਡੀਓ ਦੇ ਅੰਤ ਵਿੱਚ ਪੁਲਿਸ ਵਾਲੇ ਡੰਡਿਆਂ ਨਾਲ ਕੁੱਟਦੇ ਹੋਏ ਉਸ ਸਿੱਖ ਵਿਅਕਤੀ ਨੂੰ ਲੱਤਾਂ, ਬਾਹਾਂ ਤੋਂ ਫੜ ਕੇ ਸੜਕ ‘ਤੇ ਕਈ ਮੀਟਰ ਤੱਕ ਘੜੀਸਦੇ ਹੋਏ ਉਸ ਵਿਅਕਤੀ ਨੂੰ ਨਾਲ ਦੇ ਥਾਣੇ ਵਿੱਚ ਲੈ ਜਾਂਦੇ ਹਨ।

ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਆਪਣੇ ਸਾਥੀਆਂ ਸਮੇਤ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਜਿਨ੍ਹਾਂ ਨੇ ਸੜਕ ਜਾਮ ਕਰਕੇ ਦਿੱਲੀ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਇਹ ਮੰਗ ਕੀਤੀ ਕਿ ਇਹ ਦਰਿੰਦਗੀ ਕਰਨ ਵਾਲੇ ਪੁਲਿਸ ਵਾਲਿਆਂ ਦੇ ਖਿਲਾਫ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਇਨ੍ਹਾਂ ਨੂੰ ਨਾ ਸਿਰਫ ਜੇਲ੍ਹਾਂ ‘ਚ ਸੁੱਟਿਆ ਜਾਵੇ ਬਲਕਿ ਇਨ੍ਹਾਂ ਨੂੰ ਨੌਕਰੀ ਤੋਂ ਵੀ ਬਾਹਰ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਬੰਧਤ ਵਿਅਕਤੀਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਉਨ੍ਹਾਂ ਵੱਲੋਂ ਧਰਨੇ, ਮੁਜ਼ਾਹਰੇ ਕੀਤੇ ਜਾਣਗੇ, ਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ।

 ਇੱਥੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਦੇਸ਼ ਦੀ ਰਾਜਧਾਨੀ ਚ ਸਿੱਖ ਆਪਣੇ ਆਪ ਨੂੰ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਪੁਲਿਸ ਵਲੋਂ ਇੱਕ ਨਾਬਾਲਗ ਮੁੰਡੇ ਅਤੇ ਸਿੱਖ ਡਰਾਇਵਰ ਨਾਲ ਕੁੱਟਮਾਰ ਕਰਨਾ ਬੇਹੱਦ ਸ਼ਰਮਨਾਕ ਹੈ । ਹਾਲਾਂਕਿ ਕੁੱਟਮਾਰ ਕਰਨ ਵਾਲੇ ਇਨ੍ਹਾਂ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਤਾਂ ਕਰ ਦਿੱਤੀ ਹੈ ਪਰ ਇਨ੍ਹਾਂ ਨੂੰ  ਨੌਕਰੀ ਤੋਂ ਨਹੀਂ ਕੱਢਿਆ ਗਿਆ ਜੋ ਭਵਿੱਖ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ ।

Facebook Comments
Facebook Comment