• 2:37 pm
Go Back

ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਾਂਗਰਸ ਆਗੂ ਜਗਦੀਸ਼ ਟਾਇਟਲਰ ਸਿੱਖਸ ਫਾਰ ਜਸਟਿਸ ਦੇ ਵਕੀਲ ਗੁਰਪਤਵੰਤ ਪੰਨੂ ਅਤੇ ਪਾਕਿਸਤਾਨ ਦੀ ਬਦਨਾਮ ਸੂਹੀਆ ਏਜੰਸੀ ਇੰਟਰ ਸਰਵਿਿਸਜ਼ ਇਟੈਲੀਜੈਂਸ (ਆਈਐਸਆਈ) ਵਿਚਲੇ ਆਪਸੀ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੋ ਤਾਕਤਾਂ ਮਿਲ ਕੇ ਮੈਨੂੰ ਨੁਕਸਾਨ ਪਹੁੰਚਾਉਣ ਦੀ ਸਾਜਸ਼ਾਂ ਘੜ ਰਹੀਆਂ ਹਨ। ਜੀਕੇ ਅਨੁਸਾਰ ਜੇਕਰ ਅੱਜ ਸਿੱਖਸ ਫਾਰ ਜਸਟਿਸ ਦੇ ਸਮਰਥਕ ਕਾਨੂੰਨੀ ਸ਼ਿਕੰਜੇ ਵਿੱਚ ਆਏ ਹਨ ਤੇ ਉਨ੍ਹਾਂ ਨੂੰ ਵੀਹ ਹਜ਼ਾਰ ਡਾਲਰ ਦੀ ਜਮਾਨਤ ਦੇਣੀ ਪਈ ਹੈ ਤਾਂ ਇਹ ਸਿਰਫ਼ ਉਨ੍ਹਾਂ ਕਾਰਨ ਸੰਭਵ ਹੋਇਆ ਹੈ।

ਮਨਜੀਤ ਸਿੰਘ ਜੀਕੇ ਅਨੁਸਾਰ ਅਮਰੀਕਾ ਦੇ ਯੂਬਾ ਸਿਟੀ ਵਿਖੇ ਉਨ੍ਹਾਂ ਤੇ ਹਮਲਾ ਕਰਨ ਵਾਲੇ ਸਿੱਖਸ ਫਾਰ ਜਸਟਿਸ ਦੇ ਕਾਰਕੁੰਨ ਕਾਂਗਰਸ ਅਤੇ ਪਾਕਿਸਤਾਨ ਦੀ ਸੂਹੀਆ ਏਜੰਸੀ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 1984 ਸਿੱਖ ਨਸਲਕੁਸ਼ੀ ਦੇ ਮੁਲਜ਼ਮ ਜਗਦੀਸ਼ ਟਾਇਟਲਰ ਖਿਲਾਫ਼ ਗਵਾਹੀ ਦੇਣ ਦਾ ਦਾਅਵਾ ਕਰਨ ਵਾਲੇ ਗਗਨਦੀਪ ਸਿੰਘ ਅਤੇ ਉਸਦਾ ਪਿਤਾ ਜਸਬੀਰ ਸਿੰਘ ਦੋਵੇਂ ਸਿੱਖਸ ਫਾਰ ਜਸਟਿਸ ਦੇ ਵਰਕਰ ਹਨ ਅਤੇ ਜਸਬੀਰ ਸਿੰਘ ਭਾਰਤ ਵਿੱਚੋਂ ਭਗੌੜਾ ਹੈ। ਜੀਕੇ ਅਨੁਸਾਰ ਜਸਬੀਰ ਸਿੰਘ ਉੱਤੇ ਦਿੱਲੀ ਨਸਲਕੁਸ਼ੀ ਮਾਮਲੇ ਦੀ ਗਵਾਹ ਬੀਬੀ ਦਰਸ਼ਨ ਕੌਰ ਦੀ ਗਵਾਹੀ ਮੁਕਰਾਉਣ ਦੇ ਵੀ ਦੋਸ਼ ਹਨ। ਜੀਕੇ ਅਨੁਸਾਰ ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਨੇ ਜਗਦੀਸ਼ ਟਾਇਟਲਰ ਦੇ ਖਿਲਾਫ਼ ਕਈ ਖੁਲਾਸੇ ਕੀਤੇ ਸਨ ਤਾਂ ਉਨ੍ਹਾਂ (ਜੀਕੇ) ਨੂੰ ਚੁੱਪ ਕਰਾਉਣ ਲਈ ਕਾਨੂੰਨੀ ਨੋਟਿਸ ਭੇਜੇ ਗਏ ਸਨ ਤੇ ਹੁਣ ਇਹ ਕੰਮ ਗੁਰਪਤਵੰਤ ਪੰਨੂ ਨੇ ਮੇਰੇ ਉੱਤੇ ਮਾਰਕੁਟ ਅਤੇ ਕਾਨੂੰਨੀ ਚਾਰਾਜ਼ੋਈਆਂ ਕਰਕੇ ਕੀਤਾ ਹੈ।

ਮਨਜੀਤ ਸਿੰਘ ਜੀਕੇ ਅਨੁਸਾਰ ਸਿੱਖਸ ਫਾਰ ਜਸਟਿਸ ਉਹ ਸੰਸਥਾ ਹੈ ਜੋ ਕਿ ਆਈਐਸਆਈ ਤੋਂ ਪੈਸੇ ਲੈਂਦੀ ਹੈ ਤੇ ਉਨ੍ਹਾਂ ਲੋਕਾਂ ਨੂੰ ਬਚਾਉਣ ਦੇ ਯਤਨ ਕਰ ਰਹੀ ਹੈ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਇਹ ਸਭ ਕੁਝ ਹੁਣ ਗੁਰਪਤਵੰਤ ਪੰਨੂ, ਆਈਐਸਆਈ ਅਤੇ ਜਗਦੀਸ਼ ਟਾਇਟਲਰ ਵਿਚਲੇ ਆਪਸੀ ਸੰਬੰਧਾਂ ਦੀ ਜਾਂਚ ਕੀਤੇ ਜਾਣ ਦੀ ਮੰਗ ਪੈਦਾ ਕਰਦਾ ਹੈ। ਜਿਸਦੀ ਜਾਂਚ ਜਰੂਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਸਬੀਰ ਸਿੰਘ ਨੇ ਗਲਤ ਢੰਗ ਨਾਲ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਹੈ ਜਿੱਥੇ ਉਸਨੇ ਝੂਠਾ ਹਲਫ਼ਨਾਮਾ ਦਾਇਰ ਕਰਕੇ ਇਹ ਕਿਹਾ ਹੈ ਕਿ ਉਸ ਖਿਲਾਫ਼ ਭਾਰਤ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਜਦਕਿ ਉਹ ਇੱਥੋਂ ਦਰਸ਼ਨ ਕੌਰ ਦੇ ਮਾਮਲੇ ਵਿੱਚ ਜੇਲ੍ਹ ਕੱਟਣ ਤੋਂ ਬਾਅਦ ਭਗੌੜਾ ਹੈ।

Facebook Comments
Facebook Comment