• 1:32 pm
Go Back

-ਮਾਨ ਦੀ ਦਹਾੜ: ਖਹਿਰਾ ਤੇ ਸੰਧੂ ਭਟਕੇ ਵਿਧਾਇਕਾਂ ਦੀ ਬਲੀ ਦੇਣ ਲਈ ਉਨ੍ਹਾਂ ਨੂੰ ਲਈ ਫਿਰਦੇ ਨੇ ਮੰਡੀ ‘ਚ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਸੁਖਪਾਲ ਖਹਿਰਾ ਧੜੇ ਦੇ ਖਿਲਾਫ ਖੁੱਲ੍ਹ ਕੇ ਮੈਦਾਨ ‘ਚ ਆ ਗਏ ਹਨ ਉਨ੍ਹਾਂ ਖਹਿਰਾ ਨੂੰ ਸ਼ਰੇਆਮ ਵੰਗਾਰਦਿਆਂ ਕਿਹਾ ਕਿ ਖੁਦਮੁਖਤਿਆਰੀਆਂ ਮੰਗਣ ਵਾਲੇ ਸੁਖਪਾਲ ਖਹਿਰਾ ਨੂੰ ਜੇ ਇਨ੍ਹਾਂ ਚੀਜਾਂ ਦਾ ਜ਼ਿਆਦਾ ਹੀ ਸ਼ੌਂਕ ਹੈ ਤਾਂ ਉਹ ਪਹਿਲਾਂ ਵਿਧਾਇਕੀ ਤੋਂ ਅਸਤੀਫ਼ਾ ਦੇਣ, ਇੱਕ ਨਵੀਂ ਪਾਰਟੀ ਬਣਾਉਣ, ਜਿੱਤ ਕੇ ਆਉਣ ਤੇ ਫੇਰ ਜਿੰਨੀਆਂ ਮਰਜੀ ਖੁਦਮੁਖਤਿਆਰੀਆਂ ਦਾ ਮਜ਼ਾ ਲੈਣ ਪਰ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਛੱਡ ਦੇਣ। ਭਗਵੰਤ ਮਾਨ ਨੇ ਸੁਖਪਾਲ ਖਹਿਰਾ ‘ਤੇ ਅੱਜ ਇਹ ਸਿਆਸੀ ਹਮਲੇ ਇੱਕ ਪੱਤਰਕਾਰ ਸਮੇਲਨ ਦੌਰਾਨ ਕੀਤੇ ਜਿਸ ‘ਚ ਉਨ੍ਹਾਂ ਨੇ ਖਹਿਰਾ ਨੂੰ ਇਥੋਂ ਤੱਕ ਵੰਗਾਰ ਦਿੱਤਾ ਕਿ ਜਿਹੜੇ ਖਹਿਰਾ ਲੋਕਾਂ ਨੂੰ ਸਟੇਜਾਂ ਤੋਂ ਇਹ ਕਹਿੰਦੇ ਫਿਰਦੇ ਨੇ ਕਿ ਉਨ੍ਹਾਂ ਦਾ ਸਾਥ ਨਾ ਦੇਣ ਵਾਲੇ ਵਿਧਾਇਕਾਂ ਨੂੰ ਪਿੰਡਾਂ ‘ਚ ਵੜਨ ਨਾ ਦਿਓ ਉਸ ਖਹਿਰਾ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ, ਕੀ ਅਸੀਂ ਉਨ੍ਹਾਂ ਨੂੰ ਭੁਲੱਥ (ਸੁਖਪਾਲ ਖਹਿਰਾ ਦਾ ਹਲਕਾ) ਹਲਕੇ ਦੇ ਪਿੰਡਾਂ ‘ਚ ਜਾ ਕੇ ਵਿਖਾਈਏ ?

