• 5:30 pm
Go Back

ਖਡੂਰ ਸਾਹਿਬ : ਲੋਕ ਸਭਾ ਚੋਣਾਂ ਦੌਰਾਨ ਸਿਆਸੀ ਆਗੂਆਂ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਨੇ ਗਰਮਾਹਟ ਪੈਦਾ ਕਰ ਰੱਖੀ ਹੈ। ਇਸੇ ਤਰ੍ਹਾਂ ਦੀ ਇੱਕ ਤਾਜ਼ਾ ਵੀਡੀਓ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਵੀ ਵਾਇਰਲ ਹੋਈ ਹੈ। ਜਿਸ ਨੂੰ ਲੈ ਕੇ ਜਸਬੀਰ ਸਿੰਘ ਡਿੰਪਾ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਰਾਤ ਸਮੇਂ ਦੀ ਦਿਖਾਈ ਦੇ ਰਹੀ ਇਸ ਵੀਡੀਓ ਵਿੱਚ ਡਿੰਪਾ ਇੱਕ ਪੋਲ ਦਾ ਸਹਾਰਾ ਲੈ ਕੇ ਭਾਸ਼ਣ ਦਿੰਦੇ ਹਨ, ਤੇ ਭਾਸ਼ਣ ਦਿੰਦੇ ਵਕਤ ਉਨ੍ਹਾਂ ਦੀ ਸ਼ਰੀਰਕ ਭਾਸ਼ਾ ਆਮ ਨਾਲੋਂ ਕੁਝ ਵੱਖਰੀ ਦਿਖਾਈ ਦਿੰਦੀ ਹੈ। ਜਗੀਰ ਕੌਰ ਨੇ ਤਾਂ ਇਹ ਵੀਡੀਓ ਦੇਖਣ ਤੋਂ ਬਾਅਦ ਡਿੰਪਾ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਸ਼ਰਾਬ ਪੀ ਕੇ ਭਾਸ਼ਣ ਦੇ ਰਹੇ ਹਨ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਜਗੀਰ ਕੌਰ ਨੇ ਡਿੰਪਾ ਨੂੰ ਲੰਮੇ ਹੱਥੀਂ ਲਿਆ। ਡਿੰਪਾ ਬਾਰੇ ਬੋਲਦਿਆਂ ਜਗੀਰ ਕੌਰ ਨੇ ਕਿਹਾ ਕਿ, “ਉਸ (ਡਿੰਪਾ) ਦੇ ਜੀਵਨ ਦਾ ਕਿਸੇ ਨੂੰ ਵੀ ਭੁਲੇਖਾ ਨਹੀਂ ਹੈ, ਉਹ ਜੋ ਵੀ ਖਾਂਦਾ ਹੈ ਉਹ ਲੋਕਾਂ ਨੂੰ ਪਤਾ ਹੈ” ਜਗੀਰ ਕੌਰ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ, “ਵੀਡੀਓ ਦੇਖ ਕੇ ਸਾਫ ਪਤਾ ਲਗਦਾ ਹੈ ਕਿ ਉਹ ਸ਼ਰਾਬ ਪੀ ਕੇ ਲੋਕਾਂ ਸਾਹਮਣੇ ਬੋਲ ਰਿਹਾ ਹੈ ਤੇ ਜਿਹੜਾ ਪਬਲਿਕ ‘ਚ ਜਾ ਕੇ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਗੁਰੇਜ਼ ਨਾ ਕਰੇ ਉਸ ਬਾਰੇ ਲੋਕ ਚੰਗੀ ਤਰ੍ਹਾਂ ਪਹਿਚਾਣ ਕਰ ਲੈਂਦੇ ਹਨ।”

ਦੂਜੇ ਪਾਸੇ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਇਸ ਵੀਡੀਓ ਬਾਰੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਅਕਾਲੀ ਦਲ ਆਪਣੀ ਹਾਰ ਦੇ ਡਰ ਤੋਂ ਅਜਿਹੀਆਂ ਕੋਝੀਆਂ ਹਰਕਤਾਂ ‘ਤੇ ਉਤਰ ਆਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਤਾਂ ਸ਼ੁਰੂ ਤੋਂ ਹੀ ਪੁੱਠੀਆਂ ਹਰਕਤਾ ਕਰਦਾ ਆਇਆ ਹੈ ਕਿਉਂਕਿ ਉਹ ਤਾਂ ਜੰਮਿਆ ਹੀ ਪੁੱਠਾ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਸ ਵੀਡੀਓ ਨੂੰ ਵਿਗਾੜ ਕੇ ਪੇਸ਼ ਕਰਨ ਦੀ ਇਹ ਹਰਕਤ ਕੀਤੀ ਹੈ ਉਸ ਬਾਰੇ ਪਤਾ ਲੱਗ ਜਾਵੇਗਾ। ਡਿੰਪਾ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰ ਦਿੱਤੀ ਹੈ ਤੇ ਜਿਹੜਾ ਵੀ ਹੋਇਆ ਉਹ ਸਾਹਮਣੇ ਆ ਜਾਵੇਗਾ। ਡਿੰਪਾ ਨੇ ਕਿਹਾ ਕਿ ਇਹ ਹਾਰ ਦੀ ਤੇ ਬੌਖਲਾਹਟ ਦੀ ਨਿਸ਼ਾਨੀ ਹੈ।

ਚੋਣਾਂ ਦੇ ਇਸ ਮਾਹੌਲ ‘ਚ ਅਜਿਹੀ ਵੀਡੀਓ ਦਾ ਸਾਹਮਣੇ ਆਉਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਪਰ ਇਸ ਵੀਡੀਓ ਦੀ ਅਸਲ ਸੱਚਾਈ ਕੀ ਹੈ? ਇਹ ਤਾਂ ਚੋਣ ਕਮਿਸ਼ਨ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ। ਹਾਂ ਇੰਨਾ ਜਰੂਰ ਹੈ ਕਿ ਸਿਆਸਤਦਾਨਾਂ ਦੀ ਇਸ ਲੜਾਈ ਵਿੱਚ ਫਿਲਹਾਲ ਅਕਸਰ ਡਾਂਗਾ ਖਾਣ ਵਾਲੀ ਜਨਤਾ ਕੁਝ ਦਿਨ ਨਜ਼ਾਰੇ ਜਰੂਰ ਲੈ ਰਹੀ ਹੈ।

Facebook Comments
Facebook Comment