• 9:45 am
Go Back
drugs-

ਪੰਜਾਬ ਦੇ ਸਾਰੇ ਨਾਲੇ, ਨਦੀਆਂ ਅਤੇ ਦਰਿਆਵਾਂ ਵਿੱਚ ਨਸ਼ਿਆਂ ਦੀ ਸੁਨਾਮੀ ਹੈ। ਹਰ ਰੋਜ਼ ਇਸ ਦਾ ਵਹਾਅ ਵਧ ਰਿਹਾ ਹੈ, ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸ ਸੁਨਾਮੀ ਨੇ ਪੂਰੇ ਪੰਜਾਬ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ।ਇਹ ਭਾਵੇਂ ਪੰਜਾਬ ਦਾ ਧਾਰਮਿਕ ਢਾਂਚਾ ਹੈ ਜਾਂ ਸਿਆਸਤਦਾਨ ਹਨ, ਤੇ ਜਾਂ ਫਿਰ ਪੰਜਾਬ ਦਾ ਸਮਾਜ ਹੈ।ਇਸ ਸੁਨਾਮੀ ਵਿਚ ਪੰਜਾਬ ਰੁੜ੍ਹ ਰਿਹਾ ਹੈ, ਡੁੱਬ ਰਿਹਾ ਹੈ। ਸੱਤਾ ‘ਤੇ ਕਾਬਜ਼ ਲੋਕ ਇਸ ਸੁਨਾਮੀ ਦੀਆਂ ਭਿਆਨਕ ਲਹਿਰਾਂ ਵਿਚ ਡੁੱਬ ਰਹੇ ਪੰਜਾਬ ਨੂੰ ਹੈਲੀਕਾਪਟਰ ਅਤੇ ਜਹਾਜਾਂ ਉਤੇ ਚੜ੍ਹ-ਚੜ੍ਹ ਵੇਖ ਰਹੇ ਹਨ। ਨਾਲ ਹੀ ਆਪਣੀ ਕਾਮਯਾਬੀ ‘ਤੇ ਠਹਾਕੇ ਵੀ ਲਗਾ ਰਹੇ ਹਨ।ਪੰਜਾਬ ਦੀ ਨੌਜੁਆਨ ਪੀੜ੍ਹੀ ‘ਚ ਨਸ਼ਿਆਂ ਦਾ ਰੁਝਾਨ ਬਹੁਤ ਹੀ ਵੱਧ ਗਿਆ ਹੈ।ਨਸ਼ਿਆਂ ਦੇ ਇਸ ਹੜ੍ਹ ਵਿਚ ਜੇ ਕਿਸੇ ਦਾ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ ਤਾਂ ਉਹ ਪੰਜਾਬ ਦੀਆਂ ਮਾਂਵਾਂ ਨੇ, ਜਿੰਨ੍ਹਾਂ ਦੀਆਂ ਕੁੱਖਾਂ ਤੋਂ ਜੰਮੇ ਜਾਏ ਅੱਜ ਉਨ੍ਹਾਂ ਦੇ ਹੀ ਸਾਹਮਣੇ ਤੜਪ-ਤੜਪ ਕੇ ਮਰ ਰਹੇ ਨੇ।