ਉਨ੍ਹਾਂ ਖਹਿਰਾ ਦਾ ਸਾਥ ਦੇ ਰਹੇ ਵਿਧਾਇਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹਾਲੇ ਵੀ ਵਕਤ ਹੈ ਬਚ ਜਾਓ ਸੁਖਪਾਲ ਖਹਿਰਾ ਤੇ ਸੰਧੂ ਤੁਹਾਡੇ ਸਿਰਾਂ ਦਾ ਮੁੱਲ ਪਾਉਣਗੇ, ਕਿਉਂਕਿ ਇਹ ਦੋਵੇਂ ਤੁਹਾਨੂੰ ਮੰਡੀ ‘ਚ ਲਈ ਫਿਰਦੇ ਨੇ ਇਹ ਤੁਹਾਡੀ ਬਲੀ ਦੇਣਗੇ।
ਇਸ ਪੱਤਰਕਾਰ ਸਮੇਲਨ ‘ਚ ਪੂਰੀ ਤਿਆਰੀ ਨਾਲ ਲਾਲ ਪੀਲਾ ਹੋ ਕੇ ਆਏ ਭਗਵੰਤ ਮਾਨ ਨੇ ਖਹਿਰਾ ‘ਤੇ ਇੰਝ ਸਿਆਸੀ ਹਮਲੇ ਕੀਤੇ ਜਿਵੇਂ ਕੀ ਉਹ ਆਮ ਆਦਮੀ ਪਾਰਟੀ ਦੇ ਨਾ ਹੋ ਕੇ ਕਿਸੇ ਵਿਰੋਧੀ ਧਿਰ ਦੇ ਆਗੂ ਹੋਣ। ਮਾਨ ਨੇ ਸਵਾਲ ਕੀਤਾ ਕਿ ਖਹਿਰਾ ਪਹਿਲਾਂ ਕਈ ਪਾਰਟੀਆਂ ‘ਚ ਰਹਿ ਕੇ ਆਏ ਹਨ। ਕਾਂਗਰਸ ਪਾਰਟੀ ਵਿਚ ਵੀ ਉਹ ਵਿਧਾਇਕ ਰਹੇ ਹਨ ਉੱਥੇ ਉਨ੍ਹਾਂ ਨੇ ਰਾਹੁਲ ਜਾਂ ਸੋਨੀਆ ਗਾਂਧੀ ਤੋਂ ਖੁਦਮੁਖਤਿਆਰੀ ਦੀ ਮੰਗ ਕਿਉਂ ਨਹੀਂ ਕੀਤੀ ? ਉਨ੍ਹਾਂ ਕਿਹਾ ਕਿ ਖਹਿਰਾ ਇੱਕ ਮੌਕਾਪ੍ਰਸਤ ਇਨਸਾਨ ਹਨ ਤੇ ਪਾਰਟੀ ਤੋੜਨ ਲਈ ਯਤਨਸ਼ੀਲ ਹਨ। ਮਾਨ ਨੇ ਆਪਣੇ ਦਿਲ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਜਦੋਂ ਉਹ ਦਿੱਲੀ ਦੇ ਰਾਮਮਨੋਹਰ ਲੋਹੀਆ ਦੇ ਹਸਪਤਾਲ ‘ਚ ਦਾਖਲ ਸਨ ਤਾਂ ਖਹਿਰਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਫੇਕ ਫੇਸਬੁੱਕ ਆਈਡੀਆਂ ਬਣਾ ਕੇ ਉਨ੍ਹਾਂ ਦਾ (ਮਾਨ) ਦੱਬ ਕੇ ਮਜ਼ਾਕ ਉਡਾਇਆ ਕਿ ਮਾਨ ਜਾਣਬੁਝ ਕੇ ਹਸਪਤਾਲ ਦਾਖਲ ਹੋ ਗਏ ਹਨ। ਮਾਨ ਨੇ ਸਵਾਲ ਕੀਤਾ ਕਿ, ਕੀ ਰਾਮਮਨੋਹਰ ਲੋਹੀਆ ਦੇ ਹਸਪਤਾਲ ਕਿਸੇ ਪਿੰਡ ਦਾ ਕਲੀਨਿਕ ਹੈ? ਜਿਥੇ ਕੋਈ ਵੀ 500 ਰੁਪਏ ਦੇ ਕੇ ਦਾਖਲ ਹੋ ਜਾਵੇਗਾ। ਭਗਵੰਤ ਮਾਨ ਅਨੁਸਾਰ ਸੁਖਪਾਲ ਖਹਿਰਾ ਨਰਿੰਦਰ ਮੋਦੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿਉਂਕਿ ਉਹ ਵੀ ਮੋਦੀ ਵਾਂਗ ਜੋ ਉਨ੍ਹਾਂ (ਖਹਿਰਾ) ਵਿਰੁੱਧ ਬੋਲਦਾ ਹੈ ਉਨ੍ਹਾਂ ਨੂੰ ਪੰਜਾਬ ਦਾ ਵਿਰੋਧੀ ਕਰਾਰ ਦੇ ਦਿੰਦੇ ਹਨ। ਮਾਨ ਨੇ ਕਿਹਾ ਕੀ ਭਗਵੰਤ ਮਾਨ ਕਿਸੇ ਤੋਂ ਡਰਦਾ ਨਹੀਂ ਤੇ ਨਾ ਹੀ ਆਪਣੀ ਪੰਜਾਬੀਅਤ ਬਾਰੇ ਉਸਨੂੰ ਕੋਈ ਪਛਾਣ ਦੇਣ ਦੀ ਲੋੜ ਹੈ। ਸੰਗਰੂਰ ਦੇ ਮੈਂਬਰ ਪਾਰਲੀਮੈਂਟ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਖਹਿਰਾ ਤੇ ਉਸਦੇ ਚਲਾਕ ਟੋਲੇ ਤੋਂ ਬਚਣ ਦੀ ਲੋੜ ਹੈ।

