• 2:25 pm
Go Back

– ਕੁਲਵੰਤ ਸਿੰਘ

ਫਤਿਹਗੜ੍ਹ ਸਾਹਿਬ : ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਦਾਦ ਵਿੱਚ ਸੰਗਤ ਹੁੰਮ ਹੁਮਾ ਕੇ ਪਹੁੰਚ ਰਹੀ ਹੈ। ਪਿਛਲੇ 2 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਜੋੜ ਮੇਲ ਦੌਰਾਨ ਸਿਆਸੀ ਸਟੇਜਾਂ ਨਾ ਲਾਉਣ ਦੀ ਬੇਨਤੀ ਲਗਾਤਾਰ ਕੀਤੀ ਜਾ ਰਹੀ ਹੈ ਜਿਸਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇੱਥੇ ਲਗਦੀਆਂ ਸਿਆਸੀ ਸਟੇਜਾਂ ਦੌਰਾਨ ਲੀਡਰ ਇੱਕ-ਦੂਜੇ ਉੱਤੇ ਦੂਸ਼ਣਬਾਜੀਆਂ ਕਰਦੇ ਹਨ ਜੋ ਕਿ ਸ਼ਹੀਦਾਂ ਦੀ ਸ਼ਹਾਦਤ ਦਾ ਅਪਮਾਨ ਹੈ। ਸ਼੍ਰੋਮਣੀ ਕਮੇਟੀ ਦੀ ਇਹ ਅਪੀਲ ਰੰਗ ਲਿਆਈ ਤੇ ਸਿਰਫ਼ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਨੇ ਇੱਥੇ ਸਟੇਜਾਂ ਲਾਉਣੀਆਂ ਬੰਦ ਕਰ ਦਿੱਤੀਆਂ ਹਨ।  ਪਰ ਜਿਉਂ ਹੀ ਇਹ ਸਟੇਜਾਂ ਲਗਣੀਆਂ ਬੰਦ ਹੋਈਆਂ ਤਿਉਂ ਹੀ ਸਿੱਖ ਬੁੱਧੀਜੀਵੀ ਅਤੇ ਸਮਾਜਸ਼ਾਸਤਰੀਆਂ ਦੇ ਭਰਵਿੱਟੇ ਉੱਤੇ ਚੜ੍ਹ ਗਏ ਤੇ ਉਨ੍ਹਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਆਖਰਕਾਰ ਸ਼੍ਰੋਮਣੀ ਕਮੇਟੀ ਨੂੰ ਇਹ ਸਟੇਜਾਂ ਬੰਦ ਕਰਵਾਉਣ ਦੀ ਯਾਦ ਹੁਣ ਹੀ ਕਿਉਂ ਆਈ? ਉਹ ਸ਼੍ਰੋਮਣੀ ਕਮੇਟੀ ਜਿਸ ਵਿੱਚੋਂ ਨਿਕਲਿਆ ਉਸਦਾ ਸਿਆਸੀ ਵਿੰਗ ਪੰਜਾਬ ਵਿੱਚ ਲਗਾਤਾਰ ਸਿੱਖ ਪੰਥ ਨੂੰ ਲੈ ਕੇ ਸਿਆਸਤ ਕਰਦਾ ਹੋਇਆ ਸੱਤਾ ’ਤੇ ਕਾਬਜ਼ ਹੁੰਦਾ ਆ ਰਿਹਾ ਹੈ, ਜਿਸ ਵੱਲੋਂ ਗੱਲ-ਗੱਲ ਤੇ ਸਿੱਖ ਮਸਲਿਆਂ ਨੂੰ ਅੱਗੇ ਰੱਖ ਕੇ ਸਿਆਸਤ ਕੀਤੀ ਜਾਂਦੀ ਹੈ, ਉਹ ਸ਼੍ਰੋਮਣੀ ਕਮੇਟੀ ਆਪਣੇ ਸਿਆਸੀ ਵਿੰਗ ਨੂੰ ਇੱਥੇ ਸਟੇਜ ਲਾਉਣ ਤੋਂ ਕਿਉਂ ਰੋਕਣ ਲੱਗ ਪਈ ਹੈ? ਲੰਮੀ ਪੁਣ-ਛਾਣ ਤੋਂ ਬਾਅਦ ਇਹ ਲੋਕਾਂ ਨੇ ਤਰਕ ਦਿੱਤਾ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਬੇਅਦਬੀ ਮਾਮਲਿਆਂ ਵਿੱਚ ਚਾਰੋਂ ਪਾਸੇ ਘਿਰਿਆ ਸ਼੍ਰੋਮਣੀ ਅਕਾਲੀ ਦਲ ਜੇਕਰ ਇਸ ਸ਼ਹੀਦੀ ਜੋੜ ਮੇਲ ਦੌਰਾਨ ਸਿਆਸੀ ਸਟੇਜ ਲਾਉਂਦਾ ਹੈ ਤਾਂ ਮੌਜੂਦਾ ਹਾਲਾਤ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਸਟੇਜਾਂ ਤੋਂ ਅਕਾਲੀ ਦਲ ਨੂੰ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੇ ਗੋਲੀਕਾਂਡ ਨੂੰ ਲੈ ਕੇ ਮਿਹਣੇ ਮਾਰ-ਮਾਰ ਕੇ ਸਿਆਸੀ ਤੌਰ ਤੇ ਅਧਮੋਇਆ ਕਰਨ ’ਚ ਕੋਈ ਕਸਰ ਨਹੀਂ ਛੱਡਣਗੀਆਂ।

ਇਸ ਸਬੰਧ ਵਿੱਚ ਗਲੋਬਲ ਪੰਜਾਬ ਟੀਵੀ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਤੇ ਜਿੰਨੀ ਦੇਰ ਤੱਕ ਧਰਮ ਰਾਜਨੀਤੀ ਨੂੰ ਕੰਟਰੋਲ ਕਰਦਾ ਰਿਹਾ ਉੰਨੀ ਦੇਰ ਤੱਕ ਸਾਰਾ ਕੁਝ ਠੀਕਠਾਕ ਚਲਦਾ ਰਿਹਾ ਪਰ ਜਿਉਂ ਹੀ ਰਾਜਨੀਤੀ ਨੇ ਧਰਮ ਨੂੰ ਕੰਟਰੋਲ ਕਰਨਾ ਸ਼ੁਰੂ ਕੀਤਾ ਤਿਉਂ ਹੀ ਪੰਜਾਬ ਦਾ ਦੁਖਾਂਤ ਸ਼ੁਰੂ ਹੋ ਗਿਆ, ਲੋਕ ਨਸ਼ਿਆਂ ਵੱਲ ਧੱਕੇ ਗਏ, ਬੇਰੁਜ਼ਗਾਰੀ ਵੱਧ ਗਈ, ਗੁੰਡਾਗਰਦੀ ਦਾ ਰਾਜ ਸ਼ੁਰੂ ਹੋ ਗਿਆ ਤੇ ਪੰਜਾਬ ਦਿਵਾਲੀਆਪਨ ਵਲ ਵਧਣ ਲੱਗਾ। ਡਾ. ਬਲਬੀਰ ਨੇ ਕਿਹਾ ਕਿ ਉਹ ਬਿਲਕੁਲ ਇਸ ਗੱਲ ਨਾਲ ਸਹਿਮਤ ਹਨ ਕਿ ਐਸਜੀਪੀਸੀ ਨੇ ਹੁਣ ਇਹ ਫੈਸਲਾ ਮਜਬੂਰੀਵਸ ਲਿਆ ਹੈ ਕਿ ਇੱਥੇ ਸਿਆਸੀ ਸਟੇਜਾਂ ਨਾ ਲਾਈਆਂ ਜਾਣ।

ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਕਹਿੰਦੇ ਹਨ ਕਿ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੌਰਾਨ ਸਿਆਸੀ ਸਟੇਜਾਂ ਲਾਉਣ ਤੋਂ ਵਰਜਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਪਿਛਲੇ ਲਗਭਗ 15 ਸਾਲਾਂ ਤੋਂ ਪੰਜਾਬ ਦੇ ਸਿਆਸਤਦਾਨਾਂ ਨੂੰ ਕਹਿੰਦੇ ਆ ਰਹੇ ਹਨ ਕਿ ਉਹ ਇੱਥੇ ਸਟੇਜਾਂ ਲਾਉਣੀਆਂ ਬੰਦ ਕਰਨ ਕਿਉਂਕਿ ਇੱਥੇ ਸਟੇਜਾਂ ਤੇ ਸਿਆਸੀ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਬਜਾਏ ਇੱਕ ਦੂਜੇ ਉੱਤੇ ਸ਼ਬਦੀ ਚਿੱਕੜ ਸੁੱਟ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਦੂਜਿਆਂ ਨਾਲੋਂ ਸਾਫ਼ ਸੁਥਰੇ ਅਤੇ ਸੱਚੇ ਸਿਆਸਤਦਾਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਨਤੀ ਤੋਂ ਬਾਅਦ ਹੀ ਇੱਥੇ ਸਟੇਜਾਂ ਲਗਣੀਆਂ ਬੰਦ ਹੋਈਆਂ ਹਨ। ਪਰ ਜਦੋਂ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਦੁਆਇਆ ਗਿਆ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਪਿਛਲੇ 15 ਸਾਲਾਂ ਤੋਂ ਇੱਥੇ ਸਿਆਸੀ ਸਟੇਜਾਂ ਨਾ ਲਾਉਣ ਦੇ ਹੁਕਮ ਜਾਰੀ ਕਰਦੇ ਆ ਰਹੇ ਹਨ ਤਾਂ ਫਿਰ ਸਿਰਫ਼ ਪਿਛਲੇ 2 ਸਾਲ ਤੋਂ ਹੀ ਇਸ ’ਤੇ ਅਮਲ ਕਰਨ ਦੀ ਕਵਾਇਦ ਕਿਉਂ ਸ਼ੁਰੂ ਹੋਈ। ਜਿਸ ਤੇ ਪੰਜੋਲੀ ਨੇ ਸਹਿਮਤ ਹੁੰਦਿਆਂ ਕਿਹਾ ਕਿ ਇਹ ਗੱਲ ਠੀਕ ਹੈ ਕਿ ਪਿਛਲੇ 2 ਸਾਲ ਤੋਂ ਹੀ ਇੱਥੇ ਸਿਆਸੀ ਸਟੇਜਾਂ ਲਗਣੀਆਂ ਬੰਦ ਹੋਈਆਂ ਹਨ ਤੇ ਜੇਕਰ ਅਕਾਲੀ ਲੋਕਾਂ ਦੀ ਕਚਹਿਰੀ ਤੋਂ ਭੱਜਣ ਲਈ ਅਜਿਹੇ ਰਾਹ ਲੱਭ ਰਹੇ ਹਨ ਤਾਂ ਉਹ ਭੱਜ ਕੇ ਕਿਧਰੇ ਵੀ ਨਹੀਂ ਜਾ ਸਕਦੇ, ਆਖਰਕਾਰ ਉਨ੍ਹਾਂ ਨੂੰ ਜਨਤਾ ਦਾ ਸਾਹਮਣਾ ਕਰਨਾ ਹੀ ਪੈਣਾ ਹੈ।

ਇੱਧਰ ਬੁੱਧੀਜੀਵੀ ਤੇ ਸਮਾਜਸ਼ਾਸਤਰੀ ਇਸ ਸਾਰੇ ਘਟਨਾਕ੍ਰਮ ਨੂੰ ਕਿਸੇ ਹੋਰ ਹੀ ਡੂੰਘੀ ਨਜ਼ਰ ਨਾਲ ਵੇਖਦੇ ਹਨ। ਇਨ੍ਹਾਂ ਲੋਕਾਂ ਅਨੁਸਾਰ ਪੰਜਾਬ ਦੇ ਲੋਕ ਭੋਲੇ ਹਨ ਜਿਹੜੇ ਸਮੇਂ ਦੇ ਨਾਲ-ਨਾਲ ਆਪਣੇ ’ਤੇ ਹੋਈਆਂ ਜ਼ਿਆਦਤੀਆਂ ਨੂੰ ਭੁੱਲ ਜਾਂਦੇ ਹਨ ਤੇ ਮੁੜ ਉਨ੍ਹਾਂ ਹੀ ਲੋਕਾਂ ਦੇ ਹੱਥਾਂ ਵਿੱਚ ਆਪਣਾ ਭਵਿੱਖ ਸੌਂਪ ਦਿੰਦੇ ਹਨ ਜਿਨ੍ਹਾਂ ਤੋਂ ਕਦੇ ਰੱਜ ਕੇ ਨਫ਼ਰਤ ਕਰਿਆ ਕਰਦੇ ਸਨ। ਇਹ ਲੋਕ ਦਾਅਵਾ ਕਰਦੇ ਹਨ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਸ ਕਾਂਗਰਸ ਪਾਰਟੀ ਦੇ ਹੱਥ ਵਿੱਚ ਪੰਜਾਬ ਅੰਦਰ ਮੁੜ ਕਦੇ ਵੀ ਸੱਤਾ ਨਹੀਂ ਆਉਣੀ ਸੀ ਜਿਸ ਪਾਰਟੀ ਦੀ ਸਰਕਾਰ ਨੇ ਸੰਨ 1984 ਵਿੱਚ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਦਰਬਾਰ ਸਾਹਿਬ ’ਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕਰਵਾਇਆ ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮਾਰਨ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ, ਜਿਸ ਪਾਰਟੀ ਦੇ ਆਗੂਆਂ ਤੇ ਨਵੰਬਰ 1984 ਦੌਰਾਨ ਦਿੱਲੀ ਤੇ ਦੇਸ਼ ਦੇ ਹੋਰ ਵੱਖ-ਵੱਖ ਰਾਜਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਗੰਭੀਰ ਦੋਸ਼ ਹਨ ਤੇ ਉਹ ਦੋਸ਼ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਅਦਾਲਤਾਂ ਵਲੋਂ ਸਜ਼ਾਵਾਂ ਮਿਲਣ ਤੋਂ ਬਾਅਦ ਸਾਬਤ ਵੀ ਹੁੰਦੇ ਜਾ ਰਹੇ ਹਨ, ਜਿਸ ਪਾਰਟੀ ਦੀ ਸਰਕਾਰ ਤੇ ਪੰਜਾਬ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਦੌਰਾਨ ਸਿੱਖ ਨੌਜਵਾਨਾਂ ਨੂੰ ਮਾਰ-ਮੁਕਾਉਣ ਦੇ ਦੋਸ਼ ਹਨ, ਪਰ ਇਸਦੇ ਬਾਵਜੂਦ ਪੰਜਾਬ ਦੇ ਭੋਲੇ ਲੋਕਾਂ ਨੇ ਨਾ ਸਿਰਫ਼ ਸਾਲ 2002 ਦੌਰਾਨ ਬਲਕਿ 2017 ਦੌਰਾਨ ਵੀ ਕਾਂਗਰਸ ਪਾਰਟੀ ਨੂੰ ਸੂਬੇ ਦੀ ਸੱਤਾ ਸੌਂਪ ਦਿੱਤੀ ਹੈ। ਇਹ ਸਭ ਸਾਬਤ ਕਰਦਾ ਹੈ ਕਿ ਸਮਾਂ ਪੈਣ ਤੇ ਲੋਕ ਸਭ ਭੁੱਲ ਜਾਂਦੇ ਹਨ ਤੇ ਬੁੱਧੀਜੀਵੀਆਂ ਦਾ ਤਰਕ ਹੈ ਕਿ ਇਹੋ ਨੀਤੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਪਣਾਈ ਹੈ ਤੇ ਉਹ ਪੰਜਾਬ ਦੇ ਲੋਕਾਂ ਨੂੰ ਸਮਾਂ ਦੇਣਾ ਚਾਹੁੰਦੇ ਹਨ। ਉੰਨਾ ਸਮਾਂ ਕਿ ਉਹ ਬੇਅਦਬੀ ਕਾਂਡ ਅਤੇ ਗੋਲੀਕਾਂਡ ਵਰਗੀਆਂ ਘਟਨਾਵਾਂ ਨੂੰ ਭੁੱਲ ਕੇ ਇੱਕ ਵਾਰ ਫਿਰ ਉਨ੍ਹਾਂ ਦੇ ਹੱਥਾਂ ਵਿੱਚ ਸੱਤਾ ਸੌਂਪ ਦੇਣ। ਸ਼ਾਇਦ ਇਸੇ ਕਾਰਨ ਸਿੱਖਾਂ ਦੇ ਜਿਹੜੇ ਧਾਰਮਿਕ ਵਿੰਗ ’ਚੋਂ ਨਿਕਲ ਕੇ ਸਿਆਸੀ ਵਿੰਗ ਨੇ ਉਸ ’ਤੇ ਕਬਜ਼ਾ ਕਰ ਲਿਆ ਸੀ ਉਹ ਧਾਰਮਿਕ ਵਿੰਗ ਹੁਣ ਫਿਰ ਆਪਣੇ ਸਿਆਸੀ ਵਿੰਗ ਦੀ ਪਨਾਹ ਵਿੱਚ ਆਉਣਾ ਚਾਹੁੰਦਾ ਹੈ ਤਾਂ ਕਿ ਇੱਕ ਵਾਰ ਫਿਰ ਧਰਮ ਦਾ ਸਹਾਰਾ ਲੈ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਇਆ ਜਾ ਸਕੇ। ਤੇ ਭੋਲੇ ਲੋਕ ਇਹ ਸੋਚ ਕੇ ਫਤਿਹਗੜ੍ਹ ਸਾਹਿਬ ਜੋੜ ਮੇਲ ਦੌਰਾਨ ਸਿਆਸੀ ਸਟੇਜਾਂ ਨਾ ਲਗਾਏ ਜਾਣ ਦੇ ਫੈਸਲੇ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ ਵਿੱਚ ਸਟੇਜਾਂ ਨਾ ਲਾਏ ਜਾਣ ਦਾ ਫੈਸਲਾ ਕਰਕੇ ਇਨ੍ਹਾਂ ਲੋਕਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ।

Facebook Comments
Facebook Comment