• 10:41 am
Go Back

ਐਨਆਰਆਈ ਪੰਜਾਬੀ ਨੂੰ ਜੇ ਹੁਣ ਵੀ ਅਕਲ ਨਾ ਆਈ ਤਾਂ…?

ਚੰਡੀਗੜ੍ਹ : ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ‘ਆਪ’ ਦੇ ਦਿੱਲੀ ਧੜੇ ਵਲੋਂ ਪਾਰਟੀ ’ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਖਹਿਰਾ ਦਾ ਸਮਰਥਨ ਕੀਤੇ ਜਾਣ ਤੇ ਸੁਖਪਾਲ ਖਹਿਰਾ ਨੇ ਐਨਆਰਆਈਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਪੰਜਾਬੀਆਂ ਵਲੋਂ ਭੇਜੀ ਗਈ ਇਹ ਚਿੱਠੀ ਨੇ ਅਰਵਿੰਦ ਕੇਜਰੀਵਾਲ ਨੂੰ ਅਜਿਹਾ ਸ਼ੀਸ਼ਾ ਦਿਖਾਇਆ ਹੈ ਜਿਸ ਨਾਲ ਉਨ੍ਹਾਂ ਵਲੋਂ ਲਏ ਗਏ ਫੈਸਲੇ ਤੇ ਕੇਜਰੀਵਾਲ ਦੇ ਥੱਪੜ ਵੱਜਣ ਦੇ ਬਰਾਬਰ ਹੈ। ਉਨ੍ਹਾਂ ਐਨਆਰਆਈਆਂ ਨੂੰ ਭਰੋਸਾ ਦਿਵਾਇਆ ਕਿ ਜੋ ਯਕੀਨ ਵਿਦੇਸ਼ੀ ਪੰਜਾਬੀਆਂ ਨੇ ਉਨ੍ਹਾਂ ਤੇ ਕੀਤਾ ਹੈ ਉਹ ਉਸਨੂੰ ਹਮੇਸ਼ਾਂ ਕਾਇਮ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਜਿਹੜਾ ਵੀ ਫ੍ਰੰਟ ਤਿਆਰ ਕੀਤਾ ਜਾਵੇਗਾ ਉਸ ਵਿਚ ਹਮੇਸ਼ਾਂ ਹੀ ਸੂਬਾ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਵੇਗੀ ਜਿਸ ਵਿਚ ਐਨਆਰਆਈ ਭੈਣਾਂ ਭਰਾਵਾਂ ਦਾ ਪੂਰਾ ਰੋਲ ਹੋਵੇਗਾ ਤੇ ਉਨ੍ਹਾਂ ਨੂੰ ਇਸ ਫ੍ਰੰਟ ਵਿਚ ਥਾਂ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਬੈਠੇ ਐਨਆਰਆਈਆਂ ਵਲੋਂ ਜਿਹੜਾ ਫੰਡ ਚੋਣਾਂ ਲਈ ਕੇਜਰੀਵਾਲ ਦੀ ਪਾਰਟੀ ਨੂੰ ਦਿੱਤਾ ਗਿਆ ਸੀ ਉਸ ਵਿਚ ਘਪਲਾ ਹੋਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੱਚਾਈ ਜਲਦ ਹੀ ਸਾਮਹਣੇ ਲਿਆਂਦੀ ਜਾਵੇਗੀ।

ਇੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਵਿੱਚੋਂ ਬਰਖਾਸਤ ਕੀਤੇ ਆਗੂ ਅਤੇ ਪ੍ਰਸਿੱਧ ਗਾਇਕ ਜੱਸੀ ਜਸਰਾਜ ਦਾ ਇਹ ਮੰਨਣਾ ਹੈ ਕਿ ਐਨਆਰਆਈਆਂ ਦੇ ਖੂਨ ਵਿਚੋਂ ਪੰਜਾਬ ਕਦੇ ਵੀ ਨਹੀਂ ਜਾਵੇਗਾ ਕਿਉਂਕਿ ਉਹ ਅਕ੍ਰਿਤਘਣ ਨਹੀਂ ਹਨ। ਉਨ੍ਹਾਂ ਕਿਹਾ ਕਿ ਠੀਕ ਐ ਕਿ ਕਿਸੇ ਨੇ ਸਾਡੀ ਪਿੱਠ ਵਿੱਚ ਛੁਰਾ ਮਾਰਿਆ, ਸਾਡੇ ਨਾਲ ਧੋਖਾ ਹੋਇਆ, ਪਰ ਫਿਰ ਵੀ ਇਸ ਵਿੱਚ ਐਨਆਰਆਈਆਂ ਦਾ ਵੀ ਕੁਝ ਕਸੂਰ ਹੈ। ਜੱਸੀ ਜਸਰਾਜ ਅਨੁਸਾਰ ਐਨਆਰਆਈਆਂ ਨੂੰ ਸਾਰੇ ਕਹਿਣਗੇ ਕਿ ਜਿਨ੍ਹਾਂ ਨੇ ਉਨ੍ਹਾਂ ਤੋਂ ਪੈਸੇ ਲੈਣੇ ਨੇ, ਜਿਨ੍ਹਾਂ ਉਨ੍ਹਾਂ ਤੋਂ ਲਾਹਾ ਖੱਟਣਾ ਹੈ ਤਾਂ ਸਿਰਫ਼ ਉਹੀ ਸਿਆਸੀ ਬੰਦੇ ਹੀ ਇਹ ਕਹਿਣਗੇ ਕਿ ਐਨਆਰਆਈ ਸਾਡੀ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਹਨ, ਅਸੀਂ ਐਨਆਰਆਈਆਂ ਦਾ ਮਾਣ ਸਤਿਕਾਰ ਕਰਦੇ ਹਾਂ ਅਤੇ ਬਾਅਦ ਵਿੱਚ ਐਨਆਰਆਈਆਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਜਦਕਿ ਐਨਆਰਆਈਆਂ ਵਲੋਂ ਸਿਰਫ਼ ਪੰਜਾਬ ਦੇ ਵਿਕਾਸ ਲਈ ਹੀ ਪੈਸੇ ਇਕੱਠੇ ਕਰਕੇ ਭੇਜੇ ਜਾਂਦੇ ਹਨ। ਜੱਸੀ ਜਸਰਾਜ ਨੇ ਕਿਹਾ ਕਿ ਹੁਣ ਐਨਆਰਆਈਆਂ ਵਲੋਂ ਕੇਜਰੀਵਾਲ ਨੂੰ ਉਸਦੇ ਵਿਰੋਧ ਵਿਚ ਇੱਕ ਚਿੱਠੀ ਲਿਖੀ ਗਈ ਹੈ, ਪਰ ਪੰਜਾਬੀਓ ਤੁਹਾਨੂੰ ਪਹਿਲਾਂ ਹੀ ਇਹ ਸਮਝਣਾ ਚਾਹੀਦਾ ਸੀ ਕਿ ਇਹ ਲੋਕ ਸਾਡਾ ਵਿਕਾਸ ਨਹੀਂ ਕਰ ਸਕਦੇ, ਸਗੋਂ ਸਾਡੀ ਪਿੱਠ ਵਿੱਚ ਛੁਰਾ ਮਾਰਨਗੇ, ਹੁਣ ਤੁਹਾਨੂੰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ।

