• 3:16 pm
Go Back

ਚੰਡੀਗੜ੍ਹ,(ਦਰਸ਼ਨ ਸਿੰਘ ਖੋਖਰ): ਬੇਅੰਤ ਸਿੰਘ ਕਤਲ ਕੇਸ ਨਾਲ ਸਬੰਧਿਤ ਮੁਲਜ਼ਮ ਜਗਤਾਰ ਸਿੰਘ ਤਾਰਾ ਨੇ ਅਦਾਲਤ ਵਿੱਚ ਆਪਣਾ ਜ਼ੁਰਮ ਕਬੂਲ ਕਰਦਿਆਂ ਕਿਹਾ ਹੈ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਸਿੱਖ ਨੌਜਵਾਨਾਂ ‘ਤੇ ਜ਼ੁਲਮ ਦੀ ਇੰਤਹਾ ਕਰਵਾ ਦਿੱਤੀ ਸੀ । ਜਿਸ ਕਾਰਨ ਉਸਨੇ ਇਸ ਕਤਲ ਕਾਂਡ ਲਈ ਅਹਿਮ ਭੂਮਿਕਾ ਨਿਭਾਈ ਸੀ। ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਲੱਗੀ ਵਿਸ਼ੇਸ਼ ਅਦਾਲਤ ਵਿੱਚ ਤਾਰਾ ਨੇ 6 ਪੰਨਿਆਂ ਦਾ ਪੱਤਰ ਪੇਸ਼ ਕੀਤਾ ਜਿਸ ਵਿੱਚ ਸਿੱਖ ਇਤਿਹਾਸ ਦੇ ਵੇਰਵੇ ਦੇਕੇ ਆਪਣੇ ਕੀਤੇ ਨੂੰ ਸਹੀ ਠਹਿਰਾਇਆ। ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲਈ ਸੁਣਵਾਈ 7 ਫਰਵਰੀ ਨੂੰ ਹੋਵੇਗੀ, ਉਸ ਦਿਨ ਸੀਬੀਆਈ ਦੀ ਤਰਫੋਂ ਵਕੀਲ ਨੇ ਤਾਰਾ ਦੇ ਪੱਤਰ ‘ਤੇ ਜ਼ਿਰਾਹ ਕਰਨੀ ਹੈ, ਅਗਲੀ ਤਾਰੀਕ ਤੇ ਅਸੀਂ ਬਚਾਉ ਪੱਖ ਦੀ ਤਰਫੋਂ ਅਦਾਲਤ ‘ਚ ਪੇਸ਼ ਹੋਵਾਂਗੇ। ਫਿਰ ਅਦਾਲਤ ਨੇ ਸਜ਼ਾ ਬਾਰੇ ਫੈਸਲਾ ਸੁਣਾਉਂਣਾ ਹੈ। ਉਨ੍ਹਾਂ ਦੱਸਿਆ ਕਿ ਟਰਾਇਲ ਦੌਰਾਨ ਉਨ੍ਹਾਂ ਨੇ ਬਚਾਉ ਪੱਖ ਵਜੋਂ ਇਹ ਦਲੀਲਾਂ ਦਿੱਤੀਆਂ ਸਨ ਕਿ ਬੇਅੰਤ ਸਿੰਘ ਨਾਲ ਜਗਤਾਰ ਸਿੰਘ ਤਾਰਾ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਪੰਜਾਬ ਵਿੱਚ ਬਣੇ ਜ਼ੁਲਮ ਦੇ ਮਾਹੌਲ ਕਾਰਨ ਨੌਜਵਾਨਾਂ ਨੇ ਬੇਅੰਤ ਸਿੰਘ ਦੇ ਕਤਲ ਦੀ ਸਕੀਮ ਬਣਾਈ ਸੀ । ਉਨਾਂ ਦੱਸਿਆ ਕਿ ਤਾਰਾ ਨੇ ਇਹ ਵੀ ਕਬੂਲ ਕੀਤਾ ਹੈ ਕਿ ਬੇਅੰਤ ਸਿੰਘ ਨੂੰ ਖਤਮ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਸਿਵਲ ਸੱਕਤਰੇਤ ਦੀ ਰੇਕੀ ਕੀਤੀ ਸੀ, ਮਨੁੱਖੀ ਬੰਬ ਦੇ ਵਿਸਫੋਟ ਵਾਲੀ ਬੈਲਟ ਵੀ ਉਸ ਨੇ ਬੰਨੀ ਸੀ, ਅੰਬੈਸਟਰ ਕਾਰ ਵਿੱਚ ਬਿਠਾ ਕੇ ਦਿਲਾਵਰ ਸਿੰਘ ਨੂੰ ਵੀ ਉਹ ਸਿਵਲ ਸੱਕਤਰੇਤ ਵਿੱਚ ਲੈਕੇ ਗਿਆ ਸੀ ਤੇ ਗੱਡੀ ਖੁਦ ਚਲਾ ਰਿਹਾ ਸੀ।
ਵਰਨਣਯੋਗ ਹੈ ਕਿ ਜਗਤਾਰ ਸਿੰਘ ਤਾਰਾ ਨੂੰ 2014 ਵਿੱਚ ਥਾਈਲੈਂਡ ਤੋਂ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕਾਰਵਾਈ ਤਹਿਤ ਗ੍ਰਿਫਤਾਰ ਕਰਵਾਇਆ ਗਿਆ ਸੀ। ਉਸਤੋਂ ਬਾਅਦ ਉਨ੍ਹਾਂ ਤੇ 6 ਕੇਸ ਪਾ ਦਿੱਤੇ ਗਏ ਸਨ ਅਤੇ ਹੁਣ ਉਹ ਬੁੜ੍ਹੈਲ ਜੇਲ੍ਹ ਵਿੱਚ ਬੰਦ ਹਨ ਤੇ ਰੀੜ ਦੀ ਹੱਡੀ ਦੇ ਦਰਦ ਤੋਂ ਬੇਹੱਦ ਪ੍ਰੇਸ਼ਾਨ ਹਨ।

Facebook Comments
Facebook Comment