ਕਈ ਮਾਂਵਾਂ ਦੇ ਪੁੱਤਰ ਨਸ਼ਿਆਂ ਵਿਚ ਡੁੱਬ ਚੁੱਕੇ ਹਨ ਅਤੇ ਮਾਨਸਿਕ ਤੇ ਸਰੀਰਕ ਤੌਰ ‘ਤੇ ਅਪਾਹਜ ਹੋ ਰਹੇ ਹਨ। ਬੇ-ਸ਼ੁਮਾਰ ਭੈਣਾਂ ਦੇ ਵੀਰ ਸਕੂਲਾਂ ਕਾਲਜਾਂ ਵਿਚੋਂ ਪੜ੍ਹਾਈਆਂ ਛੱਡ ਕੇ ਨਸ਼ਿਆਂ ਦੇ ਆਦੀ ਹੋ ਕੇ ਭਟਕ ਰਹੇ ਹਨ। ਅਣਗਿਣਤ ਮੁਟਿਆਰਾਂ ਦੇ ਜੀਵਨ ਸਾਥੀਆਂ ਨੂੰ ਨਸ਼ੇ ਦਾ ਅਜਗਰ ਨਿਗਲ ਰਿਹਾ ਹੈ। ਅਣਗਿਣਤ ਬੇਟੀਆਂ ਦੇ ਬਾਪ ਨਸ਼ਿਆਂ ਦੀ ਮਾਰ ਕਾਰਨ ਤੜਫ ਰਹੇ ਹਨ ਅਤੇ ਮੌਤ ਨੂੰ ਆਵਾਜ਼ਾਂ ਦੇ ਰਹੇ ਹਨ। ਨਸ਼ੇ ਵਿਚ ਡੁੱਬ ਰਹੇ ਆਦਮੀ ਦਾ ਸਿੱਧਾ ਸਬੰਧ ਮਾਂ, ਭੈਣ, ਪਤਨੀ, ਨੂੰਹ ਅਤੇ ਬੇਟੀ ਨਾਲ ਜੁੜਦਾ ਹੈ। ਫਿਰ ਦੱਸੋ, ਬਰਬਾਦ ਕੌਣ ਹੋ ਰਿਹਾ ਹੈ? ਪੰਜਾਬ ਦੀ ਮਾਂ ਬਰਬਾਦ ਹੋ ਰਹੀ ਹੈ ਅਤੇ ਚਾਰੇ ਪਾਸਿਓਂ ਲੁੱਟੀ ਜਾ ਰਹੀ ਹੈ। ਪੰਜਾਬ ਦੀ ਮਾਂ ਦਾ ਘਰ ਅਤੇ ਪਰਿਵਾਰ ਨਸ਼ੇ ਦੀ ਦਲਦਲ ਵਿਚ ਧਸ ਰਿਹਾ ਹੈ ਤੇ ਉਹ ਬੇਵਸ ਅਤੇ ਲਾਚਾਰ ਖੜ੍ਹੀ ਦੇਖ ਰਹੀ ਹੈ।ਹੁਣ ਇੰਨੀਆਂ ਤਕਲੀਫ਼ਾਂ ਅਤੇ ਮੁਸੀਬਤਾਂ ਤੋਂ ਬਾਅਦ ਪੰਜਾਬ ਦੀ ਮਾਂ ਨੂੰ ਜਾਗਣਾ ਪਵੇਗਾ। ਉਸ ਨੂੰ ਆਪਣੇ ਡੁੱਬ ਰਹੇ ਪੰਜਾਬ ਨੂੰ ਬਚਾਉਣ ਲਈ ਕਮਰ ਕੱਸਣੀ ਪਵੇਗੀ ਅਤੇ ਨਸ਼ਿਆਂ ਦੀ ਸੁਨਾਮੀ ਨੂੰ ਠੱਲ੍ਹ ਪਾਉਣ ਲਈ ਮੈਦਾਨ ਵਿਚ ਨਿਤਰਨਾ ਪਵੇਗਾ। ਅੱਜ ਦਾ ਸਮਾਂ ਪੰਜਾਬ ਲਈ ਅਤਿ ਚੁਣੌਤੀਆਂ ਭਰਪੂਰ ਹੈ ਅਤੇ ਸੱਤਾ ‘ਤੇ ਕਾਬਜ਼ ਲੋਕ ਤੇ ਹੋਰ ਆਗੂ ਇਹਨੂੰ ਬਚਾਉਣ ਲਈ ਕੁਝ ਨਹੀਂ ਕਰ ਰਹੇ। ਵਜ਼ੀਰਾਂ ਦੇ ਨਾਂ ਡਰੱਗ ਤਸਕਰੀ ਵਿਚ ਗੂੰਜ ਰਹੇ ਹਨ। ਮੰਤਰੀ-ਸੰਤਰੀ ਭ੍ਰਿਸ਼ਟਾਚਾਰ ਦੀ ਕਤਾਰ ਵਿਚ ਖੜ੍ਹੇ ਦਿਖਾਈ ਦੇ ਰਹੇ ਹਨ। ਜਨਤਾ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਸਰਹੱਦਾਂ ਉਤੇ ਧਰਨੇ ਅਤੇ ਭਾਸ਼ਣ ਦਿੱਤੇ ਜਾਂਦੇ ਹਨ, ਪਰ ਜੋ ਧਰਨੇ ਦੇ ਰਹੇ ਹਨ, ਉਹ ਆਪ ਹੀ ਡਰੱਗ ਮਾਫੀਆ ਦੇ ਸਰਗਨੇ ਹਨ।ਪੜ੍ਹਿਆ-ਲਿਖਿਆ ਨੌਜਵਾਨ ਤਬਕਾ ਬੇਕਾਰੀ ਦੀ ਮਾਰ ਵਿਚ ਤੜਫਦਾ ਨਸ਼ਿਆਂ ਦੇ ਸਾਗਰ ਵਿਚ ਡੁੱਬ ਰਿਹਾ ਹੈ। ਪਿੰਡਾਂ ‘ਚ ਪਰਿਵਾਰਾਂ ਦੇ ਆਮ ਘਰਾਂ ਵਿਚ ਤਾਂ ਰੋਜ਼ ਸ਼ਾਮ ਨੂੰ ਸ਼ਰਾਬ ਦੇ ਦੌਰ ਚਲਾਉਣ ਦੀ ਪਰੰਪਰਾ ਬਣ ਚੁੱਕੀ ਹੈ। ਬਹੁਤੇ ਬਾਪ ਖੁਦ ਆਪਣੇ ਪੁੱਤਰਾਂ ਨੂੰ ਨਾਲ ਬਿਠਾ ਕੇ ਸ਼ਰਾਬ ਪੀਣ ਲਈ ਉਤਸ਼ਾਹਿਤ ਕਰਦੇ ਹਨ। ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਸਮੇਂ ਦੀ ਸਰਕਾਰ ਦਾ ਸਾਰਾ ਕਾਰੋਬਾਰ ਸ਼ਰਾਬ ਦੀ ਕਮਾਈ ਦੇ ਸਿਰ ਉਤੇ ਹੀ ਚੱਲ ਰਿਹਾ ਹੈ। ਸ਼ਰਾਬ ਤੋਂ ਇਲਾਵਾ ਅੱਜ ਦੀ ਪੀੜ੍ਹੀ ਭੁੱਕੀ, ਚਰਸ, ਸਮੈਕ, ਨਸ਼ੇ ਦੇ ਟੀਕਿਆਂ ਤੇ ਗੋਲੀਆਂ ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਜਾਨਲੇਵਾ ਨਸ਼ਿਆਂ ਦੇ ਸੇਵਨ ਕਰ-ਕਰ ਕੇ ਆਪਣੀ ਜ਼ਿੰਦਗੀ ਨੂੰ ਮੌਤ ਦੇ ਮੂੰਹ ਧੱਕ ਰਹੀ ਹੈ। ਕੈਮਿਸਟਾਂ ਦੀਆਂ ਦੁਕਾਨਾਂ ਤੋਂ ਲੈ ਕੇ ਆਮ ਥਾਂਵਾਂ ਬਲਕਿ ਸਕੂਲਾਂ, ਕਾਲਜਾਂ ਦੇ ਗੇਟਾਂ ਦੇ ਅੱਗੇ ਸ਼ਰੇਆਮ ਨਸ਼ੇ ਵਿਕ ਰਹੇ ਹਨ। ਅਫ਼ਸਰਸ਼ਾਹੀ ਨਸ਼ੇ ਦੀਆਂ ਪੁੜੀਆਂ ਵੇਚਣ ਵਾਲਿਆਂ ਨੂੰ ਤਾਂ ਫੜ-ਫੜ ਕੇ ਜੇਲ੍ਹਾਂ ਵਿਚ ਸੁੱਟ ਰਹੀ ਹੈ, ਪਰ ਨਸ਼ੇ ਦੇ ਸੌਦਾਗਾਰਾਂ ਦਾ ਸਾਥ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਸਲੂਟ ਵੀ ਮਾਰ ਰਹੀ ਹੈ।