ਬਰਨਾਲਾ ਦੇ ਵਿਧਾਇਕ ਮੀਤ ਹੇਅਰ ਦਾ ਦੋਸ਼: ਸੰਧੂ ਨੇ ਕਿਹਾ ਸੀ ਮੈਨੂੰ ਬਣਾਓ ਵਿਰੋਧੀ ਧਿਰ ਦਾ ਲੀਡਰ, ਖਹਿਰਾ ਨੂੰ ਮੈਂ ਆਪੇ ਸਾਂਭ ਲੂੰ

ਇਸ ਪੱਤਰਕਾਰ ਸਮੇਲਨ ਦੌਰਾਨ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਵੀ ਸੁਖਪਾਲ ਖਹਿਰਾ ਵਿਰੁੱਧ ਪੂਰੀ ਭੜਾਸ ਕੱਢੀ ਤੇ ਕਿਹਾ ਕਿ ਖਹਿਰਾ ਪਾਰਟੀ ਨਾਲ ਬਗਾਵਤ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵਿਧਾਨ ਸਭਾ ਚੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਗਿਆ ਹੈ। ਹੇਅਰ ਨੇ ਕਿਹਾ ਕਿ ਜੇਕਰ ਐੱਲ ਓ ਪੀ ਲਾਉਣ ਲਈ ਵਿਧਾਇਕਾਂ ਦੇ ਝੂਠੇ ਦਸਤਖਤ ਕੀਤੇ ਗਏ ਹਨ ਤਾਂ ਖਹਿਰਾ ਉਨ੍ਹਾਂ ‘ਤੇ ਪਰਚਾ ਦਰਜ ਕਰਾਉਣ ਮੀਤ ਹੇਅਰ ਨੇ ਕੰਵਰ ਸੰਧੂ ਨੂੰ ਵੀ ਲਪੇਟੇ’ਚ ਲੈਂਦੇ ਆਖਿਆ ਕਿ ਜਿਹੜੇ ਸੰਧੂ ਅੱਜ ਸਟੇਜਾਂ ਤੇ ਖਹਿਰਾ ਨਾਲ ਖੜੇ ਦਿਖਾਈ ਦੇ ਰਹੇ ਹਨ ਉਸੇ ਸੰਧੂ ਨੇ ਦਿੱਲੀ ‘ਚ ਇੱਕ ਮੀਟਿੰਗ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਆਗੂ ਬਣਾਓ ਉਹ ਖਹਿਰਾ ਨੂੰ ਆਪ ਸਾਂਭ ਲੈਣਗੇ।

Facebook Comments
Facebook Comment