• 10:56 am
Go Back

ਭੁੱਚੋ ਮੰਡੀ : ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਪੰਜਾਬ ‘ਚ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਵਿਰੋਧੀ ਧਿਰਾਂ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਕੱਢਣ ਲਈ ਹਰਦਮ ਤਿਆਰ ਦਿਖਾਈ ਦਿੰਦੀਆਂ ਹਨ। ਇਸ ਤੋਂ ਹੱਟ ਕੇ ਇਸ ਸਿਆਸੀ ਖੇਡ ਵਿੱਚ ਇੱਕ ਸੱਚਾਈ ਇਹ ਵੀ ਹੈ ਕਿ ਕਰਜ਼ਿਆਂ ਤੋਂ ਦੁਖੀ ਹੋ ਕੇ ਕਿਸਾਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਆਤਮ ਹੱਤਿਆਵਾਂ ਦਾ ਸਿਲਸਿਲਾ ਨਾ ਪਿਛਲੀ ਸਰਕਾਰ ਰੋਕ ਪਾਈ ਸੀ ਤੇ ਨਾ ਇਸ ਸਰਕਾਰ ਦੌਰਾਨ ਰੁਕਿਆ ਹੈ। ਅਜਿਹੇ ਵਿੱਚ ਜੇਕਰ ਕਿਸਾਨਾਂ ਨੂੰ ਥੋੜ੍ਹਾ ਬਹੁਤ ਦਿਲਾਸਾ ਮਿਲਦਾ ਹੈ ਤਾਂ ਉਹ ਹਨ ਉਨ੍ਹਾਂ ਦੀਆਂ ਆਪਣੀਆਂ ਕਿਸਾਨ ਯੂਨੀਅਨਾਂ। ਜਿਹੜੀਆਂ ਇਨ੍ਹਾਂ ਪੀੜ੍ਹਤ ਕਿਸਾਨਾਂ ਨੂੰ ਖੁਦਕੁਸ਼ੀਆਂ ਦੀ ਰਾਹ ਛੱਡ ਸੰਘਰਸ਼ ਕਰਨ ਲਈ ਜਾਗਰੂਕ ਕਰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਕਿਸਾਨ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਜਿਸ ਦਾ ਆਗੂ ਮਨਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਮੋੜ-ਮੋੜ ਕੇ ਲਿਆਂਦਾ ਰਿਹਾ ਹੈ। ਪਰ ਦੱਸ ਦਈਏ ਕਿ ਇਹ ਕਿਸਾਨ ਆਪ ਖੁਦ ਵੀ ਕਰਜ਼ਾਈ ਸੀ ਤੇ ਲੋਕਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਰੋਕਦਾ ਰੋਕਦਾ ਮਨਜੀਤ ਸਿੰਘ ਨਾਮ ਦਾ ਇਹ ਕਿਸਾਨ ਆਗੂ ਬੀਤੀ ਕੱਲ੍ਹ ਕਰਜ਼ੇ ਤੋਂ ਦੁਖੀ ਹੋ ਕੇ ਆਪ ਖੁਦ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਗਿਆ। ਯੂਨੀਅਨ ਆਗੂਆਂ ਦਾ ਦੋਸ਼ ਹੈ ਕਿ ਕਰਜ਼ਾ ਲੈਣ ਵਾਲੇ ਨੇ ਮਨਜ਼ੀਤ ਸਿੰਘ ਨੂੰ ਬੇ-ਇੱਜ਼ਤ ਕੀਤਾ ਸੀ ਜਿਸ ਕਾਰਨ ਮਨਜੀਤ ਸਿੰਘ ਨੇ ਆਪਣੀ ਜਾਨ ਖੁਦ ਲੈ ਲਈ।

ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਭੁੱਚੋ ਖੁਰਦ ਦਾ ਰਹਿਣ ਵਾਲਾ ਸੀ ਤੇ ਯੂਨੀਅਨ ਵੱਲੋਂ ਬਲਾਕ ਭੁੱਚੋ ਮੰਡੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਸ਼ਿੰਗਾਰਾ ਸਿੰਘ ਅਨੁਸਾਰ ਮਨਜੀਤ ਸਿੰਘ ਕਿਸਾਨਾਂ ਦੇ ਹੱਕ ਵਿੱਚ ਲੱਗਣ ਵਾਲੇ ਹਰ ਮੋਰਚੇ ਵਿੱਚ ਮੋਢੀ ਭੂਮਿਕਾ ਨਿਭਾਉਂਦਾ ਰਿਹਾ ਹੈ, ਜਿਸ ਦੌਰਾਨ ਉਹ ਕਿਸਾਨਾਂ ਨੂੰ ਹਮੇਸ਼ਾ ਖੁਦਕੁਸ਼ੀਆਂ ਦੀ ਥਾਂ ਸੰਘਰਸ਼ ਦਾ ਰਾਹ ਅਪਣਾਉਣ ਦੀ ਅਪੀਲ ਕਰਦਾ ਸੀ। ਕਿਸਾਨ ਆਗੂ ਅਨੁਸਾਰ ਮਨਜੀਤ ਸਿੰਘ ਦੇ ਆਪਣੇ ਸਿਰ ‘ਤੇ ਵੀ 7 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਦੀ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਕ ਦਿਨ ਪਹਿਲਾਂ ਹੀ ਕਿਸੇ ਆੜ੍ਹਤੀਏ ਨਾਲ ਕਾਫੀ ਗਰਮਾ- ਗਰਮ ਬਹਿਸ ਹੋਈ ਸੀ। ਸ਼ਿੰਗਾਰਾ ਸਿੰਘ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਮਨਜੀਤ ਸਿੰਘ ਨੇ ਇਹ ਗੱਲ ਆਪਣੇ ਦਿਲ ‘ਤੇ ਇੰਨੀ ਲਾਈ ਕਿ ਉਸ ਨੇ ਘਰ ‘ਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਕਿਸਾਨ ਆਗੂ ਅਨੁਸਾਰ ਉਸ ਤੋਂ ਬਾਅਦ ਮਨਜੀਤ ਸਿੰਘ ਦੀ ਹਾਲਤ ਤੁਰੰਤ ਖਰਾਬ ਹੋ ਗਈ ਜਿਸ ਨੂੰ ਇਲਾਜ਼ ਲਈ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਸ਼ਨੀਵਾਰ ਨੂੰ ਮੌਤ ਹੋ ਗਈ।

ਇੱਧਰ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦੀ ਹਾਜ਼ਰੀ ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਰਮੇਸ਼ ਕੁਮਾਰ ਨਾਮ ਦੇ ਜਿਸ ਆੜ੍ਹਤੀਏ ‘ਤੇ ਯੂਨੀਅਨ ਆਗੂਆਂ ਨੇ ਕਿਸਾਨ ਆਗੂ ਮਨਜੀਤ ਸਿੰਘ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਦਾ ਦੋਸ਼ ਲਾਇਆ ਸੀ, ਉਸ ਆੜ੍ਹਤੀਏ ਦੀ ਬਿਲਡਿੰਗ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਛਾਣਬੀਣ ਵੀ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਕੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

 

Facebook Comments
Facebook Comment