• 2:05 pm
Go Back

ਕਿਹਾ ਹੁਣ ਆਪ’ ’ਚ ਕੋਈ ਧੜੇਬੰਦੀ ਨਹੀਂ, ਜਿਹੜੇ ਖਹਿਰਾ ਨਾਲ ਹਨ ਉਹ ਵੀ ਜਲਦ ਪਾਰਟੀ ਚ ਆ ਜਾਣਗੇ

ਸੰਗਰੂਰ : ਆਮ ਆਦਮੀ ਪਾਰਟੀ ਦੇ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਇੱਕ ਅਜਿਹਾ ਆਗੂ ਹੈ ਜਿਹੜਾ ਜਿਸ ਪਾਰਟੀ ਵਿੱਚ ਜਾਂਦਾ ਹੈ ਉਸ ਵਿੱਚ ਫੁੱਟ ਪੈਦਾ ਕਰਕੇ ਉਸਨੂੰ ਨਾ ਸਿਰਫ਼ ਤੋੜਨ ਦੀ ਕੋਸ਼ਿਸ਼ ਕਰਦਾ ਹੈ ਬਲਕਿ ਉਸੇ ਪਾਰਟੀ ਦੇ ਵਿਰੋਧ ਵਿੱਚ ਖੜ੍ਹਾ ਹੋ ਜਾਂਦਾ ਹੈ। ਚੀਮਾ ਅਨੁਸਾਰ ਪਾਰਟੀ ਵਿਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਹੁਣ ਕੋਈ ਵੀ ਆਧਾਰ ਨਹੀਂ ਰਹਿ ਗਿਆ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਸਾਰੀ ਇਕਜੁੱਟ ਹੈ। ਹਰਪਾਲ ਚੀਮਾ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਵਿਰੋਧੀ ਧਿਰ ਦੇ ਆਗੂ ਚੀਮਾ ਦਾ ਇਹ ਦਾਅਵਾ ਹੈ ਕਿ ਕਿਉਂਕਿ ਹੁਣ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਵਿਚੋਂ ਮੁਅੱਤਲ ਕੀਤਾ ਜਾ ਚੁੱਕਿਆ ਹੈ ਇਸ ਲਈ ਹੁਣ ਪਾਰਟੀ ਵਿੱਚ ਕੋਈ ਵੀ ਧੜੇਬੰਦੀ ਨਹੀਂ ਰਹਿ ਗਈ ਤੇ ਜਿਹੜੇ ਲੋਕ ਸੁਖਪਾਲ ਖਹਿਰਾ ਨਾਲ ਸਨ ਉਹ ਵੀ ਬਹੁਤ ਜਲਦ ਪਾਰਟੀ ਦੀ ਮੁੱਖ ਧਾਰਾ ਵਿੱਚ ਮੁੜ ਆਉਣਗੇ। ਸੁਖਪਾਲ ਖਹਿਰਾ ਵਲੋਂ ਕਈ ਹੋਰ ਲੋਕਾਂ ਅਤੇ ਧੜਿਆਂ ਨਾਲ ਮਿਲ ਕੇ ਇੱਕ ਵੱਖਰਾ ਫ੍ਰੰਟ ਬਣਾਏ ਜਾਣ ਦੇ ਸਬੰਧ ਵਿਚ ਮਿਹਣਾ ਮਾਰਦਿਆਂ ਚੀਮਾ ਨੇ ਕਿਹਾ ਕਿ ਕੋਈ ਵੀ ਆਗੂ ਜਾਂ ਵਰਕਰ ਖਹਿਰਾ ਨਾਲ ਨਹੀਂ ਜਾਵੇਗਾ ਕਿਉਂਕਿ ਸਾਰਿਆਂ ਨੂੰ ਖਹਿਰਾ ਦੀ ਪਿਛੋਕੜ ਸਿਆਸਤ ਦਾ ਪਤਾ ਹੈ।