ਤੁਹਾਨੂੰ ਦੱਸ ਦੇਈਏ ਕਿ ਐਨਆਰਆਈਆਂ ਵਲੋਂ ਇੱਕ ਚਿੱਠੀ ਲਿਖ ਕੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਗਿਆ ਹੈ ਕਿ ਕੇਜਰੀਵਾਲ ਵਲੋਂ ਵੀ ਪੰਜਾਬ ਨਾਲ ਉਹੋ ਵਤੀਰਾ ਕੀਤਾ ਗਿਆ ਜੋ ਕਿ ਪਹਿਲਾਂ ਵਾਲੀਆਂ ਰਵਾਇਤੀ ਪਾਰਟੀਆਂ ਹੁਣ ਤੱਕ ਕਰਦੀਆਂ ਆ ਰਹੀਆਂ ਸਨ। ਐਨਆਰਆਈਆਂ ਦਾ ਇਹ ਦੋਸ਼ ਹੈ ਕਿ ਕੇਜਰੀਵਾਲ ਨੇ ਵੀ ਪੰਜਾਬ ਨੂੰ ਦੂਜੀਆਂ ਪਾਰਟੀਆਂ ਵਾਂਗ ਹੀ ਲੁੱਟਿਆ ਹੈ, ਇਸ ਲਈ ਭਵਿੱਖ ਵਿਚ ‘ਆਪ’ ਸੁਪਰੀਮੋ ਦਾ ਨਾਮ ਧੋਖੇਬਾਜ਼ਾਂ ਦੀ ਲਿਸਟ ਵਿੱਚ ਲਿਖਿਆ ਜਾਵੇਗਾ।ਇਨ੍ਹਾਂ ਐਨਆਰਆਈਆਂ ਦਾ ਇਹ ਤਰਕ ਹੈ ਕਿ ਜਿਸ ਵੇਲੇ ਆਮ ਆਦਮੀ ਪਾਰਟੀ ਹੋਂਦ ਵਿਚ ਆਈ ਸੀ ਉਸ ਵੇਲੇ ਇਨ੍ਹਾਂ ਨੂੰ ਇਹ ਯਕੀਨ ਦੁਆਇਆ ਗਿਆ ਸੀ ਕਿ ਆਮ ਆਦਮੀ ਪਾਰਟੀ ਜਨਤਾ ਨੂੰ ਅਜਿਹਾ ਰਾਜ ਦੇਵੇਗੀ ਜੋ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਅੱਜ ਤੱਕ ਨਹੀਂ ਦਿੱਤਾ ਪਰ ਹੋਇਆ ਬਿਲਕੁਲ ਇਸਦੇ ਉਲਟ। ਜਿਸ ਕਾਰਨ ਕੇਜਰੀਵਾਲ ਦੀ ਕਾਰਗੁਜ਼ਾਰੀ ਨੂੰ ਇਨ੍ਹਾਂ ਪੰਜਾਬੀਆਂ ਨੇ ਧੋਖਾ ਕਰਾਰ ਦਿੰਦਿਆਂ ਪੂਰੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਨ੍ਹਾਂ ਐਨਆਰਆਈਆਂ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਨੇ ਕੇਜਰੀਵਾਲ ਦੀ ਪਾਰਟੀ ਨੂੰ ਸਮੇਂ ਸਮੇਂ ਤੇ ਤਨ, ਮਨ, ਧਨ ਨਾਲ ਪੂਰੀ ਮਦਦ ਕੀਤੀ ਹੈ ਤੇ ਸਾਲ 2014 ਵਿਚ ਨਾ ਸਿਰਫ਼ ਪਾਰਟੀ ਨੂੰ ਪੰਜਾਬੀਆਂ ਨੇ ਚਾਰ ਐਮ.ਪੀ. ਜਿਤਾ ਕੇ ਪਾਰਟੀ ਖੜ੍ਹੀ ਕੀਤੀ ਬਲਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਐਨਆਰਆਈ ਆਪਣੇ ਕੰਮ ਧੰਦੇ ਛੱਡ ਕੇ ਜਹਾਜ਼ਾਂ ਦੇ ਜਹਾਜ਼ ਭਰ ਕੇ ਭਾਰਤ ਆਏ ਤੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ‘ਆਪ’ ਲਈ ਵੋਟਾਂ ਮੰਗੀਆਂ ਤਾਂ ਕਿ ਪੰਜਾਬ ਵਿਚ ਉਹੋ ਜਿਹੀ ਸਰਕਾਰ ਆ ਸਕੇ ਜਿਸਦਾ ਕਿ ਕੇਜਰੀਵਾਲ ਨੇ ਪੰਜਾਬੀਆਂ ਨੂੰ ਸੁਪਨਾ ਦਿਖਾਇਆ ਸੀ। ਚਿੱਠੀ ਵਿਚ ਕਿਹਾ ਗਿਆ ਹੈ ਕਿ ਪਾਰਟੀ ਨਾ ਸਿਰਫ਼ ਚਾਰਾਂ ਲੋਕ ਸਭਾ ਮੈਂਬਰਾਂ ਨੂੰ ਇਕੱਠੇ ਰੱਖ ਸਕੀ ਬਲਕਿ ਡਾ. ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਵਰਗੇ ਆਗੂਆਂ ਨੂੰ ਬਿਨਾਂ ਵਜ੍ਹਾ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਗਿਆ।

ਇਹ ਚਿੱਠੀ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟਰੇਲੀਆ, ਯੂਰਪ ਦੇ ਜਰਮਨੀ, ਇਟਲੀ, ਆਸਟਰੀਆ, ਪੁਰਤਗਾਲ, ਫਰਾਂਸ, ਸਪੇਨ, ਇਟਲੀ, ਬੈਲਜੀਅਮ, ਹਾਲੈਂਡ, ਡੈਨਮਾਰਕ, ਆਇਰਲੈਂਡ, ਨਾਰਵੇ, ਯੂਏਵੀ ਅਤੇ ਨਿਊਜ਼ੀਲੈਂਡ ਦੇ ਐਨਆਰਆਈ ਪੰਜਾਬੀਆਂ ਨੇ ਲਿਖੀ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਹੁਣ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਆਪਣੇ ਸਾਰੇ ਰਿਸ਼ਤੇ ਤੋੜਦੇ ਹਨ ਤੇ ਹੁਣ ਉਹ ਆਪਣਾ ਪੂਰਾ ਸਮਰਥਨ ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ ਉਨ੍ਹਾਂ ਬਾਕੀ ਦੇ ਵਿਧਾਇਕਾਂ ਨੂੰ ਦੇਣਗੇ ਜਿਹੜੇ ਖਹਿਰਾ ਧੜੇ ਨੂੰ ਸਮਰਥਨ ਦੇਣਗੇ।

Facebook Comments
Facebook Comment