• 2:16 am
Go Back

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਵਿਗੜਨ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਨੂੰ ਅਸਥਾਈ ਸਰਕਾਰ ਦੇ ਹੁਕਮ ‘ਤੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰਿਅਮ ਰਾਵਲਪਿੰਡੀ ਦੀ ਅਡਿਆਲਾ ਜੇਲ ‘ਚ ਲੜੀਵਾਰ 10 ਤੇ 7 ਸਾਲ ਦੀ ਸਜ਼ਾ ਕੱਟ ਰਹੇ ਹਨ। ਲੰਡਨ ‘ਚ ਚਾਰ ਆਲੀਸ਼ਾਨ ਫਲੈਟਾਂ ਦੀ ਮਲਕੀਅਤ ਨਾਲ ਜੁੜੇ ਮਾਮਲੇ ‘ਚ ਇਕ ਜਵਾਬਦੇਹੀ ਅਦਾਲਤ ਨੇ 6 ਜੁਲਾਈ ਨੂੰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ੀ ਠਹਿਰਾਇਆ ਸੀ।
ਸ਼ਰੀਫ ਨੇ ਛਾਤੀ ਦੇ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਹੋਰ ਜਾਂਚ ਦੀ ਸਲਾਹ ਦਿੱਤੀ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੂੰ ਤੁਰੰਤ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਂਸ ਦੀ ਦਿਲ ਦੇ ਰੋਗ ਵਾਲੀ ਇਕਾਈ ‘ਚ ਦਾਖਲ ਕਰਵਾਇਆ ਜਾਵੇ। ਸ਼ਰੀਫ ਨੂੰ ਹਸਪਤਾਲ ਭੇਜਣ ਦਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਕਿਉਂਕਿ ਅਡਿਆਲਾ ਜੇਲ ਉਨ੍ਹਾਂ ਦੇ ਪ੍ਰਸ਼ਾਸਨਿਕ ਕੰਟਰੋਲ ‘ਚ ਹੈ। ਡਾਕਟਰਾਂ ਦੀ ਇਕ ਟੀਮ ਨੇ ਸਿਫਾਰਿਸ਼ ਕੀਤੀ ਸੀ ਕਿ ਸ਼ਰੀਫ ਨੂੰ ਮੈਡੀਕਲ ਦੇਖਭਾਲ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀਆਂ ਦੋਵਾਂ ਬਾਹਾਂ ‘ਚ ਤੇਜ਼ ਦਰਦ ਹੈ, ਜੋ ਕਿ ਸ਼ਾਇਦ ਖੂਨ ਸੰਚਾਰ ਦੀ ਕਮੀ ਕਰਕੇ ਸੀ। ਪਿਛਲੇ ਹਫਤੇ ਖਬਰ ਆਈ ਸੀ ਸ਼ਰੀਫ ਦੇ ਗੁਰਦੇ ਖਰਾਬ ਹੋਣ ਦੀ ਕਗਾਰ ‘ਤੇ ਹਨ ਤੇ ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਾਣਾ ਚਾਹੀਦਾ ਹੈ।

Facebook Comments
Facebook Comment