• 8:20 am
Go Back

ਤਾਈਪੇ : ਤਾਈਵਾਨ ਵਿੱਚ ਬੀਤੇ ਐਤਵਾਰ ਸ਼ਾਮ ਨੂੰ ਇੱਕ ਭਿਅੰਕਰ ਰੇਲ ਹਾਦਸਾ ਹੋ ਗਿਆ ਜਿਸ ਵਿੱਚ ਤਕਰੀਬਨ 22 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 171 ਦੇ ਕਰੀਬ ਲੋਕ ਜ਼ਖਮੀ ਹੋ ਗਏ। ਬਚਾਅ ਕਰਮਚਾਰੀਆਂ ਵਲੋਂ ਬਚਾਅ ਮੁਹਿੰਮ ਜਾਰੀ ਹੈ।

ਮੀਡੀਆ ਦੀ ਰਿਪੋਰਟ ਮੁਤਾਬਿਕ ਲਗਭਗ 366 ਯਾਤਰੀਆਂ ਨੂੰ ਲੈ ਕੇ ਆ ਰਹੀ ਇਹ ਰੇਲ ਸ਼ਾਮ ਲਗਭਗ 4.30 ਵਜੇ ਪਟਰੀ ਤੋਂ ਉਤਰ ਗਈ। ਰਿਪੋਰਟ ਮੁਤਾਬਿਕ ਇਸ ਰੇਲ ਦੀਆਂ 8 ਬੋਗੀਆਂ ਪਟੜੀ ਤੋਂ ਉਤਰ ਗਈਆਂ ਤੇ ਪਲਟ ਗਈਆਂ। ਘਟਨਾ ਤੇ ਮੌਜੂਦ ਇੱਕ ਪੱਤਰਕਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਤਕਰੀਬਨ 22 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 171 ਤੋਂ ਵੱਧ ਲੋਕ ਇਸ ਹਾਦਸੇ ਵਿੱਚ ਜ਼ਖਮੀ ਹੋਏ ਹਨ। ਹਾਦਸੇ ਵਿੱਚ ਰੇਲ ਦੀਆਂ ਕਈ ਬੋਗੀਆਂ ਟੁੱਟ ਕੇ ਇੱਧਰ ਉਧਰ ਫੈਲ ਗਈਆਂ। ਬੋਗੀਆਂ ਨੂੰ ਕੱਟ ਕੇ ਉਨ੍ਹਾਂ ਵਿਚ ਫਸੀਆਂ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ।

ਰਿਪੋਰਟ ਦੇ ਮੁਤਾਬਿਕ ਇਹ ਰੇਲ ਸ਼ੂਲਿਨ ਤੋਂ ਟੈਟੁੰਗ ਦਾ ਸਫਰ ਤੈਅ ਕਰ ਰਹੀ ਸੀ, ਇਹ ਰੂਟ ਟੂਰਿਸਟ ਵਿੱਚ ਕਾਫੀ ਪ੍ਰਸਿੱਧ ਹੈ ਅਤੇ ਇਹੀ ਕਾਰਨ ਹੈ ਕਿ ਇਥੋਂ ਗੁਜ਼ਰਨ ਵਾਲੀਆਂ ਟਰੇਨਾਂ ਵਿੱਚ ਅਕਸਰ ਭਾਰੀ ਸੰਖਿਆ ਵਿੱਚ ਯਾਤਰੀ ਸਵਾਰ ਹੁੰਦੇ ਹਨ।

ਰੇਲ ਮੰਤਰਾਲੇ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਹਾਦਸੇ ਦੇ ਸਮੇਂ ਮੌਕੇ ’ਤੇ ਮੌਜੂਦ ਲੋਕਾਂ ਨੇ ਰੇਲ ਦੇ ਪਟੜੀ ਤੋਂ ਉਤਰਨ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ। ਇਨ੍ਹਾਂ ਲੋਕਾਂ ਮੁਤਾਬਿਕ ਕਾਫੀ ਦੇਰ ਤੱਕ ਟਰੇਨ ਵਿਚੋਂ ਲੋਕਾਂ ਦੇ ਚੀਕ ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ।

ਰਿਪੋਰਟ ਮੁਤਾਬਿਕ ਇਸ ਹਾਦਸੇ ਵਿੱਚ ਜ਼ਿਆਦਾਤਰ ਯਾਤਰੀ ਪਹਿਲੀ ਬੋਗੀ ਦੇ ਮਾਰੇ ਗਏ ਹਨ ਅਤੇ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਅਜੇ ਵੀ ਇਸ ਹਾਦਸਾਗ੍ਰਸਤ ਰੇਲ ਵਿੱਚ ਕੋਈ ਮੌਜੂਦ ਹੈ ਜਾਂ ਨਹੀਂ। ਰਾਸ਼ਟਰੀ ਰੱਖਿਆ ਮੰਤਰਾਲੇ ਦੇ ਬੁਲਾਰੇ ਚੇਨ ਚੁੰਗ ਚੀ ਨੇ ਦੱਸਿਆ ਹੈ ਕਿ ਇਸ ਹਾਦਸੇ ਵਿੱਚ ਕਈ ਯਾਤਰੀਆਂ ਦੀਆਂ ਲਾਸ਼ਾਂ ਬਹੁਤ ਬੁਰੀ ਹਾਲਤ ਵਿੱਚ ਹਨ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ।

Facebook Comments
Facebook Comment