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਬਾਦਲਾਂ ਦੇ ਜੇਲ੍ਹ ਤੋਂ ਬਾਹਰ ਰਹਿਣ ਤੇ ਚੀਮਾ ਨੇ ਕਿਹਾ ਕਿ ਦਰਅਸਲ ਕੈਪਟਨ ਬਾਦਲਾਂ ਦੇ ਨਾਲ ਦੋਸਤੀ ਨਿਭਾ ਰਿਹਾ ਹੈ, ਜਿਸ ਤਰ੍ਹਾਂ ਬਾਦਲਾਂ ਨੇ ਕੈਪਟਨ ਦੇ ਖਿਲਾਫ਼ ਮੁਕਦਮਿਆਂ ਨੂੰ ਖਤਮ ਕਰਵਾਇਆ ਸੀ ਉਸੇ ਦਾ ਮੁੱਲ ਕੈਪਟਨ ਅੱਜ ਬਾਦਲਾਂ ਨੂੰ ਬਚਾ ਕੇ ਮੋੜ ਰਹੇ ਹਨ।

ਚੀਮਾ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਦਾ ਦੀਵਾਲੀ ’ਤੇ ਹੋਏ ਵਿਰੋਧ ਵਿੱਚ ਬੋਲਦਿਆਂ ਕਿਹਾ ਕਿ ਕਿਉਂਕਿ ਐਸਜੀਪੀਸੀ ਉੱਪਰ ਬਾਦਲਾਂ ਦਾ ਕਬਜ਼ਾ ਹੈ ਅਤੇ ਜੱਥੇਦਾਰਾਂ ਦੇ ਨਾਮ ਦੀ ਪਰਚੀ ਬਾਦਲਾਂ ਦੀ ਜੇਬ ਵਿੱਚੋਂ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਐਸਜੀਪੀਸੀ ਦੀਆਂ ਚੋਣਾਂ ਹੋਣਗੀਆਂ ਤਾਂ ਐਸਜੀਪੀਸੀ ਨੂੰ ਲੋਕ ਬਾਦਲ ਮੁਕਤ ਕਰ ਦੇਣਗੇ।

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੋ ਸਾਲ ਪਹਿਲਾਂ ਕੀਤੀ ਗਈ ਨੋਟਬੰਦੀ ’ਤੇ ਹਰਪਾਲ ਚੀਮਾ ਨੇ ਬੋਲਦਿਆਂ ਕਿਹਾ ਕਿ ਇਹ ਨੋਟਬੰਦੀ ਦੇਸ਼ ਨਾਲ ਕੀਤਾ ਗਿਆ ਸਭ ਤੋਂ ਵੱਡਾ ਜ਼ੁਰਮ ਸੀ ਅਤੇ ਭਾਜਪਾ ਨੇ ਇਸਦੇ ਰਾਹੀਂ 8 ਲੱਖ ਕਰੋੜ ਰੁਪਏ ਦਾ ਘਪਲਾ ਕੀਤਾ ਸੀ। ਚੀਮਾ ਅਨੁਸਾਰ ਜਿਸ ਤਰ੍ਹਾਂ ਭਾਜਪਾ ਨੇ ਨੋਟਬੰਦੀ ਕੀਤੀ ਸੀ ਉਸੇ ਤਰ੍ਹਾਂ ਹੀ ਹੁਣ ਦੇਸ਼ ਦੇ ਲੋਕ 2019 ਵਿੱਚ ਭਾਜਪਾ ਦੇ ਖਿਲਾਫ਼ ਵੋਟਬੰਦੀ ਕਰਨਗੇ ਅਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਉਨ੍ਹਾਂ ਨੇ ਨੋਟਬੰਦੀ ਨੂੰ ਪੂਰੀ ਤਰ੍ਹਾਂ ਫੇਲ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਨੇ ਸਿਰਫ਼ ਆਪਣੇ ਵੱਡੇ ਵਪਾਰੀ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਹੀ ਨੋਟਬੰਦੀ ਕੀਤੀ ਸੀ ਅਤੇ ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਦੇਸ਼ ਨੂੰ ਬਹੁਤ ਲੁੱਟਿਆ ਹੈ।

Facebook Comments
Facebook Comment