• 1:57 pm
Go Back

ਨਿਊਜ਼ੀਲੈਂਡ :  ਬੀਤੇ ਦਿਨੀਂ ਨਿਊਜ਼ੀਲੈਂਡ ਦੀ ਸੈਂਟਰਲ ਕ੍ਰਾਈਸਚਰਚ ਦੀ ਅਲਨੂਰ ਅਤੇ ਲਿਨਵੁੱਡ ਮਸਜ਼ਿਦ ‘ਚ ਹੋਈ ਗੋਲਬਾਰੀ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਗੋਲੀਬਾਰੀ ‘ਚ ਤਕਰੀਬਨ 49 ਲੋਕਾਂ ਦੇ ਮਾਰੇ ਜਾਣ ਅਤੇ 42 ਦੇ ਕਰੀਬ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਗੋਲੀਬਾਰੀ ਤੋਂ ਬਾਅਦ ਨਿਊਜ਼ੀਲੈਂਡ ‘ਚ ਕੁਝ ਭਾਰਤੀਆਂ ਦੇ ਵੀ ਲਾਪਤਾ ਹੋ ਜਾਣ ਬਾਰੇ ਕਿਹਾ ਜਾ ਰਿਹਾ ਸੀ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਹਮਲੇ ਦੌਰਾਨ ਜੋ ਇਨਸਾਨ ਮਾਰੇ ਗਏ ਅਤੇ ਜ਼ਖਮੀ ਹੋ ਗਏ ਸਨ ਉਨ੍ਹਾਂ ਵਿੱਚੋਂ  7 ਉਹ ਭਾਰਤੀ ਹਨ ਜਿਨ੍ਹਾਂ ਦੇ ਲਾਪਤਾ ਹੋ ਜਾਣ ਦੀ ਗੱਲ ਕਹੀ ਗਈ ਸੀ।

ਇਸ ਗੋਲੀਬਾਰੀ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ ‘ਚ 5 ਭਾਰਤੀ ਵੀ ਮਾਰੇ ਗਏ ਹਨ।  ਮਾਰੇ ਗਿਆਂ ਦੀ ਪਛਾਣ ਭਰੂਚ ਦੇ ਮੂਸਾਵਲੀ ਸੁਲੇਮਾਨ ਪਟੇਲ, ਗੁਜਰਾਤ ‘ਚ ਪੈਂਦੇ ਨਵਸਾਰੀ ਦੇ ਜੁਰੈਦ ਯੂਸੁਫ ਕਾਰਾ, ਕੇਰਲਾ  ਨਾਲ ਸਬੰਧਤ ਇੱਕ ਵਿਦਿਆਰਥਣ ਐਂਸੀ ਅਲੀ, ਹੈਦਰਾਬਾਦ ਦੇ ਫਰਹਾਜ ਹਸਨ ਅਤੇ ਕਰੀਮ ਨਗਰ ਦੇ ਇਮਰਾਨ ਅਹਿਮਦ ਖਾਨ ਵਜੋਂ ਹੋਈ ਹੈ। ਇਸ ਤੋਂ ਇਲਾਵਾ ਦੋ ਹੋਰ ਭਾਰਤੀਆਂ ਦੀ ਸਥਿਤੀ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੀ ਵੀ ਮੌਤ ਹੋ ਗਈ ਹੈ।

ਖ਼ਬਰ ਮਿਲੀ ਹੈ ਕਿ ਗੋਲੀਬਾਰੀ ਕਰਨ ਵਾਲੇ ਦੋਸ਼ੀ ਬਰੈਂਟਨ ਟੈਰੰਟ ਨੂੰ ਜਦੋਂ ਅਦਾਲਤ ‘ਚ ਪੇਸ਼ ਕੀਤਾ ਗਿਆ ਤਾਂ ਉਸ ਦੇ ਚਿਹਰੇ ‘ਚ ਕੋਈ ਵੀ ਸ਼ਰਮਿੰਦਗੀ ਜਾਂ ਪਛਤਾਵੇ ਦਾ ਚਿੰਨ੍ਹ ਦਿਖਾਈ ਨਹੀਂ ਦਿੱਤਾ ਇਸ ਦੇ ਉਲਟ ਉਹ ਬਿਲਕੁਲ ਹੀ ਸ਼ਾਂਤ ਮਨ ਖੜ੍ਹਾ ਸੀ। ਅਦਾਲਤ ਵੱਲੋਂ ਉਸ ਦੀ ਅਗਲੀ ਸੁਣਵਾਈ 5 ਅਪ੍ਰੈਲ ਤੱਕ ਅੱਗੇ ਪਾ ਦਿੱਤੀ ਗਈ ਹੈ। ਹਮਲਾਵਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

 

Facebook Comments
Facebook Comment