• 8:35 am
Go Back

ਅੰਮ੍ਰਿਤਸਰ : ਬੀਤੇ ਕੱਲ ਸਦੀ ਪੁਰਾਣੀ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਜ਼ਮੀਨੀ ਵਿਵਾਦ ਮਾਮਲੇ ਵਿੱਚ ਧੋਖਾਧੜੀ ਦੇ ਕੇਸ ਵਿੱਚ ਅਦਾਲਤ ਵੱਲੋਂ ਉਨ੍ਹਾਂ ਨੂੰ ਪੰਜ ਸਾਲ ਦੀ ਸਜ਼ਾ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਤੋਂ ਪਹਿਲਾਂ ਵਾਲੇ ਪ੍ਰਧਾਨ ਦੀ ਕੁਰਸੀ ਅਸ਼ਲੀਲ ਵੀਡੀਓ ਕਾਂਡ ਵਿੱਚ ਖੁੱਸ ਗਈ ਸੀ, ਲਿਹਾਜ਼ਾ ਹੁਣ ਫਿਰ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਦੀ ਕੁਰਸੀ ਖਾਲੀ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਸੰਤੋਖ ਸਿੰਘ ਤੇ ਉਨ੍ਹਾਂ ਦੇ ਭਰਾ ਇੰਦਰਪਾਲ ਸਿੰਘ ਅਤੇ ਦੋ ਹੋਰਾਂ ਵਿਰੁੱਧ ਇਹ ਜ਼ਮੀਨ ਵਿਵਾਦ ਮਾਮਲਾ ਰਾਜਾਸਾਂਸੀ ਵਾਸੀ ਮਨਜੀਤ ਸਿੰਘ ਅਤੇ ਮਹਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਸੀ ਤੇ ਬੀਤੇ ਕੱਲ੍ਹ ਅਦਾਲਤ ਨੇ ਇਹ ਫੈਸਲਾ ਸੰਤੋਖ ਸਿੰਘ ਵਿਰੁੱਧ ਸੁਣਾ ਦਿੱਤਾ ਹੈ। ਸੰਤੋਖ ਸਿੰਘ ਸਮੇਤ ਚਾਰ ਵਿਅਕਤੀਆਂ ਉੱਪਰ 12 ਕਨਾਲ 11 ਮਰਲੇ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨ ਦੇ ਦੋਸ਼ ਪਾਏ ਗਏ ਹਨ। ਡਾ. ਸੰਤੋਖ ਨੂੰ ਆਈਪੀਸੀ ਦੀ ਧਾਰਾ 465, 467, 468, 471 ਅਤੇ 120ਬੀ ਹੇਠ ਦੋਸ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਦੇ ਭਰਾ ਇੰਦਰਪਾਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਇਹ ਜ਼ਮੀਨ ਉਨ੍ਹਾਂ ਦੇ ਪੁਰਖਿਆਂ ਭਾਈ ਬਿਸ਼ਨ ਸਿੰਘ ਅਤੇ ਭਾਈ ਗੋਪਾਲ ਦਾਸ ਦੀ ਹੈ। ਜਦਕਿ ਇਸ ਮਾਮਲੇ ਦੀ ਅਦਾਲਤੀ ਸੁਣਵਾਈ ਦੌਰਾਨ ਡਾ. ਸੰਤੋਖ ਸਿੰਘ ਅਤੇ ਉਸ ਦੇ ਭਰਾ ਵੱਲੋਂ ਸਬੰਧਤ ਜ਼ਮੀਨ ਦੀ ਰਜਿਸਟਰੀ ਹੋਣ ਦਾ ਦਾਅਵਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਉਨ੍ਹਾਂ ਇਹ ਜ਼ਮੀਨ ਭਾਈ ਬਿਸ਼ਨ ਸਿੰਘ ਅਤੇ ਗੋਪਾਲ ਦਾਸ ਤੋਂ 1967 ਵਿੱਚ ਖਰੀਦੀ ਸੀ। ਜਦੋਂਕਿ ਦੂਜੀ ਧਿਰ ਵੱਲੋਂ ਇਸ ਦਾਅਵੇ ਨੂੰ ਗਲਤ ਕਰਾਰ ਦਿੰਦਿਆਂ ਆਖਿਆ ਕਿ ਭਾਈ ਬਿਸ਼ਨ ਸਿੰਘ 1950 ਵਿੱਚ ਅਤੇ ਭਾਈ ਗੋਪਾਲ ਦਾਸ 1940 ਵਿਚ ਹੀ ਅਕਾਲ ਚਲਾਣਾ ਕਰ ਗਏ ਸਨ। ਅਜਿਹੀ ਸਥਿਤੀ ਵਿਚ ਉਹ ਡਾ. ਸੰਤੋਖ ਸਿੰਘ ਤੇ ਹੋਰਾਂ ਨੂੰ ਜ਼ਮੀਨ ਕਿਵੇਂ ਵੇਚ ਸਕਦੇ ਹਨ।

ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨਗੀ ਦਾ ਅਹੁਦਾ ਮੁੜ ਖਾਲੀ ਹੋ ਗਿਆ ਹੈ ਅਤੇ ਸੰਸਥਾ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਦੀ ਗ਼ੈਰ ਹਾਜ਼ਰੀ ਵਿੱਚ ਅਹੁਦੇ ਦੀ ਜ਼ਿੰਮੇਵਾਰੀ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਨਿਭਾਈ ਜਾਂਦੀ ਹੈ ਜਿਸ ਤਹਿਤ ਹੁਣ ਸੀਨੀਅਰ ਮੀਤ ਪ੍ਰਧਾਨ ਧਨਰਾਜ ਸਿੰਘ ਸਿੱਖ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਹੋਣਗੇ।

Facebook Comments
Facebook Comment