• 8:55 am
Go Back

ਸੰਗਰੂਰ: ਸ੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ‘ਚ 6 ਹਜ਼ਾਰ ਕਰੋੜ ਦੇ ਭੋਲਾ ਡਰੱਗ ਮਾਮਲੇ ਸਮੇਤ 12 ਤੋਂ ਜ਼ਿਆਦਾ ਕੇਸਾਂ ‘ਚ ਸ਼ਾਮਲ ਗੈਂਗਸਟਰ ਤੇ ਬਾਕਸਰ ਰਵੀ ਚਰਨ ਸਿੰਘ ਉਰਫ ਦਿਓਲ ਨੂੰ ਇੱਥੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਇਰਾਦਾ ਕਤਲ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਰਵੀ ਦਿਓਲ ਤੇ ਉਸ ਦੇ ਸਾਥੀਆਂ ਖ਼ਿਲਾਫ਼ ਇਹ ਕੇਸ ਅਪਰੈਲ 2007 ਵਿੱਚ ਦਰਜ ਹੋਇਆ ਸੀ। ਰਵੀ ਦਿਓਲ ਦੇ ਸਾਥੀ ਪਹਿਲਾਂ ਹੀ ਕੇਸ ’ਚੋਂ ਬਰੀ ਹੋ ਚੁੱਕੇ ਹਨ। ਰਵੀ ਖ਼ਿਲਾਫ਼ ਫਤਹਿਗੜ੍ਹ ਸਾਹਿਬ, ਪਟਿਆਲਾ ਤੇ ਸੰਗਰੂਰ ਵਿੱਚ ਕੁੱਲ 12 ਕੇਸ ਦਰਜ ਸਨ, ਜਿਨ੍ਹਾਂ ਵਿੱਚੋਂ ਪੰਜ ਕੇਸਾਂ ’ਚੋਂ ਉਹ ਬਰੀ ਹੋ ਚੁੱਕਿਆ ਹੈ, ਜਦੋਂਕਿ ਬਾਕੀ ਸੁਣਵਾਈ ਚਲ ਰਹੀ ਹੈ।
ਰਵੀ ਦਿਓਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼ 28 ਅਪਰੈਲ 2007 ਨੂੰ ਥਾਣਾ ਸਿਟੀ ਪੁਲੀਸ ਸੰਗਰੂਰ ਵੱਲੋਂ ਸ਼ਮੀ ਕੁਮਾਰ ਦੇ ਬਿਆਨਾਂ ਤੇ ਇਰਾਦਾ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਸ਼ਮੀ ਕੁਮਾਰ ਨੇ ਦੱਸਿਆ ਕਿ ਉਹ ਰਾਤ ਦਸ ਵਜੇ ਆਪਣੇ ਦੋਸਤ ਰੋਹਿਤ ਕੁਮਾਰ ਨਾਲ ਉਸ ਦੇ ਘਰ ਜਾ ਰਿਹਾ ਸੀ ਕਿ ਪਟਿਆਲਾ ਗੇਟ ’ਤੇ ਉਸ ਦੇ ਦੋ ਹੋਰ ਦੋਸਤ ਮਿਲ ਗਏ। ਉਹ ਚਾਰੇ ਖੜ੍ਹੇ ਗੱਲ੍ਹਾਂ ਕਰ ਰਹੇ ਸਨ ਕਿ ਪਟਿਆਲਾ ਗੇਟ ਵੱਲੋਂ ਦੋ ਗੱਡੀਆਂ ਆ ਕੇ ਉਨ੍ਹਾਂ ਕੋਲ ਰੁਕੀਆਂ, ਜਿਨ੍ਹਾਂ ਉਤਰਦਿਆਂ ਰਵੀ ਦਿਓਲ ਨੇ ਆਪਣੇ ਸਾਥੀਆਂ ਨੂੰ ਕਥਿਤ ਤੌਰ ’ਤੇ ਕਿਹਾ ਕਿ ਇਨ੍ਹਾਂ ਨੂੰ ਮਾਰ ਦਿਓ। ਰਵੀ ਨੇ ਰਿਵਾਲਵਰ ਨਾਲ ਉਸ ਵੱਲ ਫਾਇਰ ਕਰ ਦਿੱਤਾ, ਜੋੋ ਉਸ ਦੇ ਉਪਰੋਂ ਦੀ ਲੰਘ ਗਿਆ। ਰਵੀ ਦੇ ਸਾਥੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ। ਰੌਲਾ ਪੈਣ ’ਤੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਗੱਡੀਆਂ ’ਚ ਫ਼ਰਾਰ ਹੋ ਗਏ।

30 ਜਨਵਰੀ ਨੂੰ ਅਦਾਲਤ ‘ਚ ਕੀਤਾ ਸੀ ਆਤਮ ਸਮਰਪਣ
ਜ਼ਿਕਰਯੋਗ ਹੈ ਕਿ ਰਵੀ ਦਿਓਲ ਨੇ 30 ਜਨਵਰੀ 2018 ਨੂੰ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ, ਜੋ ਸੰਗਰੂਰ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਰਵੀ ਦਿਓਲ ਨੂੰ ਇਰਾਦਾ ਕਤਲ ਕੇਸ ’ਚੋਂ ਬਰੀ ਕਰ ਦਿੱਤਾ ਹੈ, ਜਦੋਂਕਿ ਉਸ ਦੇ ਸਾਥੀ ਪਹਿਲਾਂ ਹੀ ਬਰੀ ਹੋ ਚੁੱਕੇ ਹਨ।

Facebook Comments
Facebook Comment