ਬਸ ਹੁਣ ਇਕੋ ਇਕ ਆਸ ਬਾਕੀ ਹੈ ਅਤੇ ਉਹ ਹੈ ਪੰਜਾਬ ਦੀਆਂ ਮਾਂਵਾਂ, ਭੈਣਾਂ, ਬੇਟੀਆਂ, ਪਤਨੀਆਂ ਤੇ ਨੂੰਹਾਂ ਨੂੰ ਆਪਣੇ ਪੰਜਾਬ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਇਕਜੁੱਟ ਹੋਣਾ ਪਵੇਗਾ; ਇਕ ਖਾਸ ਵਿਚਾਰ ਤੇ ਨਿਸ਼ਾਨਾ ਲੈ ਕੇ ਮੈਦਾਨ ਵਿਚ ਉਤਰਨਾ ਪਵੇਗਾ,ਲੀਡਰੀ ਤੇ ਚੌਧਰ ਦੀ ਹਵਸ ਨੂੰ ਪਰ੍ਹਾਂ ਸੁੱਟ ਕੇ ਸਿਰਫ ਤੇ ਸਿਰਫ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤੀ ਦਿਵਾ ਕੇ ਪੰਜਾਬ ਦੀ ਆਬੋ-ਹਵਾ ਨੂੰ ਸਾਫ਼ ਤੇ ਸਵੱਛ ਬਣਾਉਣ ਲਈ ਪ੍ਰਣ ਕਰਨਾ ਹੋਵੇਗਾ। ਜੋ ਮਰਦ ਸਮਾਜ ਅੱਜ ਨਸ਼ਿਆਂ ਵਿਚ ਡੁੱਬ ਕੇ ਪੰਜਾਬ ਦੇ ਨਾਂ ਨੂੰ ਕਲੰਕ ਲਾ ਰਿਹਾ ਹੈ, ਇਸ ਕਲੰਕ ਨੂੰ ਵੀ ਮਿਲ ਕੇ ਧੋਣਾ ਹੋਵੇਗਾ। ਇਸ ਅਤਿ ਔਖੇ ਕਾਰਜ ਨੂੰ ਮੁਹਿੰਮ ਵਾਂਗ ਸ਼ੁਰੂ ਕਰ ਕੇ ਪੰਜਾਬ ਦੀਆਂ ਮਾਂਵਾਂ ਨਵਾਂ ਇਤਿਹਾਸ ਰਚ ਸਕਦੀਆਂ ਹਨ।ਔਰਤ ਅਗਰ ਠਾਣ ਲਵੇ ਤਾਂ ਕੀ ਨਹੀਂ ਕਰ ਸਕਦੀ? ਫਿਰ ਜਦੋਂ ਗੱਲ ਆਵਦੀ ਕੁੱਖ ਦੀ ਹੋਵੇ, ਆਪਣੇ ਸੁਹਾਗ ਦੀ ਹੋਵੇ ਜਾਂ ਆਪਣੇ ਵੀਰ ਦੀ ਤਾਂ ਔਰਤਾਂ ਨੂੰ ਇੱਕਮਿਕ ਹੋ ਸਮਾਜ ਨੂੰ ਬਦਣ, ਨਸ਼ੇ ਨੂੰ ਖਤਮ ਕਰਨ ਦੀ ਕ੍ਰਾਂਤੀ ਲਿਆਉਣੀ ਹੀ ਪਵੇਗੀ।

Facebook Comments
Facebook Comment