• 5:11 pm
Go Back

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਵਾਰ-ਵਾਰ ਜ਼ਿਆਦਾ ਬੋਲਣ ਕਾਰਨ ਪੈਦਾ ਹੋ ਰਹੇ ਵਿਵਾਦਾਂ ਨੂੰ ਕੁਦਰਤ ਨੇ ਵੀ ਪਸੰਦ ਨਹੀਂ ਕੀਤਾ ਹੈ ਤੇ ਲਗਾਤਾਰ ਬੋਲਣ ਤੋਂ ਬਾਅਦ ਹੁਣ ਹਾਲਾਤ ਇਹ ਪੈਦਾ ਹੋ ਚੁੱਕੇ ਹਨ ਕਿ ਨਵਜੋਤ ਸਿੰਘ ਸਿੱਧੂ ਦੇ ਗਲੇ ਦੀਆਂ ਰਗਾਂ ਬੈਠ ਗਈਆਂ ਹਨ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਸਿੱਧੂ ਸਾਹਿਬ ਹੁਣ ਚੁੱਪ ਕਰਕੇ ਬੈਠ ਜਾਉ ਨਹੀਂ ਤਾਂ ਤੁਹਾਡੀ ਆਵਾਜ਼ ਜਾ ਸਕਦੀ ਹੈ। ਦੱਸ ਦੇਈਏ ਕਿ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਕੁੱਲ ਹਿੰਦ ਕਾਂਗਰਸ ਪਾਰਟੀ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪਰਚਾਰਕ ਵਜੋਂ ਭੇਜਿਆ ਗਿਆ ਸੀ ਜਿੱਥੇ ਉਨ੍ਹਾਂ ਨੇ ਲਗਾਤਾਰ ਇੱਕ ਤੋਂ ਇੱਕ 70 ਜਨਤਕ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਉੱਥੇ ਉੱਚੀ-ਉੱਚੀ ਭਾਸ਼ਣ ਦੇਣ ਨਾਲ ਨਵਜੋਤ ਸਿੰਘ ਸਿੱਧੂ ਦੀ ਇਹ ਹਾਲਤ ਹੋ ਗਈ। ਡਾਕਟਰਾਂ ਦੀ ਸਲਾਹ ਮੰਨਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਕਿੱਥੇ ਗਏ ਹਨ ਇਹ ਕਿਸੇ ਨੂੰ ਨਹੀਂ ਪਤਾ।

ਇਸ ਸਬੰਧ ਵਿਚ ਇੱਕ ਅਧਿਕਾਰਤ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਰੈਲੀਆਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲਗਾਤਾਰ ਹੈਲੀਕੌਪਟਰ ਰਾਹੀਂ ਸਫਰ ਕਰਨਾ ਪਿਆ ਜਿਸ ਕਾਰਨ ਉਨ੍ਹਾਂ ਦੀ ਸਿਹਤ ਤੇ ਕਾਫੀ ਬੁਰਾ ਅਸਰ ਪਿਆ ਹੈ। ਬੁਲਾਰੇ ਅਨੁਸਾਰ ਨਵਜੋਤ ਸਿੰਘ ਸਿੱਧੂ ਦੇ ਕਈ ਤਰ੍ਹਾਂ ਦੇ ਸਰੀਰਕ ਟੈਸਟ ਕੀਤੇ ਗਏ ਹਨ ਜਿਸ ਤੋਂ ਬਾਅਦ ਇਨ੍ਹਾਂ ਟੈਸਟਾਂ ਦਾ ਬੜਾ ਗੰਭੀਰ ਮੁਲਾਂਕਣ ਕਰਨ ਦੀ ਲੋੜ ਹੈ। ਡਾਕਟਰਾਂ ਨੇ ਸਿੱਧੂ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਗਲੇ ਦੀਆਂ ਨਸਾਂ ਜਖਮੀ ਹੋ ਗਈਆਂ ਹਨ ਤੇ ਹੁਣ ਹਾਲਾਤ ਇੱਥੋਂ ਤੱਕ ਖਤਰਨਾਕ ਹੋ ਚੁੱਕੇ ਹਨ ਕਿ ਕਿਸੇ ਵੀ ਸਮੇਂ ਉਨ੍ਹਾਂ ਦੀ ਆਵਾਜ਼ ਜਾ ਸਕਦੀ ਹੈ। ਲਿਹਾਜ਼ਾ ਸਿੱਧੂ ਨੂੰ ਤਿੰਨ ਤੋਂ ਪੰਜ ਦਿਨ ਦਾ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਸਿੱਧੂ ਨੂੰ ਉੱਚ ਕੋਟੀ ਦੀ ਡਾਕਟਰੀ ਸਹਾਇਤਾ ਦਿੱਤੇ ਜਾਣ, ਸਾਹ ਦੀਆਂ ਕਸਰਤਾਂ ਕਰਵਾਉਣ ਦੇ ਨਾਲ-ਨਾਲ ਫਿਜੀਓਥੈਰੇਪੀ ਵੀ ਦਿੱਤੀ ਜਾਵੇਗੀ। ਹੁਣ ਡਾਕਟਰਾਂ ਦੀ ਇਸ ਸਲਾਹ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਿਸੇ ਅਣਦੱਸੀ ਥਾਂ ਤੇ ਚਲੇ ਗਏ ਹਨ।

Facebook Comments
Facebook Comment